ਔਰਤ ਦੀ ਡਿਲਿਵਰੀ ਨਾ ਕਰਨ ਖ਼ਿਲਾਫ਼ ਕਾਮਰੇਡਾਂ ਨੇ ਸਿਵਲ ਹਸਪਤਾਲ ’ਚ ਲਗਾਇਆ ਧਰਨਾ

02/03/2021 8:06:04 PM

ਜਲਾਲਾਬਾਦ, (ਜਤਿੰਦਰ,ਨਿਖੰਜ)- ਸਿਹਤ ਵਿਭਾਗ ਅਤੇ ਪੰਜਾਬ ਦੀ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ  ਅਤੇ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਸਿਰਫ ਕਾਗਜਾਂ ਦੀਆਂ ਫ਼ਾਇਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੇ ਹਨ। ਇਸ ਤਰ੍ਹਾਂ ਦੀ ਪੋਲ ਖੋਲਦੀ ਇੱਕ ਘਟਨਾਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਬਿਆਨ ਕਰ ਰਹੀ ਹੈ। ਦੱਸਣਯੋਗ ਗੱਲ ਇਹ ਹੈ ਕਿ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਪਿਛਲੇ ਕਈ ਦਿਨਾਂ ਤੋਂ ਵਿਧਾਨ ਸਭਾ ਹਲਕੇ ਦੇ ਪਿੰਡ ਅਰਨੀਵਾਲਾ ਦੀ ਗਰਭਵਤੀ ਔਰਤ ਆਪਣੀ ਡਿਲਵਿਰੀ ਕਰਵਾਉਣ ਲਈ ਚੱਕਰ ਕੱਟ ਰਹੀ ਹੈ। ਹਸਪਤਾਲ ਵੱਲੋਂ  ਡਿਲਿਵਰੀ ਦਾ ਸਮਾਂ ਪੂਰਾ ਹੋਣ ਦੇ ਬਵਾਜ਼ੂਦ ਵੀ ਉਸਦਾ ਕੇਸ ਨਹੀ ਕੀਤਾ ਜਾ ਰਿਹਾ ਹੈ ਅਤੇ ਉਸਦੇ ਵੱਲੋਂ ਮਿੰਨਤਾ ਤਰਲੇ ਕਰਨ ਦੇ ਬਵਾਜੂਦ ਵੀ ਉਸਨੂੰ ਹਸਪਤਾਲ ’ਚੋਂ ਬਾਹਰ ਕੱਢ ਦਿੱਤਾ। ਇਸ ਰੋਸ ਧਰਨੇ ਦੌਰਾਨ ਗਰਭਵਤੀ ਔਰਤ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਸਿਵਲ ਹਸਪਤਾਲ ਵਿਖੇ ਇਲਾਜ ਕਰਵਾ ਰਹੀ ਅਤੇ ਉਸਨੂੰ ਇੱਕ ਹਫ਼ਤਾ ਪਹਿਲਾ ਡਿਲਵਿਰੀ ਦੀ ਤਰੀਕ ਦਿੱਤੀ ਗਈ ਸੀ। ਪ੍ਰੰਤੂ ਹੁਣ ਉਸਦੇ ਜਣੇਪੇ ਦਾ ਟਾਇਮ ਪੂਰਾ ਹੋਣ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਉਸਦਾ ਕੇਸ ਨਹੀਂ ਕੀਤਾ ਜਾ ਰਿਹਾ। ਗਰਭਵਤੀ ਔਰਤ ਘਰ ਤੋਂ ਗਰੀਬ ਹੋਣ ਕਾਰਨ ਪ੍ਰਾਈਵੇਟ ਹਸਪਤਾਲ ਤੋਂ ਆਪਣਾ ਕੇਸ ਕਰਾਉਣ ਲਈ ਅਸਮਰਥ ਹੈ ਅਤੇ ਜਿਸਤੋਂ ਬਾਅਦ ਸਾਰੀ ਘਟਨਾਂ ਦੀ ਜਾਣਕਾਰੀ ਸੀ.ਪੀ.ਆਈ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਕੋਲ ਪਹੁੰਚਾਈ ਗਈ। ਜਿਸਤੋਂ ਬਾਅਦ ਸੀ.ਪੀ.