ਕਮਾਈ ਲੱਖਾਂ ਵਿਚ, ਸਹੂਲਤਾਂ ਜ਼ੀਰੋ, ਕੂੜੇ ਦੇ ਢੇਰਾਂ ''ਤੇ ਸਬਜ਼ੀਆਂ ਵੇਚਣ ਲਈ ਮਜਬੂਰ ਫੜ੍ਹੀ ਸੰਚਾਲਕ

09/05/2017 2:07:39 AM

ਬਠਿੰਡਾ(ਸੁਖਵਿੰਦਰ)-ਮਾਰਕੀਟ ਕਮੇਟੀ ਸਬਜ਼ੀ ਮੰਡੀ ਦੇ ਫੜ੍ਹੀ ਸੰਚਾਲਕਾਂ ਤੋਂ ਲੱਖਾਂ ਰੁਪਏ ਕਿਰਾਏ ਦੇ ਰੂਪ 'ਚ ਵਸੂਲਣ ਤੋਂ ਬਾਅਦ ਸਹੂਲਤਾਂ ਦੇਣ 'ਚ ਜ਼ੀਰੋ ਸਾਬਤ ਹੋ ਰਹੀ ਹੈ। ਸਹੂਲਤਾਂ ਦੀ ਘਾਟ ਹੋਣ ਕਾਰਨ ਰਿਟੇਲ 'ਚ ਸਬਜ਼ੀਆਂ ਵੇਚਣ ਵਾਲੇ ਫੜ੍ਹੀ ਸੰਚਾਲਕ ਗੰਦਗੀ ਦੇ ਢੇਰਾਂ 'ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹਨ। ਕਿਰਾਇਆ ਵਸੂਲਣ ਦੀ ਯੋਜਨਾ ਅਕਾਲੀ ਸਰਕਾਰ ਵੱਲੋਂ ਹੀ ਸ਼ੁਰੂ ਕੀਤੀ ਗਈ ਤੇ ਫੜ੍ਹੀ ਸੰਚਾਲਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਬਿਜਲੀ, ਪਾਣੀ, ਪੱਕੀਆਂ ਫੜ੍ਹੀਆਂ, ਸੜਕਾਂ ਆਦਿ ਦੀ ਸਹੂਲਤ ਦਿੱਤੀ ਜਾਵੇਗੀ ਪਰ ਅਜੇ ਤੱਕ ਫੜ੍ਹੀ ਸੰਚਾਲਕ ਉਕਤ ਸਹੂਲਤਾਂ ਲਈ ਉੱਚ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਹਨ। ਹੁਣ ਹਾਲਾਤ ਇਹ ਹਨ ਕਿ ਬਾਰਿਸ਼ ਦੇ ਦਿਨਾਂ 'ਚ ਰਿਟੇਲ ਸਬਜ਼ੀ ਮੰਡੀ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੀ ਕਸਰ ਮਾਰਕੀਟ ਕਮੇਟੀ ਵੱਲੋਂ ਸਬਜ਼ੀ ਮੰਡੀ ਵਿਚ ਲਗਦੇ ਕੂੜੇ ਦੇ ਢੇਰਾਂ ਵੱਲੋਂ ਕੱਢ ਦਿੱਤੀ ਜਾਂਦੀ ਹੈ। ਜੋ ਹਰ ਸਮੇਂ ਫੜ੍ਹੀਆਂ ਦੇ ਨਜ਼ਦੀਕ ਇਕੱਠਾ ਕੀਤਾ ਜਾਂਦਾ ਹੈ।
ਅਕਾਲੀ ਸਰਕਾਰ ਦੌਰਾਨ ਸ਼ੁਰੂ ਕੀਤੀ ਸੀ ਯੋਜਨਾ
ਫੜ੍ਹੀ ਸੰਚਾਲਕਾਂ ਦੀ ਪਰਚੀ ਕੱਟਣ ਦੀ ਸ਼ੁਰੂਆਤ 2012 'ਚ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਕੀਤੀ ਗਈ ਸੀ। ਸ਼੍ਰੀ ਸਿੰਗਲਾ ਵੱਲੋਂ ਫੜ੍ਹੀ ਸੰਚਾਲਕਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਤੋਂ ਕਿਰਾਇਆ ਲੈਣ ਦੇ ਬਦਲੇ ਮਾਰਕੀਟ ਕਮੇਟੀ ਵੱਲੋਂ ਬਿਜਲੀ, ਪਾਣੀ, ਪੱਕੀਆਂ ਫੜ੍ਹੀਆਂ, ਸੜਕਾਂ ਤੇ ਸਾਫ-ਸਫ਼ਾਈ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਬਾਅਦ ਨਾ ਤਾਂ ਅਕਾਲੀ ਸਰਕਾਰ ਵੱਲੋਂ ਫੜ੍ਹੀ ਸੰਚਾਲਕਾਂ ਦੀ ਸੁਣਵਾਈ ਕੀਤੀ ਗਈ ਅਤੇ ਨਾ ਹੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਫੜ੍ਹੀ ਸੰਚਾਲਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
ਲੱਖਾਂ ਰੁਪਏ ਸਾਲਾਨਾ ਕਮਾ ਰਿਹੈ ਵਿਭਾਗ
ਰਿਟੇਲ ਮੰਡੀ 'ਚ ਲਗਭਗ 195 ਦੇ ਕਰੀਬ ਫੜ੍ਹੀਆਂ ਬਣੀਆਂ ਹੋਈਆਂ ਹਨ। ਮਾਰਕੀਟ ਕਮੇਟੀ ਵੱਲੋਂ ਇਕ ਫੜ੍ਹੀ ਸੰਚਾਲਕ ਤੋਂ 750 ਰੁਪਏ ਪ੍ਰਤੀ ਮਹੀਨਾ ਕਿਰਾਇਆ ਵਸੂਲਿਆ ਜਾ ਰਿਹਾ ਹੈ। ਉਕਤ ਪਰਚੀ ਦੇ ਹਿਸਾਬ ਨਾਲ ਮਾਰਕੀਟ ਕਮੇਟੀ ਨੂੰ ਫੜ੍ਹੀਆਂ ਤੋਂ ਲੱਖਾਂ ਰੁਪਏ ਵਸੂਲੇ ਜਾ ਰਹੇ ਹਨ ਅਤੇ ਬੀਤੇ ਸਾਲਾਂ ਦੌਰਾਨ ਵਿਭਾਗ ਫੜ੍ਹੀ ਸੰਚਾਲਕਾਂ ਤੋਂ ਲੱਖਾਂ ਰੁਪਏ ਕਿਰਾਏ ਦੇ ਰੂਪ 'ਚ ਕਮਾ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਕਿਰਾਇਆ ਵਸੂਲਣ ਤੋਂ ਬਾਅਦ ਵੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਫੜ੍ਹੀ ਸੰਚਾਲਕਾਂ 'ਚ ਵਿਭਾਗ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਫੜ੍ਹੀਆਂ ਨਜ਼ਦੀਕ ਬਣਾਇਆ ਕੂੜਾ ਡੰਪ
ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਾਫ਼-ਸਫਾਈ ਰੱਖਣ ਲਈ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਉਸ ਦੇ ਉਲਟ ਮਾਰਕੀਟ ਕਮੇਟੀ ਵੱਲੋਂ ਸਬਜ਼ੀਆਂ ਦੀਆਂ ਫੜ੍ਹੀਆਂ ਨਜ਼ਦੀਕ ਹੀ ਕੂੜਾ ਡੰਪ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੂਰਾ ਦਿਨ ਮੰਡੀ 'ਚ ਬਦਬੂ ਫੈਲਦੀ ਰਹਿੰਦੀ ਹੈ। ਇਸ ਕਾਰਨ ਜਿਥੇ ਸਬਜ਼ੀਆਂ ਖਰੀਦਣ ਲਈ ਆਉਂਦੇ ਆਮ ਲੋਕਾਂ ਅਤੇ ਫੜ੍ਹੀ ਸੰਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਲੋਕਾਂ ਵਿਚ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ।


Related News