ਕਾਲੀਆ ਕਾਲੋਨੀ ''ਚ ਵਕੀਲ ਦੇ ਘਰੋਂ ਡਾਇਮੰਡ ਅਤੇ ਸੋਨੇ ਦੇ ਗਹਿਣੇ ਚੋਰੀ

Saturday, Jun 27, 2020 - 04:33 PM (IST)

ਜਲੰਧਰ(ਵਰੁਣ) – ਕਾਲੀਆ ਕਾਲੋਨੀ ਵਿਚ ਐਡਵੋਕੇਟ ਦੇ ਘਰੋਂ ਬੀਤੀ ਦੇਰ ਰਾਤ ਚੋਰਾਂ ਨੇ ਲੱਖਾਂ ਰੁਪਏ ਦੇ ਡਾਇਮੰਡ ਅਤੇ ਸੋਨੇ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ। ਵਾਰਦਾਤ ਕਰਨ ਵਾਲੇ ਮੁਲਜ਼ਮ ਸੀ. ਸੀ.ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਜੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ। ਐਡਵੋਕੇਟ ਨੇ ਇਲਾਕੇ ਦੇ ਚੌਕੀਦਾਰ ’ਤੇ ਇਸ ਚੋਰੀ ਨੂੰ ਲੈ ਕੇ ਸਵਾਲੀਆ ਨਿਸ਼ਾਨ ਵੀ ਉਠਾਏ ਹਨ।

ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸੁਖਜਿੰਦਰ ਸਿੰਘ ਸਾਹੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਕੋਲ ਗਏ ਹੋਏ ਸਨ। ਸਵੇਰੇ ਕਰੀਬ 8 ਵਜੇ ਜਦੋਂ ਵਾਪਸ ਆਏ ਤਾਂ ਵੇੇਖਿਆ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਪਿਆ ਸੀ ਅਤੇ ਘਰ ਦੇ ਹੋਰ ਕਮਰਿਆਂ ਦੇ ਦਰਵਾਜ਼ਿਆਂ ਦੇ ਲਾਕ ਵੀ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰ ਘਰ ਵਿਚੋਂ 8 ਤੋਂ 10 ਲੱਖ ਰੁਪਏ ਦੇ ਡਾਇਮੰਡ ਅਤੇ ਸੋਨੇ ਦੇ ਗਹਿਣੇ, ਆਈਫੋਨ,ਐਪਲ ਦੀ ਘੜੀ, ਪਲੇਅ ਸਟੇਸ਼ਨ, ਲੈਪਟਾਪ ਅਤੇ ਅਲਮਾਰੀ ਵਿਚ ਰੱਖੇ ਢਾਈ ਲੱਖ ਰੁਪਏ ਵੀ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ ਐੱਲ.ਸੀ.ਡੀ. ਵੀ ਉਤਾਰੀ ਹੋਈ ਸੀ ਜੋ ਕਿਸੇ ਕਾਰਣ ਉਥੇ ਹੀ ਰਹਿ ਗਈ। ਉਨ੍ਹਾਂ ਕਿਹਾ ਕਿ ਚੋਰਾਂ ਨੇ ਬੁਲੇਟ ਮੋਟਰਸਾਈਕਲ ਦੀ ਚਾਬੀ ਵੀ ਬਾਹਰ ਰੱਖੀ ਹੋਈ ਸੀ ਪਰ ਹੋ ਸਕਦਾ ਹੈ ਕਿ ਕੋਈ ਆਵਾਜ਼ ਜਾਂ ਫਿਰ ਕਿਸੇ ਦੇ ਆਉਣ ’ਤੇ ਉਹ ਮੋਟਰਸਾਈਕਲ ਅਤੇ ਐੱਲ. ਸੀ.ਡੀ. ਉਥੇ ਹੀ ਛੱਡ ਗਏ। ਉਨ੍ਹਾਂ ਕਿਹਾ ਕਿ ਘਰੋਂ ਜਾਣ ਤੋਂ ਪਹਿਲਾਂ ਚੌਕੀਦਾਰ ਨੂੰ ਦੱਸ ਗਏ ਸਨ ਪਰ ਉਨ੍ਹਾਂ ਨੂੰ ਚੌਕੀਦਾਰ ਦੀਆਂ ਗਤੀਵਿਧੀਆਂ ਸ਼ੱਕੀ ਲੱਗ ਰਹੀਆਂ ਹਨ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ ਜੋ ਕਿ ਮੋਟਰਸਾਈਕਲਾਂ ’ਤੇ ਸਨ। ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।


Harinder Kaur

Content Editor

Related News