ਮਾਰੂਥਲ ’ਚ ਪਾਣੀ ਦੀ ਮ੍ਰਿਗ ਤ੍ਰਿਸ਼ਨਾ ਹੋਈ ਪੂਰੀ

05/06/2024 5:10:08 PM

ਇਕ ਹੀ ਮਹੀਨੇ ’ਚ ਦੂਜੀ ਵਾਰ ਦੁਬਈ ’ਚ ਬੱਦਲ ਫਟਣ ਨਾਲ ਹੜ੍ਹ ਦੇ ਹਾਲਾਤ ਪੈਦਾ ਹੋ ਗਏ। ਮਾਰੂਥਲ ਦੀ ਤਪਦੀ ਰੇਤ ’ਚ ਪਾਣੀ ਦਾ ਮਿਲਣਾ ਸਦੀਆਂ ਤੋਂ ਗੈਰ-ਕੁਦਰਤੀ ਅਤੇ ਚਮਤਕਾਰੀ ਘਟਨਾ ਮੰਨੀ ਜਾਂਦੀ ਹੈ।

ਤਪਦੀ ਰੇਤ ਅਤੇ ਹਵਾ ਗਰਮ ਹੋ ਕੇ ਕਈ ਵਾਰ ਪਾਣੀ ਦਾ ਭੁਲੇਖਾ ਪਾਉਂਦੀ ਹੈ ਅਤੇ ਪਿਆਸਾ ਉਸ ਦੀ ਭਾਲ ਵਿਚ ਭਟਕਦਾ ਰਹਿੰਦਾ ਹੈ। ਇਸ ਨੂੰ ਹੀ ਮ੍ਰਿਗਤ੍ਰਿਸ਼ਨਾ ਕਹਿੰਦੇ ਹਨ। ਜਦੋਂ ਤੋਂ ਖਾੜੀ ਦੇਸ਼ਾਂ ’ਚ ਪੈਟ੍ਰੋ-ਡਾਲਰ ਆਉਣਾ ਸ਼ੁਰੂ ਹੋਇਆ ਉਦੋਂ ਤੋਂ ਤਾਂ ਇਨ੍ਹਾਂ ਦੀ ਰੰਗਤ ਹੀ ਬਦਲ ਗਈ ਹੈ। ਦੁਨੀਆ ਦੇ ਸਾਰੇ ਐਸ਼ੋ-ਆਰਾਮ ਅਤੇ ਚਮਕ-ਦਮਕ ਇਨ੍ਹਾਂ ਦੇ ਸ਼ਹਿਰਾਂ ’ਚ ਛਾ ਗਈ। ਅਥਾਹ ਦੌਲਤ ਦੇ ਦਮ ’ਤੇ ਇਨ੍ਹਾਂ ਨੇ ਦੁਬਈ ਦੇ ਮਾਰੂਥਲ ਨੂੰ ਇਕ ਹਰੇ-ਭਰੇ ਸ਼ਹਿਰ ’ਚ ਬਦਲ ਦਿੱਤਾ।

ਜਿੱਥੇ ਘਰ-ਘਰ ਸਵਿਮਿੰਗ ਪੂਲ ਅਤੇ ਫੁਹਾਰੇ ਦੇਖ ਕੇ ਹਰ ਕੋਈ ਸੋਚ ਹੀ ਨਹੀਂ ਸਕਦਾ ਕਿ ਇਹ ਸਭ ਮਾਰੂਥਲ ’ਚ ਹੋ ਰਿਹਾ ਹੈ ਪਰ ਜਿਉਂ ਹੀ ਤੁਸੀਂ ਦੁਬਈ ਸ਼ਹਿਰ ਤੋਂ ਬਾਹਰ ਨਿਕਲਦੇ ਹੋ ਤੁਹਾਨੂੰ ਚਾਰੇ ਪਾਸੇ ਰੇਤ ਦੇ ਵੱਡੇ-ਵੱਡੇ ਟਿੱਬੇ ਹੀ ਨਜ਼ਰ ਆਉਂਦੇ ਹਨ। ਨਾ ਹਰਿਆਲੀ ਅਤੇ ਨਾ ਹੀ ਪਾਣੀ। ਇਨ੍ਹਾਂ ਹਾਲਤਾਂ ਵਿਚ ਇਹ ਸੁਭਾਵਿਕ ਹੀ ਸੀ ਕਿ ਦੁਬਈ ਦਾ ਵਿਕਾਸ ਇਸ ਤਰ੍ਹਾਂ ਕੀਤਾ ਗਿਆ ਕਿ ਉਸ ਵਿਚ ਮੀਂਹ ਦੇ ਪਾਣੀ ਨੂੰ ਸੰਭਾਲਣ ਦਾ ਕੋਈ ਵੀ ਪ੍ਰਬੰਧ ਨਹੀਂ ਹੈ।

