ਪਾਣੀ ਦੀ ਪਰਵਾਹ ਕਰਨ ਵਾਲੇ

Saturday, May 11, 2024 - 05:56 PM (IST)

ਪਾਣੀ ਦੀ ਪਰਵਾਹ ਕਰਨ ਵਾਲੇ

ਗਰਮੀ ਦਾ ਇਹ ਮੌਸਮ ਹਰ ਸਾਲ ਸਾਨੂੰ ਇਮਾਨਦਾਰੀ ਨਾਲ ਪਾਣੀ ਦੀ ਯਾਦ ਦਿਵਾਉਂਦਾ ਹੈ, ਪਰ ਅਸੀਂ ਮਾਨਸੂਨ ਦੇ ਆਉਂਦਿਆਂ-ਆਉਂਦਿਆਂ ਉਸੇ ਇਮਾਨਦਾਰੀ ਨਾਲ ਉਸ ਨੂੰ ਭੁੱਲ ਜਾਂਦੇ ਹਾਂ। ਹਰ ਸਾਲ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਪਾਣੀ ਦੀ ਸੰਭਾਲ ਅਤੇ ਸਰਫੇ ਨਾਲ ਵਰਤੋਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਹਨ, ਉਨ੍ਹਾਂ ਨੂੰ ਦੇਖ-ਸੁਣ ਕੇ ਅਸੀਂ ਥੋੜ੍ਹੀ ਦੇਰ ਲਈ ਖੁਸ਼ ਵੀ ਹੋ ਲੈਂਦੇ ਹਾਂ ਪਰ ਉਨ੍ਹਾਂ ਤੋਂ ਸਿੱਖ ਕੇ ਕਦੀ ਪਾਣੀ ਦਾ ਮਾਣ ਨਹੀਂ ਰੱਖਦੇ।

ਦੇਸ਼ ਦੇ ਕਈ ਇਲਾਕਿਆਂ ’ਚ ਜਲ-ਸੰਭਾਲ ਦੇ ਕਈ ਉਪਾਅ ਸਥਾਨਕ ਲੋੜਾਂ ਮੁਤਾਬਕ ਉੱਥੋਂ ਦੇ ਭਾਈਚਾਰਿਆਂ ਨੇ ਵਿਕਸਿਤ ਕੀਤੇ ਹਨ। ਰਾਜਸਥਾਨ ਦੇ ਮਾਰੂਥਲੀ ਇਲਾਕਿਆਂ ’ਚ ਪਾਣੀ ਨੂੰ ਇਕੱਠਾ ਕਰਨ ਦੇ ਕਈ ਤੌਰ-ਤਰੀਕੇ ਅਪਣਾਏ ਜਾ ਰਹੇ ਹਨ। ਉੱਥੋਂ ਥੋੜ੍ਹਾ ਅੱਗੇ ਜਾਓ ਤਾਂ ਗੁਜਰਾਤ ਦੇ ਕੱਛ ਇਲਾਕੇ ’ਚ ਵੀ ਅਜਿਹੇ ਰਵਾਇਤੀ ਸੂਝ-ਬੂਝ ਦੇ ਕਈ ਤਰੀਕਿਆਂ ਨੂੰ ਦੇਖਿਆ ਜਾ ਸਕਦਾ ਹੈ। ਵਿਅਕਤੀਗਤ ਜਾਂ ਪਿੰਡ-ਭਾਈਚਾਰੇ ਦੀ ਜ਼ਮੀਨ ’ਚ ਖਾਸ ਤੌਰ ’ਤੇ ਜਲ-ਭੰਡਾਰ ਇਲਾਕਾ ਤਿਆਰ ਕਰ ਕੇ ਉਸ ਦੇ ਪਾਣੀ ਨੂੰ ਇਕ ‘ਕੂੰਈ’ ਨਾਂ ਦੇ ਖੂਹ ’ਚ ਇਕੱਠਾ ਕਰਨ ਦੇ ਕਾਰਜ ਨੂੰ ਰਾਜਸਥਾਨ ਦੇ ਕਈ ਇਲਾਕਿਆਂ ’ਚ ਦੇਖਿਆ ਜਾ ਸਕਦਾ ਹੈ।

ਧਿਆਨ ਇਸ ਗੱਲ ’ਤੇ ਦਿੱਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਪਾਣੀ ਖੂਹ ’ਚ ਪਹੁੰਚ ਸਕੇ। ਜਲ-ਭੰਡਾਰ ਇਲਾਕੇ ਨੂੰ ਲਿੱਪਣ-ਪੋਚਣ ’ਤੇ ਉਸ ਦੀ ਢਲਾਣ ਬਣਾਉਣ ’ਚ ਇਸ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਤਾਲਾਬ ਦੀ ਸੀਪੇਜ ਦਾ ਪਾਣੀ ਬੇਕਾਰ ਨਾ ਜਾਵੇ, ਇਸ ਲਈ ਇਸ ਪਾਣੀ ਨੂੰ ਇਕੱਠਾ ਕਰਨ ਲਈ ‘ਕੂੰਈ’ ਨਾਂ ਦੇ ਤਰੀਕੇ ਦਾ ਰਿਵਾਜ ਹੈ।

ਰਾਜਸਥਾਨ ਦੇ ਰਿਵਾਜ ਕਿਲੇ ਤਾਂ ਉਂਝ ਵੀ ਪ੍ਰਸਿੱਧ ਹਨ ਪਰ ਇਨ੍ਹਾਂ ਦਾ ਜਲ-ਪ੍ਰਬੰਧ ਖਾਸ ਤੌਰ ’ਤੇ ਦੇਖਣ ਯੋਗ ਹੈ। ਚਿਤੌੜ ਦੇ ਕਿਲੇ ’ਚ ਹਾਥੀਕੁੰਡ ਦੇ ਸੀਪੇਜ ਤੋਂ ਗੌਮੁਖ ਦਾ ਝਰਨਾ ਬਣਦਾ ਹੈ ਅਤੇ ਇਸ ਝਰਨੇ ਨਾਲ ਚਿਤੌੜ ਦੇ ਕਿਲੇ ਦਾ ਮੁੱਖ ਪਾਣੀ ਭੰਡਾਰ ਬਣਦਾ ਹੈ। ਕਿਲਿਆਂ ਤੋਂ ਇਲਾਵਾ ਆਮ ਰਿਹਾਇਸ਼ਾਂ, ਵਿਹੜੇ ਜਾਂ ਬਰਾਂਡਿਆਂ ’ਚ ਕੁੰਡ ਬਣਾ ਕੇ, ਛੱਤਾਂ ’ਤੇ ਢੁੱਕਵੀਂ ਵਿਵਸਥਾ ਕਰ ਕੇ ਮੀਂਹ ਦੇ ਜਲ-ਭੰਡਾਰ ਨੂੰ ਕਈ ਥਾਵਾਂ ’ਤੇ ਦੇਖਿਆ ਜਾ ਸਕਦਾ ਹੈ। ਤਰ੍ਹਾਂ-ਤਰ੍ਹਾਂ ਦੇ ਛੋਟੇ-ਵੱਡੇ ਤਾਲਾਬਾਂ ਅਤੇ ਬਾਉਲੀਆਂ ਦੇ ਨਜ਼ਰੀਏ ਤੋਂ ਇਹ ਸੂਬਾ ਖੁਸ਼ਹਾਲ ਹੈ। ਰਾਜਸਥਾਨ ਦੇ ਕੁਝ ਇਲਾਕਿਆਂ ’ਚ ਬਹੁਤ ਘੱਟ ਮੀਂਹ ਪੈਂਦਾ ਹੈ ਪਰ ਉੱਥੇ ਵੀ ਰਵਾਇਤੀ ਉਪਾਵਾਂ ਨਾਲ ਲੋੜ ਜੋਗੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰ ਕੇ ਲੋਕ ਕਾਫੀ ਹੱਦ ਤੱਕ ਸਵੈ-ਨਿਰਭਰ ਬਣੇ ਹੋਏ ਸਨ।

