ਗਰਾਊਂਡ ''ਚ ਪਾਣੀ ਦੇਣ ਵਾਲੀ ਪਾਈਪ ਤੋਂ ਪਾਣੀ ਪੀ ਰਹੇ ਨੇ ਬੱਚੇ!

09/06/2017 6:58:52 AM

ਪਟਿਆਲਾ(ਪ੍ਰਤਿਭਾ)-ਜ਼ਿਲਾ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਜ਼ਿਲਾ ਸਕੂਲ ਗੇਮਜ਼ (ਜ਼ੋਨ) ਵਿਚ ਵਿਦਿਆਰਥੀ ਗਰਾਊਂਡ ਨੂੰ ਪਾਣੀ ਦੇਣ ਵਾਲੀ ਪਾਈਪ ਤੋਂ ਹੀ ਪਾਣੀ ਪੀਂਦੇ ਦਿਸੇ। ਇੰਨੇ ਵੱਡੇ ਪੱਧਰ 'ਤੇ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਬੱਚੇ ਪੀਣ ਵਾਲਾ ਪਾਣੀ ਪਾਈਪ ਤੋਂ ਪੀ ਰਹੇ ਸਨ। ਅਥਾਰਟੀ ਦਾ ਕਹਿਣਾ ਹੈ ਕਿ ਪਾਣੀ ਦਾ ਪੂਰਾ ਪ੍ਰਬੰਧ ਹੈ। ਰੈਬਰ ਤੇ ਟੱਬ ਵਿਚ ਪਾਣੀ ਭਰ ਕੇ ਉਸ ਵਿਚ ਬਰਫ ਪਾਈ ਗਈ ਹੈ। ਵਰਨਣਯੋਗ ਹੈ ਕਿ ਮੰਗਲਵਾਰ ਨੂੰ ਜ਼ਿਲਾ ਸਕੂਲ ਖੇਡਾਂ ਤਹਿਤ ਅਗਲੇ ਪੜਾਅ ਦੇ ਮੁਕਾਬਲੇ ਸ਼ੁਰੂ ਹੋਏ ਹਨ। ਇਨ੍ਹਾਂ ਮੁਕਾਬਲਿਆਂ ਵਿਚ ਅਲੱਗ-ਅਲੱਗ ਥਾਵਾਂ ਤੋਂ ਖਿਡਾਰੀ ਆ ਕੇ ਭਾਗ ਲੈ ਰਹੇ ਹਨ। ਸੈਂਕੜੇ ਖਿਡਾਰੀ ਪੂਰਾ ਦਿਨ ਗਰਾਊਂਡ ਵਿਚ ਖੇਡਦੇ ਹਨ। ਗਰਮੀ ਕਾਰਨ ਖਿਡਾਰੀਆਂ ਨੂੰ ਪਿਆਸ ਲਗਦੀ ਹੈ ਤਾਂ ਉਨ੍ਹਾਂ ਨੂੰ ਗਰਾਊਂਡ ਨੂੰ ਪਾਣੀ ਦੇਣ ਲਈ ਲਾਏ ਗਏ ਪਾਈਪ ਤੋਂ ਪਾਣੀ ਪੀਣਾ ਪੈ ਰਿਹਾ ਹੈ। ਉਥੇ ਪੀਣ ਵਾਲੇ ਪਾਣੀ ਦੇ ਰੈਬਰ ਵੀ ਰੱਖੇ ਹਨ ਪਰ ਉਹ ਸਟਾਫ-ਅਧਿਆਪਕਾਂ ਲਈ ਹਨ। ਖਿਡਾਰੀਆਂ ਦੇ ਪੀਣ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਦਿਖਾਈ ਦਿੱਤਾ। 
ਏ. ਈ. ਓ. ਜਗਤਾਰ ਸਿੰਘ ਟਿਵਾਣਾ ਕਹਿਣਾ ਹੈ ਕਿ ਰੈਬਰ ਰੱਖੇ ਹਨ, ਜਿੱਥੋਂ ਬੱਚੇ ਪਾਣੀ ਪੀ ਰਹੇ ਹਨ। ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਨਹੀਂ ਹੈ ਕਿ ਬੱਚਿਆਂ ਨੂੰ ਪਾਣੀ ਪਾਈਪ ਤੋਂ ਪੀਣਾ ਪੈ ਰਿਹਾ ਹੋਵੇ। 


Related News