ਇਸ ਲਈ ਜਦੋਂ 75 ਸਾਲ ਬਾਅਦ ਉਥੇ ਬੱਦਲ ਫਟਿਆ ਤਾਂ ਹੜ੍ਹ ਦੇ ਹਾਲਾਤ ਪੈਦਾ ਹੋ ਗਏ। ਕਾਰਾਂ ਅਤੇ ਘਰ ਡੁੱਬ ਗਏ। ਹਵਾਈ ਅੱਡੇ ’ਚ ਇੰਨਾ ਪਾਣੀ ਭਰ ਗਿਆ ਕਿ ਦਰਜਨਾਂ ਉਡਾਣਾਂ ਰੱਦ ਕਰਨੀਆਂ ਪਈਆਂ। ਇਕ ਪਾਸੇ ਇਸ ਚੁਣੌਤੀ ਨਾਲ ਦੁਬਈ ਵਾਸੀਆਂ ਨੂੰ ਜੂਝਣਾ ਸੀ ਅਤੇ ਦੂਜੇ ਪਾਸੇ ਉਹ ਇੰਨਾ ਸਾਰਾ ਪਾਣੀ ਅਤੇ ਇੰਨਾ ਭਾਰੀ ਮੀਂਹ ਦੇਖ ਕੇ ਬੜੇ ਹੈਰਾਨ ਹੋਏ।

ਪਰ ਅਜਿਹਾ ਹੋਇਆ ਕਿਵੇਂ? ਕੀ ਇਹ ਵਿਸ਼ਵ ਪੱਧਰੀ ਵਾਤਾਵਰਣ ’ਚ ਆਈ ਤਬਦੀਲੀ ਦਾ ਨਤੀਜਾ ਸੀ ਜਾਂ ਕੋਈ ਮਨੁੱਖ ਵਲੋਂ ਸਿਰਜੀ ਘਟਨਾ? ਖਾੜੀ ਦੇਸ਼ਾਂ ਵਿਚ ਆਏ ਇਸ ਹੜ੍ਹ ਦਾ ਕਾਰਨ ਕੁਝ ਮਾਹਿਰਾਂ ਨੇ ‘ਕਲਾਊਡ ਸੀਡਿੰਗ’ ਭਾਵ ਬਨਾਉਟੀ ਮੀਂਹ ਨੂੰ ਦੱਸਿਆ ਹੈ। ਜਦੋਂ ਇਕ ਨਿਸ਼ਚਿਤ ਇਲਾਕੇ ’ਚ ਅਚਾਨਕ ਆਸ ਤੋਂ ਕਿਤੇ ਵੱਧ ਮੀਂਹ ਪੈ ਜਾਂਦਾ ਹੈ ਤਾਂ ਉਸ ਨੂੰ ਅਸੀਂ ਬੱਦਲ ਫਟਣਾ ਕਹਿੰਦੇ ਹਾਂ।

ਹਾਲਾਂਕਿ, ਹਾਲ ਹੀ ’ਚ ਪ੍ਰਕਾਸ਼ਿਤ ਇਕ ਖਬਰ ਅਨੁਸਾਰ ਅਮਰੀਕੀ ਮੌਸਮ ਵਿਗਿਆਨੀ ਰਿਆਨ ਮਾਓ ਇਸ ਗੱਲ ਨੂੰ ਮੰਨਣ ਤੋਂ ਨਾਂਹ ਕਰਦੇ ਹਨ ਕਿ ਦੁਬਈ ਵਿਚ ਹੜ੍ਹ ਦਾ ਕਾਰਨ ‘ਕਲਾਊਡ ਸੀਡਿੰਗ’ ਹੈ। ਉਨ੍ਹਾਂ ਅਨੁਸਾਰ ਖਾੜੀ ਦੇਸ਼ਾਂ ’ਤੇ ਬੱਦਲ ਦੀ ਪਤਲੀ ਲੇਅਰ ਹੁੰਦੀ ਹੈ। ਉਥੇ ‘ਕਲਾਊਡ ਸੀਡਿੰਗ’ ਦੇ ਬਾਵਜੂਦ ਇੰਨਾ ਮੀਂਹ ਨਹੀਂ ਪੈ ਸਕਦਾ ਕਿ ਹੜ੍ਹ ਆ ਜਾਵੇ।