ਉੱਤਰ-ਪੂਰਬੀ ਰਾਜਾਂ ਵਿਚ ਰਵਾਇਤੀ ਸਿੰਚਾਈ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਉਦਾਹਰਣਾਂ ਮਿਲ ਸਕਦੀਆਂ ਹਨ। ਮੇਘਾਲਿਆ ਦੀ ਵਿਸ਼ੇਸ਼ ਪ੍ਰਾਪਤੀ ਬਾਂਸ ਦੀਆਂ ਪਾਈਪਲਾਈਨਾਂ ਰਾਹੀਂ ਦੂਰ ਦੇ ਪੌਦਿਆਂ ਨੂੰ ਲੋੜੀਂਦੇ ਪਾਣੀ ਦੀ ਸਹੀ ਮਾਤਰਾ ਦੀ ਸਪਲਾਈ ਕਰਨਾ ਹੈ। ਸਾਲ 1956 ਵਿਚ, ਆਂਧਰਾ ਪ੍ਰਦੇਸ਼ ਵਿਚ ਸਿੰਚਾਈ ਲਈ ਲਾਭਦਾਇਕ 58,518 ਤਾਲਾਬ ਸਨ, ਜੋ ਲਗਭਗ 10 ਲੱਖ ਹੈਕਟੇਅਰ, ਭਾਵ ਕੁੱਲ ਸਿੰਜਾਈ ਵਾਲੇ ਖੇਤਰ ਦੇ 40 ਫੀਸਦੀ ਇਲਾਕੇ ਦੀ ਸਿੰਚਾਈ ਕਰ ਰਹੇ ਸਨ।

ਇਸ ਵਿਚ ਕੁਝ ਗਿਰਾਵਟ ਜ਼ਰੂਰ ਆਈ ਹੈ, ਪਰ ਇਸ ਦਾ ਮਹੱਤਵ ਬਰਕਰਾਰ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਤਾਲਾਬ ਇਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਵਿਚ ਪਾਣੀ ਦੀ ਪੂਰੀ ਵਰਤੋਂ ਕੀਤੀ ਜਾਂਦੀ ਹੈ, ਇਹ ਵਿਅਰਥ ਨਹੀਂ ਵਗਦਾ। ਤਾਮਿਲਨਾਡੂ ਦੇ ਕੁੱਲ ਸਿੰਚਾਈ ਵਾਲੇ ਇਲਾਕੇ ਦਾ ਲਗਭਗ ਇਕ ਤਿਹਾਈ ਹਿੱਸਾ ਅਜੇ ਵੀ ‘ਏਰੀ’ ਨਾਮਕ ਪ੍ਰਾਚੀਨ ਤਾਲਾਬਾਂ ਦੁਆਰਾ ਸਿੰਜਿਆ ਜਾ ਰਿਹਾ ਹੈ।

