100 ਦਿਨ ਪੂਰੇ ਹੋਣ ''ਤੇ ਵੀ ਨਹੀਂ ਹੋ ਸਕੇ ਵਿਕਾਸ ਕੰਮ
Tuesday, Jun 27, 2017 - 10:01 AM (IST)
ਫਿਰੋਜ਼ਪੁਰ(ਜੈਨ)—ਸੂਬਾ ਸਰਕਾਰ ਦੇ 100 ਦਿਨ ਦੇ ਕਾਰਜਕਾਲ ਦੌਰਾਨ ਬੇਸ਼ਕ ਸੱਤਾਧਾਰੀ ਵਿਕਾਸ ਦੇ ਲੰਬੇ-ਚੌੜੇ ਦਾਅਵੇ ਕਰ ਰਹੇ ਹਨ ਪਰ ਵਿਰੋਧੀ ਭਾਜਪਾਈਆਂ ਨੂੰ ਵਿਕਾਸ ਕੰਮ ਨਜ਼ਰ ਨਹੀਂ ਆਉਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਆਉਣ ਦੇ ਬਾਅਦ ਚਲਦੇ ਵਿਕਾਸ ਕੰਮ ਵੀ ਰੁਕ ਗਏ ਹਨ ਅਤੇ ਕਾਫੀ ਗ੍ਰਾਂਟਾਂ ਨੂੰ ਕਾਂਗਰਸ ਸਰਕਾਰ ਨੇ ਵਾਪਸ ਮੰਗਵਾ ਲਿਆ ਹੈ। ਵਿਕਾਸ ਰੁਕਣ ਨਾਲ ਜਿੱਥੇ ਸ਼ਹਿਰੀਆਂ 'ਚ ਰੋਸ ਦਾ ਮਾਹੌਲ ਹੈ, ਉਥੇ ਲੋਕ ਸਰਕਾਰ 'ਤੇ ਉਮੀਦ ਲਾਈ ਬੈਠੇ ਹਨ ਕਿ ਜਿਸ ਤਰ੍ਹਾਂ ਦੇ ਕਾਂਗਰਸ ਨੇ ਲੋਕਾਂ ਨਾਲ ਵਾਅਦੇ ਕੀਤੇ ਹਨ, ਕੀ ਉਹ ਪੂਰੇ ਹੋਣਗੇ।
ਇਹ ਹਨ ਸ਼ਹਿਰ ਦੇ ਹਾਲਾਤ
ਹਾਲਾਤ ਇਸ ਕਦਰ ਬਦਤਰ ਬਣੇ ਹੋਏ ਹਨ ਕਿ ਸ਼ਹਿਰਾਂ 'ਚ ਜਿੱਥੇ ਪਾਰਕਾਂ ਦੀ ਕਮੀ ਹੈ, ਉਥੇ ਸੜਕਾਂ 'ਤੇ ਡੂੰਘੇ ਖੱਡੇ ਬਣੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਸੜਕਾਂ 'ਤੇ ਸੁਰੱਖਿਅਤ ਚੱਲਣ 'ਚ ਮੁਸ਼ਕਿਲ ਮਹਿਸੂਸ ਹੋ ਰਹੀ ਹੈ। ਮੀਂਹ ਦੇ ਦਿਨਾਂ 'ਚ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਸੜਕ ਕਿਨਾਰੇ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜੋ ਕਿ ਸੜਕਾਂ ਟੁੱਟਣ ਦਾ ਕਾਰਨ ਬਣ ਰਿਹਾ ਹੈ ਅਤੇ ਸ਼ਾਮ ਢਲਦੇ ਹੀ ਸ਼ਹਿਰ 'ਚ ਹਨ੍ਹੇਰਾ ਛਾ ਜਾਂਦਾ ਹੈ। ਕੌਂਸਲ ਵੱਲੋਂ ਕਰੀਬ 16 ਲੱਖ ਰੁਪਏ ਖਰਚ ਕਰਕੇ ਊਧਮ ਸਿੰਘ ਚੌਕ ਬਣਾਇਆ ਸੀ ਪਰ ਉਸ 'ਚ ਲੱਗੇ ਫੁਆਰੇ ਵੀ ਕਈ ਦਿਨਾਂ ਤੋਂ ਬੰਦ ਪਏ ਹਨ।
ਵਿਕਾਸ 'ਤੇ ਲੱਗੀ ਬ੍ਰੇਕ : ਗਰੋਵਰ
