ਝੋਨੇ ਦੀ ਲਿਫਟਿੰਗ ਨਾ ਹੋਣ ''ਤੇ ਆੜ੍ਹਤੀਆਂ ਲਾਇਆ ਧਰਨਾ
Friday, Nov 10, 2017 - 01:42 AM (IST)
ਧੂਰੀ, (ਸੰਜੀਵ ਜੈਨ)— ਅਨਾਜ ਮੰਡੀ ਧੂਰੀ 'ਚ ਦੋ ਦਿਨਾਂ ਤੋਂ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਨਾਰਾਜ਼ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਫਤਰ ਧੂਰੀ ਵਿਖੇ ਧਰਨਾ ਲਾਇਆ।
ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਕੱਲ ਅਤੇ ਅੱਜ ਦੋਵੇਂ ਦਿਨ ਖਰੀਦ ਏਜੰਸੀਆਂ ਨੇ ਜਾਣ-ਬੁੱਝ ਕੇ ਧੂਰੀ ਮੰਡੀ ਤੋਂ ਝੋਨਾ ਲਿਫਟ ਕਰਨ ਲਈ ਟਰੱਕ ਨਹੀਂ ਕਟਵਾਏ। ਉਨ੍ਹਾਂ ਇਸ ਲਈ ਕੁਝ ਸ਼ੈਲਰ ਮਾਲਕਾਂ 'ਤੇ ਵੀ ਅੜਿੱਕੇ ਲਾਉੁਣ ਦੇ ਦੋਸ਼ ਲਾਏ ਅਤੇ ਸਰਕਾਰ ਤੋਂ ਤੁਰੰਤ ਮੰਡੀ ਅੰਦਰੋਂ ਝੋਨਾ ਚੁਕਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਝੋਨਾ ਚੁੱਕਣ ਲਈ ਤੁਰੰਤ ਪ੍ਰਬੰਧ ਨਾ ਕੀਤੇ ਗਏ ਤਾਂ ਹਾਲਾਤ ਵਿਗੜਨ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
2 ਘੰਟਿਆਂ ਤੱਕ ਚੱਲਿਆ ਪ੍ਰਦਰਸ਼ਨ
ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਤਹਿਸੀਲਦਾਰ ਜਗਜੀਤ ਸਿੰਘ ਵੀ ਮੌਕੇ 'ਤੇ ਪੁੱਜੇ। ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ 150 ਟਰੱਕ ਕਟਵਾ ਕੇ ਝੋਨੇ ਦੀ ਲਿਫਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੇ ਇਸ ਭਰੋਸੇ ਤੋਂ ਬਾਅਦ ਲਗਭਗ 2 ਘੰਟਿਆਂ ਤੱਕ ਲੱਗੇ ਇਸ ਧਰਨੇ ਨੂੰ ਧਰਨਾਕਾਰੀਆਂ ਨੇ ਸਮਾਪਤ ਕਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਾਗ ਸਿੰਘ, ਗੁਰਦੀਪ ਸਿੰਘ ਦੀਪਾ, ਹਰਦੇਵ ਸਿੰਘ ਵੜੈਚ, ਹਰਵਿੰਦਰ ਸਿੰਘ ਜੱਖਲਾਂ, ਕੇਵਲ ਕ੍ਰਿਸ਼ਣ, ਬਿਮਲ ਮੁਨੀ ਸ਼ਰਮਾ ਆਦਿ ਵੀ ਮੌਜੂਦ ਸਨ।