ਹੜ੍ਹ ਅਤੇ ਸੋਕੇ ਦਾ ਦੋਹਰਾ ਸੰਕਟ ਦੇਸ਼ ਦੀ ਵੱਡੀ ਸਮੱਸਿਆ ਹੈ। ਰਵਾਇਤੀ ਵਾਟਰ ਹਾਰਵੈਸਟਿੰਗ ਨਾ ਸਿਰਫ਼ ਸੋਕੇ ਦੇ ਸੰਕਟ ਤੋਂ ਰਾਹਤ ਦੇਵੇਗੀ, ਸਗੋਂ ਹੜ੍ਹਾਂ ਦੀ ਸਮੱਸਿਆ ਨੂੰ ਘਟਾਉਣ ਵਿਚ ਵੀ ਮਦਦ ਕਰੇਗੀ। ਜਦੋਂ ਬਹੁਤ ਸਾਰਾ ਪਾਣੀ ਤੇਜ਼ੀ ਨਾਲ ਦਰਿਆ ਵੱਲ ਵਹਿਣ ਦੀ ਬਜਾਏ ਖੇਤੀਬਾੜੀ ਅਤੇ ਹੋਰ ਵਰਤੋਂ ਲਈ ਮੋੜਿਆ ਜਾਂਦਾ ਹੈ ਅਤੇ ਸਟੋਰ ਕੀਤਾ ਜਾਂਦਾ ਹੈ ਤਾਂ ਹੜ੍ਹਾਂ ਦਾ ਖ਼ਤਰਾ ਘੱਟ ਜਾਂਦਾ ਹੈ।

ਜਦੋਂ ਤੱਕ ਬਿਹਾਰ ਦੇ ਗਯਾ ਜ਼ਿਲੇ ਵਿਚ ‘ਆਹਾਰ’ ਅਤੇ ‘ਪਾਈਨ’ ਪ੍ਰਣਾਲੀਆਂ ਮਜ਼ਬੂਤ ​​ਰਹੀਆਂ, ਉਨ੍ਹਾਂ ਨੇ ਹੜ੍ਹਾਂ ਅਤੇ ਸੋਕਾ, ਦੋਵਾਂ ਨੂੰ ਰੋਕਣ ਵਿਚ ਮਦਦ ਕੀਤੀ। ਰਾਜਸਥਾਨ ਵਿਚ ਪਏ ਭਿਆਨਕ ਸੋਕੇ ਦੇ ਦਿਨਾਂ ਵਿਚ ਦੇਖਿਆ ਗਿਆ ਕਿ ਪੀਣ ਵਾਲੇ ਪਾਣੀ ਦੇ ਆਧੁਨਿਕ ਸਰੋਤਾਂ ਦੇ ਆਉਣ ਤੋਂ ਬਾਅਦ ਵੀ ਜਿੱਥੇ ਰਵਾਇਤੀ ਪਾਣੀ ਦੇ ਭੰਡਾਰਾਂ ਨੂੰ ਅਣਗੌਲਿਆ ਨਹੀਂ ਕੀਤਾ ਗਿਆ, ਉੱਥੇ ਲੋਕ ਪੀਣ ਵਾਲੇ ਪਾਣੀ ਦੇ ਮਾਮਲੇ ਵਿਚ ਆਤਮਨਿਰਭਰ ਬਣੇ ਰਹੇ।

