ਪਾਬੰਦੀ ਦੇ ਬਾਵਜੂਦ ਪਾਲੀਥੀਨ ਬੈਗ ਦੀ ਵਰਤੋਂ ਜ਼ੋਰਾਂ ''ਤੇ

Thursday, Mar 08, 2018 - 01:23 AM (IST)

ਬਟਾਲਾ,   (ਸੈਂਡੀ)-  ਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਉਪਰ ਪੂਰਨ ਤੌਰ 'ਤੇ ਪਾਬੰਦੀ ਲਾਈ ਹੈ ਪਰ ਕੁਝ ਦੁਕਾਨਦਾਰ ਤੇ ਰੇਹੜੀਆਂ ਵਾਲੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਸ਼ਰੇਆਮ ਇਨ੍ਹਾਂ ਲਿਫਾਫਿਆਂ ਦੀ ਵਰਤੋਂ ਕਰ ਰਹੇ ਹਨ, ਇਸ ਨਾਲ ਆਧੁਨਿਕ ਯੁੱਗ ­'ਚ ਸਹੂਲਤਾਂ ਦੇ ਵਿਸਥਾਰ ਨੇ ਸਭ ਤੋਂ ਜ਼ਿਆਦਾ ਵਾਤਾਵਰਣ ਨੂੰ ਚੋਟ ਪਹੁੰਚਾਈ ਹੈ। ਲੋਕਾਂ ਦੀਆਂ ਸਹੂਲਤਾਂ ਵਾਸਤੇ ਬਣਾਇਆ ਪਾਲੀਥੀਨ ਅੱਜ ਮਨੁੱਖ ਜਾਤੀ ਲਈ ਵੱਡਾ ਖਤਰਾ ਬਣ ਚੁੱਕਾ ਹੈ। ਇਹ ਵਾਤਾਵਰਣ ਤੇ ਜੀਵ-ਜੰਤੂਆਂ ਲਈ ਵੱਡਾ ਖਤਰਾ ਬਣ ਰਿਹਾ ਹੈ। 
ਸੀਵਰੇਜ ਜਾਮ ਦਾ ਵੱਡਾ ਕਾਰਨ 
ਦੱਸਣਯੋਗ ਹੈ ਕਿ ਪਲਾਸਟਿਕ ਦੇ ਪਾਲੀਥੀਨ ਸੀਵਰੇਜ ਜਾਮ ਦਾ ਸਭ ਤੋਂ ਵੱਡਾ ਕਾਰਨ ਹਨ, ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ। 
ਆਕਾਰ ਸਬੰਧੀ ਛਿੜੀ ਬਹਿਸ :- 
ਪਾਲੀਥੀਨ ਬੈਗ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਇਸ ਦੇ ਆਕਾਰ ਸਬੰਧੀ ਬਹਿਸ ਛਿੜ ਗਈ ਹੈ। 0.6 ਮਿਲੀਮੀਟਰ ਤੋਂ ਪਤਲੇ ਪਾਲੀਥੀਨ ਨਾਲ ਸੀਵਰੇਜ ਤੇ ਨਾਲੀਆਂ ਜਾਮ ਹੋ ਰਹੀਆਂ ਹਨ। ਵਾਤਾਵਰਣ ਮਾਹਿਰਾਂ ਅਨੁਸਾਰ ਮੋਟੇ ਪਾਲੀਥੀਨ ਬੈਗ ਨੂੰ ਤਿੰਨ ਵਾਰ ਰੀਸਾਈਕਲ ਕਰ ਕੇ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ।
ਕੈਂਪ ਲਾ ਕੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦੈ : ਸਮਾਜ ਸੇਵੀ  
ਇਸ ਸਬੰਧੀ ਸ਼ਹਿਰ ਦੇ ਕੁਝ ਸਮਾਜ ਸੇਵੀ ਮਾ. ਜੋਗਿੰਦਰ ਸਿੰਘ, ਤੇਜਿੰਦਰ ਸਿੰਘ ਬਿਊਟੀ ਰੰਧਾਵਾ, ਜਨ-ਕਲਿਆਣ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਹਰਮਨ ਗੁਰਾਇਆ, ਬੁੱਧੀਜੀਵੀ ਪ੍ਰਿੰਸੀ. ਹਰਬੰਸ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਪਾਲੀਥੀਨ ਬੈਗ ਦੇ ਮਾੜੇ ਨਤੀਜਿਆਂ ਬਾਰੇ ਪਿੰਡਾਂ ਤੇ ਸ਼ਹਿਰਾਂ 'ਚ ਜਾਗਰੂਕਤਾ ਕੈਂਪ ਲਾ ਕੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਲੋਕ ਖੁਦ ਹੀ ਇਸ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਤੇ ਇਸ ਦੇ ਨਾਲ ਹੀ ਪਾਲੀਥੀਨ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


Related News