ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਦੇ ਬਾਵਜੂਦ ਸਰਕਾਰੀ ਮੈਡੀਕਲ ਕਾਲਜ ''ਚ ਚੋਰੀ

Monday, Jan 22, 2018 - 07:25 AM (IST)

ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਦੇ ਬਾਵਜੂਦ ਸਰਕਾਰੀ ਮੈਡੀਕਲ ਕਾਲਜ ''ਚ ਚੋਰੀ

ਅੰਮ੍ਰਿਤਸਰ, (ਦਲਜੀਤ ਸ਼ਰਮਾ)- ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਫਿਜ਼ੀਓਲਾਜੀ ਵਿਭਾਗ 'ਚ ਸ਼ਨੀਵਾਰ ਚੋਰਾਂ ਨੇ ਹੱਥ ਸਾਫ ਕਰ ਦਿੱਤਾ। ਵਿਭਾਗ ਦੇ ਸਟੋਰ ਦਾ ਤਾਲਾ ਤੋੜ ਕੇ ਚੋਰ ਕੰਪਿਊਟਰ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਜ਼ਿਕਰਯੋਗ ਹੈ ਕਿ ਸੁਰੱਖਿਆ ਕਰਮਚਾਰੀਆਂ ਦੇ ਡਿਊਟੀ 'ਤੇ ਹੋਣ ਦੇ ਬਾਵਜੂਦ ਚੋਰ ਆਪਣਾ ਕੰਮ ਆਸਾਨੀ ਨਾਲ ਕਰ ਕੇ ਚਲੇ ਗਏ।  ਸ਼ਨੀਵਾਰ ਨੂੰ ਸਵੇਰੇ ਜਦ ਫਿਜ਼ੀਓਲਾਜੀ ਵਿਭਾਗ ਖੋਲ੍ਹਿਆ ਗਿਆ ਤਾਂ ਸਟੋਰ ਰੂਮ ਖੁੱਲ੍ਹਾ ਸੀ। ਦਰਜਾ-4 ਕਰਮਚਾਰੀ ਨੇ ਉਸੇ ਵਕਤ ਪ੍ਰੋਫੈਸਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਸਟੋਰ 'ਚੋਂ ਮਾਨੀਟਰ ਤੇ ਕਾਫ਼ੀ ਪੁਰਾਣਾ ਸਾਮਾਨ ਗਾਇਬ ਸੀ, ਹਾਲਾਂਕਿ ਸਟੋਰ 'ਚ ਸਾਮਾਨ ਪੂਰਾ ਭਰਿਆ ਸੀ, ਇਸ ਲਈ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਕਿਹੜੀਆਂ ਚੀਜ਼ਾਂ ਚੋਰੀ ਹੋਈਆਂ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਤੇਜਬੀਰ ਸਿੰਘ ਨੇ ਸੁਰੱਖਿਆ ਕਰਮਚਾਰੀਆਂ ਤੋਂ ਜਵਾਬ ਤਲਬ ਕੀਤਾ ਹੈ, ਨਾਲ ਹੀ ਘਟਨਾ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ। ਪ੍ਰਿੰਸੀਪਲ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਸੁਰੱਖਿਆ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਚੌਕਸੀ ਨਾਲ ਡਿਊਟੀ ਕਰਨ।


Related News