ਰਵਾਇਤੀ ਵਾਟਰ ਹਾਰਵੈਸਟਿੰਗ ਸਿਸਟਮ ਇਕ ਸਮੂਹਿਕ ਯਤਨ ਹਨ। ਬੁੰਦੇਲਖੰਡ ਅਤੇ ਨਰਮਦਾ ਇਲਾਕੇ ਦੀ ‘ਹਵੇਲੀ ਪ੍ਰਣਾਲੀ’ ਜਾਂ ਬਿਹਾਰ ਦੀ ‘ਆਹਾਰ’ ਅਤੇ ‘ਪਾਈਨ’ ਪ੍ਰਣਾਲੀ ਨੂੰ ਲੈ ਲਓ, ਇਹ ਕਿਸਾਨਾਂ ਦੇ ਸਾਂਝੇ ਯਤਨਾਂ ਜਾਂ ਤਾਲਮੇਲ ਤੋਂ ਬਿਨਾਂ ਸੰਭਵ ਨਹੀਂ ਹੈ। ਸਾਰਾ ਪਿੰਡ ਛੱਪੜ ਬਣਾਉਣ, ਇਸ ਦੀ ਸਾਂਭ-ਸੰਭਾਲ ਅਤੇ ਸਫ਼ਾਈ ਵਿਚ ਯੋਗਦਾਨ ਪਾਉਂਦਾ ਹੈ। ਇੱਥੋਂ ਤੱਕ ਕਿ ਖਾਨਾਬਦੋਸ਼ ਲੋਕਾਂ ਨੇ ਵੀ ਆਪਣੇ ਸਾਂਝੇ ਯਤਨਾਂ ਰਾਹੀਂ ਪਾਣੀ ਦੀ ਸੰਭਾਲ ਅਤੇ ਭੰਡਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕੱਛ ਦੀ ‘ਵੀਰ ਦੀ ਪ੍ਰਣਾਲੀ’ ‘ਮਾਲਧਾਰੀ ਭਾਈਚਾਰੇ’ ਦੀ ਦੇਣ ਹੈ, ਜਦੋਂ ਕਿ ‘ਪਿਚੋਲਾ ਝੀਲ’, ਜੋ ਅੱਜ ਤੱਕ ਉਦੈਪੁਰ ਵਿਚ ਪਾਣੀ ਦਾ ਸਭ ਤੋਂ ਅਹਿਮ ਸਰੋਤ ਬਣੀ ਹੋਈ ਹੈ, ਵਣਜਾਰਿਆਂ ਵਲੋਂ ਬਣਾਈ ਗਈ ਸੀ।

ਰਵਾਇਤੀ ਸਰੋਤਾਂ ਅਤੇ ਤਕਨਾਲੋਜੀ ਨੂੰ ਮਹੱਤਵ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਵਿਗਿਆਨ ਦੀਆਂ ਨਵੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਇਸ ਵਿਚ ਤਬਦੀਲੀਆਂ ਜਾਂ ਸੁਧਾਰ ਨਹੀਂ ਕੀਤੇ ਜਾਣੇ ਚਾਹੀਦੇ, ਪਰ ਇਹ ਧਿਆਨ ਦੇਣ ਯੋਗ ਹੈ ਕਿ ਰਵਾਇਤੀ ਤਕਨਾਲੋਜੀ ਅਤੇ ਸਥਿਤੀ ਦੀ ਬੁਨਿਆਦੀ ਸਮਝ ਦੇ ਉਲਟ ਕੋਈ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਨਾ ਘਟੇ, ਇਸ ਲਈ ਲਗਾਤਾਰ ਧਿਆਨ ਰੱਖਣਾ ਪਵੇਗਾ।

ਇਸ ਤੋਂ ਪਹਿਲਾਂ ਪਾਣੀ ਦੇ ਸੋਮਿਆਂ ਅਤੇ ਉਨ੍ਹਾਂ ਦੇ ਕੈਚਮੈਂਟ (ਇਕੱਠਾ ਕਰਨ) ਦੇ ਇਲਾਕਿਆਂ ਨੂੰ ਸਾਫ਼ ਰੱਖਣ ਦੀ ਬਹੁਤ ਚੰਗੀ ਪਿਰਤ ਸੀ। ਇਸ ਅਨੁਸ਼ਾਸਨ ਨੂੰ ਪਿੰਡਾਂ ਦੇ ਪਰਿਵਾਰਾਂ ਵਿਚ ਅਤੇ ਸਕੂਲੀ ਸਿੱਖਿਆ ਰਾਹੀਂ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਸੱਭਿਆਚਾਰਕ ਮੇਲੇ ਕਰਵਾਏ ਜਾ ਸਕਦੇ ਹਨ ਜਿਨ੍ਹਾਂ ਨਾਲ ਛੱਪੜਾਂ ਆਦਿ ਦੀ ਸਫ਼ਾਈ ਲਈ ਕਿਰਤਦਾਨ ਨੂੰ ਜੋੜਿਆ ਜਾ ਸਕਦਾ ਹੈ।

ਭਾਰਤ ਡੋਗਰਾ


author

Rakesh

Content Editor

Related News