ਕੌਂਸਲ ਪ੍ਰਧਾਨ ਅਸ਼ਵਿਨੀ ਗਰੋਵਰ ਨੇ ਕਿਹਾ ਕਿ ਵਿਧਾਨਸਭਾ ਚੋਣਾਂ 'ਚ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ, ਇਨ੍ਹਾਂ 100 ਦਿਨਾਂ 'ਚ ਉਹ ਪੂਰੇ ਨਹੀਂ ਹੋਏ ਹਨ, ਬਲਕਿ ਵਿਕਾਸ ਕਾਰਜਾਂ 'ਤੇ ਬ੍ਰੇਕ ਜ਼ਰੂਰ ਲੱਗੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕਰੀਬ 25 ਕਰੋੜ ਰੁਪਏ ਦੀ ਲੋੜ ਹੈ। ਸਿਰਫ ਅੰਮ੍ਰਿਤ ਯੋਜਨਾ ਦੇ ਤਹਿਤ ਜੋ ਫੰਡ ਆ ਰਿਹਾ ਹੈ ਉਸ ਨਾਲ ਹੀ ਵਿਕਾਸ ਕਰਵਾਇਆ ਜਾ ਰਿਹਾ ਹੈ।
ਵਿਧਾਇਕ ਨੇ ਗਿਣਵਾਏ 100 ਦਿਨ ਦੇ ਵਿਕਾਸ ਕੰਮ
ਓਧਰ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਕਹਿਣਾ ਹੈ ਕਿ ਨਗਰ ਪਾਲਿਕਾ 'ਚ ਬੈਠੇ ਅਕਾਲੀ-ਭਾਜਪਾ ਦੇ ਕੁਝ ਕੌਂਸਲਰਾਂ ਨੇ ਵਿਕਾਸ ਕੰਮਾਂ 'ਚ ਜੰਮ ਕੇ ਕਮੀਸ਼ਨਖੋਰੀ ਕੀਤੀ ਹੈ ਅਤੇ ਜਿਸ ਕੁਆਲਿਟੀ ਦਾ ਵਿਕਾਸ ਕੰਮ ਹੋਇਆ ਹੈ ਉਹ 2 ਦਿਨ ਦੇ ਮੀਂਹ 'ਚ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਪਿੰਕੀ ਨੇ ਕਿਹਾ ਕਿ 100 ਦਿਨਾਂ 'ਚ ਉਨ੍ਹਾਂ ਨੇ ਨਗਰ ਕੌਂਸਲ ਨੂੰ ਨਵੀਂ ਫਾਇਰ ਬ੍ਰਿਗੇਡ ਦਿੱਤੀ ਅਤੇ 6 ਟਿਊਬਵੈੱਲ ਦੇਣ ਦੇ ਇਲਾਵਾ 2 ਨਵੀਂ ਪਾਣੀ ਦੀਆਂ ਟੈਂਕੀਆਂ, ਜਿਸ 'ਚ ਇਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਐੱਸ. ਟੀ. ਪੀ. ਪਲਾਂਟ ਮਨਜ਼ੂਰ ਕਰਵਾਇਆ, ਪਿੰਡ 'ਚ ਆਰ. ਓ. ਦੇ ਇਲਾਵਾ ਸ਼ਹਿਰ 'ਚ ਸੀ. ਸੀ. ਟੀ. ਵੀ. ਕੈਮਰੇ ਅਤੇ ਐੱਲ. ਈ. ਡੀ. ਲਾਈਟਾਂ ਲਗਾਉਣ ਦਾ ਪ੍ਰਾਜੈਕਟ ਪਾਸ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇੰਨਾ ਵਿਕਾਸ ਤਾਂ ਗਠਜੋੜ ਵਾਲੇ 10 ਸਾਲ 'ਚ ਵੀ ਨਹੀਂ ਕਰਵਾ ਪਾਏ।
ਹੁਣ ਪੱਖਪਾਤ ਨਹੀਂ ਹੋਵੇਗਾ : ਮਨਪ੍ਰੀਤ
ਉਥੇ ਕਾਂਗਰਸ ਕੌਂਸਲਰ ਮਨਮੀਤ ਸਿੰਘ ਦਾ ਕਹਿਣਾ ਹੈ ਕਿ ਜਿੰਨਾ ਪੱਖਪਾਤ ਅਕਾਲੀ ਸਰਕਾਰ ਦੇ ਸਮੇਂ 'ਚ ਕੌਂਸਲਰਾਂ ਨਾਲ ਹੁੰਦਾ ਸੀ, ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਉਹੋ ਜਿਹਾ ਰਵੱਈਆ ਸਰਕਾਰ ਦਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਨੂੰ ਸੈੱਟਲਡ ਹੋਣ 'ਚ ਸਮਾਂ ਤਾਂ ਲੱਗਦਾ ਹੀ ਹੈ ਅਤੇ ਹੁਣ ਸ਼ਹਿਰ ਦੇ ਚੰਗੇ ਦਿਨ ਆਉਣ ਦਾ ਸਮਾਂ ਆ ਗਿਆ ਹੈ।