‘ਕਲਾਊਡ ਸੀਡਿੰਗ’ ਨਾਲ ਇਕ ਵਾਰ ਮੀਂਹ ਪੈ ਸਕਦਾ ਹੈ। ਇਸ ਨਾਲ ਕਈ-ਕਈ ਦਿਨਾਂ ਤੱਕ ਰੁਕ-ਰੁਕ ਕੇ ਮੀਂਹ ਨਹੀਂ ਪੈਂਦਾ ਜਿਵੇਂ ਕਿ ਉਥੇ ਹੋ ਰਿਹਾ ਹੈ। ਮਾਓ ਦੇ ਅਨੁਸਾਰ ਅਮੀਰਾਤ ਅਤੇ ਓਮਾਨ ਵਰਗੇ ਦੇਸ਼ਾਂ ’ਚ ਤੇਜ਼ ਮੀਂਹ ਦਾ ਕਾਰਨ ‘ਕਲਾਈਮੇਟ ਚੇਂਜ’ ਵਰਗੀ ਕੋਈ ਚੀਜ਼ ਹੁੰਦੀ ਹੈ।

‘ਕਲਾਊਡ ਸੀਡਿੰਗ’ ਤਕਨੀਕ ਹਮੇਸ਼ਾ ਤੋਂ ਬਹਿਸ ਦਾ ਵਿਸ਼ਾ ਬਣੀ ਰਹੀ ਹੈ। ਦਹਾਕਿਆਂ ਦੀ ਖੋਜ ਨਾਲ ਸਥੈਤਿਕ ਅਤੇ ‘ਕਲਾਊਡ ਸੀਡਿੰਗ’ ਤਕਨੀਕਾਂ ਸਾਹਮਣੇ ਆਈਆਂ ਹਨ। ਇਹ ਤਕਨੀਕਾਂ 1990 ਦੇ ਦਹਾਕੇ ਦੇ ਅਖੀਰ ਤੱਕ ਪ੍ਰਭਾਵਸ਼ੀਲਤਾ ਦਾ ਸੰਕੇਤ ਦਿਖਾਉਂਦੀਆਂ ਹਨ ਪਰ ਕੁਝ ਸ਼ੱਕੀ ਲੋਕ ਜਨਤਕ ਸੁਰੱਖਿਆ ਅਤੇ ਵਾਤਾਵਰਣ ਲਈ ਸੰਭਾਵਿਤ ਖਤਰਿਆਂ ’ਤੇ ਜ਼ੋਰ ਦਿੰਦੇ ਹੋਏ ‘ਕਲਾਊਡ ਸੀਡਿੰਗ’ ਦੇ ਖਤਰਿਆਂ ’ਤੇ ਜ਼ੋਰ ਦਿੰਦਿਆਂ ਇਸ ਦੇ ਵਿਰੁੱਧ ਰੌਲਾ ਪਾਉਂਦੇ ਰਹੇ ਹਨ।

ਕਿਉਂਕਿ ਸਰਕਾਰਾਂ ਅਤੇ ਨਿੱਜੀ ਕੰਪਨੀਆਂ ਜੋਖਮਾਂ ਦੇ ਬਦਲੇ ਲਾਭ ਨੂੰ ਵੱਧ ਮਹੱਤਵ ਦਿੰਦੀਆਂ ਹਨ, ਇਸ ਲਈ ‘ਕਲਾਊਡ ਸੀਡਿੰਗ’ ਇਕ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ, ਜਦਕਿ ਕੁਝ ਦੇਸ਼ਾਂ ਵਿਚ ਇਸ ਨੂੰ ਖੇਤੀਬਾੜੀ ਅਤੇ ਵਾਤਾਵਰਣੀ ਮਕਸਦਾਂ ਲਈ ਅਪਣਾਇਆ ਜਾਂਦਾ ਹੈ। ਇੰਨਾ ਹੀ ਨਹੀਂ ਹੋਰ ਸੰਭਾਵਿਤ ਨਤੀਜਿਆਂ ਤੋਂ ਜਾਣੂ ਹੋ ਕੇ ਅਜਿਹੇ ਦੇਸ਼ ਇਸ ’ਤੇ ਸਾਵਧਾਨੀ ਨਾਲ ਅੱਗੇ ਵਧਦੇ ਹਨ।

ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ‘ਕਲਾਊਡ ਸੀਡਿੰਗ’ ਦਾ ਆਯਾਮ ਵੀਅਤਨਾਮ ਜੰਗ ਦੇ ਦੌਰਾਨ ‘ਆਪ੍ਰੇਸ਼ਨ ਪੋਪੇਯ’ ਵਰਗੀਆਂ ਘਟਨਾਵਾਂ ਨਾਲ ਮੇਲ ਖਾਂਦਾ ਹੈ। ਉਸ ਸਮੇਂ ਮੌਸਮ ’ਚ ਖੋਜ ਇਕ ਫੌਜੀ ਯੰਤਰ ਸੀ। ਵਿਸਥਾਰਿਤ ਮਾਨਸੂਨ ਦੇ ਮੌਸਮ ਅਤੇ ਨਤੀਜੇ ਵਜੋਂ ਹੜ੍ਹ ਦੇ ਕਾਰਨ 1977 ’ਚ ਇਕ ਕੌਮਾਂਤਰੀ ਸੰਧੀ ਹੋਈ ਜਿਸ ਵਿਚ ਮੌਸਮ ਖੋਜ ਦੀ ਫੌਜੀ ਵਰਤੋਂ ’ਤੇ ਰੋਕ ਲਗਾ ਦਿੱਤੀ ਗਈ। ਰੂਸੀ ਸੰਘ ਅਤੇ ਥਾਈਲੈਂਡ ਵਰਗੇ ਦੇਸ਼ ਲੂ ਅਤੇ ਜੰਗਲ ਦੀ ਅੱਗ ਨੂੰ ਦਬਾਉਣ ਲਈ ਇਸ ਦੀ ਸਫਲਤਾਪੂਰਵਕ ਵਰਤੋਂ ਕਰ ਰਹੇ ਹਨ, ਜਦਕਿ ਅਮਰੀਕਾ, ਚੀਨ ਅਤੇ ਆਸਟ੍ਰੇਲੀਆ ਸੋਕੇ ਨੂੰ ਘਟਾਉਣ ਲਈ ਮੀਂਹ ਦੌਰਾਨ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਲਈ ਇਸ ਦੀ ਸਮਰੱਥਾ ਨੂੰ ਵਰਤ ਰਹੇ ਹਨ। ਸੰਯੁਕਤ ਅਰਬ ਅਮੀਰਾਤ ’ਚ ਇਸ ਤਕਨੀਕ ਦੀ ਵਰਤੋਂ ਆਪਣੀਆਂ ਖੇਤੀ ਸਮਰੱਥਾਵਾਂ ਨੂੰ ਵਧਾਉਣ ਅਤੇ ਅਤਿ-ਆਧੁਨਿਕ ਗਰਮੀ ਨਾਲ ਲੜਨ ਲਈ ਸਰਗਰਮ ਤੌਰ ’ਤੇ ਕੀਤੀ ਜਾਂਦੀ ਹੈ।

ਆਰਥਿਕ ਲਾਭ ਲਈ ਸਰਕਾਰਾਂ ਅਤੇ ਉਦਯੋਗਪਤੀ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹੀ ਗੱਲ ‘ਕਲਾਊਡ ਸੀਡਿੰਗ’ ਦੇ ਮਾਮਲੇ ’ਚ ਵੀ ਲਾਗੂ ਹੁੰਦੀ ਹੈ, ਜਦਕਿ ‘ਕਲਾਊਡ ਸੀਡਿੰਗ’ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਸਿਹਤ ਸਬੰਧੀ ਜੋਖਮਾਂ ’ਤੇ ਵੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਆਧੁਨਿਕਤਾ ਦੇ ਨਾਂ ’ਤੇ ਜਿਵੇਂ-ਜਿਵੇਂ ਅਸੀਂ ‘ਕਲਾਊਡ ਸੀਡਿੰਗ’ ਦੇ ਖੇਤਰ ’ਚ ਅੱਗੇ ਵਧ ਰਹੇ ਹਾਂ, ਮਾਹਿਰਾਂ ਵੱਲੋਂ ਇਸ ਦੇ ਸਾਰੇ ਮਾਪਾਂ ’ਤੇ ਖੋਜ ਕਰਨੀ ਇਕ ਨੈਤਿਕ ਲਾਜ਼ਮੀਅਤਾ ਹੈ।

ਵਿਨੀਤ ਨਾਰਾਇਣ


Rakesh

Content Editor

Related News