ਆਈ ਕਮਿਊਨਿਸਟ ਪਾਰਟੀ ਦੇ ਆਗੂ ਅਤੇ ਵਰਕਰਾਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਲਗਭਗ 2 ਘੰਟੇ ਦੇ ਕਰੀਬ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਧਰਨੇ ਦੀ ਅਗਵਾਈ ਕਰ ਰਹੇ ਕਾ. ਹੰਸ ਰਾਜ ਗੋਲਡਨ , ਨਰਿੰਦਰ ਢਾਬਾਂ, ਅਸ਼ੋਕ ਕੰਬੋਜ਼, ਸੁਬੇਗ ਝੰਗੜ ਭੈਣੀ ਅਤੇ ਕਾ. ਤੇਜਾ ਸਿੰਘ ਨੇ ਦੋਸ਼ ਲਗਾਉਦਿਆਂ ਕਿਹਾ ਕਿ ਐਸ.ਐਮ ਜਲਾਲਾਬਾਦ ਵੱਲੋਂ ਗਰੀਬ ਔਰਤ ਦੀ ਡਿਲੀਵਰੀ ਦਾ ਕੇਸ ਹੱਲ ਕਰਨ ਦੀ ਬਿਜਾਏ ਉਲਟਾ ਆਗੂਆਂ ਨਾਲ ਦੁਰਵਿਹਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਿਲਵਰੀ ਕਰਨ ’ਚ ਆਨਾਕਾਨੀ ਕਰਨ ਵਾਲੇ ਡਾਕਟਰ ਸਟਾਫ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਅੱਜ ਜਥੇਬੰਦੀ ਵੱਲੋਂ ਮਜਬੂਰਨ  ਰੋਸ ਧਰਨਾ ਦਿੱਤਾ ਗਿਆ ਹੈ। ਆਗੂਆਂ ਨੇ ਪੰਜਾਬ ਦੇ ਸਿਹਤ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਦਰ ਦਰ ਦੀਆਂ ਠੋਕਰਾਂ ਰਹੀ ਗ਼ਰੀਬ ਔਰਤ ਦੀ ਤੁਰੰਤ ਡਿਲਵਰੀ ਕਰਵਾ ਕੇ ਉਸਨੂੰ ਇੰਨਸਾਫ ਦੁਵਾਇਆ ਜਾਵੇ ਅਤੇ ਅਣਗਹਿਲੀ ਕਰਨ ਵਾਲੇ ਡਾਕਟਰਾਂ ਦੀ ਜਾਂਚ ਕਰਵਾ  ਕੇ ਸਟਾਫ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਏ.ਐਸ.ਆਈ ਐਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂ ਵਾਲਾ, ਸਕੱਤਰ ਸਟਾਲਿਨ , ਬਲਵਿੰਦਰ ਮਹਾਲਮ ,ਜੱਜ ਸਿੰਘ ਸਰਪੰਚ ਅਤੇ ਹੋਰਨਾਂ  ਆਗੂਆਂ ਨੇ ਵੀ ਸੰਬੋਧਨ ਕੀਤਾ।

ਐਸ.ਐਮ.ੳ ਜਲਾਲਾਬਾਦ ਨੇ ਕੈਮਰੇ ਸਾਹਮਣੇ ਆਉਣ ਤੋਂ ਕੀਤਾ ਇਨਕਾਰ

ਇਸ ਮਾਮਲੇ ਸਬੰਧੀ ਜਦੋਂ ਸਾਡੀ ਟੀਮ ਨੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ੳ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਆ ਕੇ ਆਪਣਾ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ. ਕੁੰਦਨਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਔਰਤ ਦੀ ਡਿਲਵਰੀ ਦਾ ਅਜੇ ਸਮਾਂ ਰਹਿੰਦਾ ਸੀ ਇਸ ਕਰ ਕੇ ਕੇਸ ਨਹੀ ਹੋ ਪਾਇਆ ਪ੍ਰੰਤੂ ਤੁਸੀ ਨੋਟਿਸ ’ਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਉਸ ਸਬੰਧੀ ਜ਼ਰੂਰ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।
 


Bharat Thapa

Content Editor

Related News