ਦੂਸਰੇ ਰਾਜਾਂ ਤੋਂ ਆਏ ਬੱਸ ਡਰਾਈਵਰ ਪਿਛਲੇ 4 ਦਿਨਾਂ ਤੋਂ ਲੁਧਿਆਣੇ ''ਚ ਰਹਿਣ ਲਈ ਮਜਬੂਰ

08/27/2017 4:27:06 PM

ਲੁਧਿਆਣਾ (ਜ.ਬ.)-ਪੰਜਾਬ 'ਚ ਡੇਰਾ ਪ੍ਰੇਮੀਆਂ ਵੱਲੋਂ ਪਾਏ ਖਰੂਦ ਦਾ ਲੁਧਿਆਣਾ ਵਿਚ ਬੇਸ਼ੱਕ ਅਸਰ ਜ਼ਿਆਦਾ ਨਹੀਂ ਦਿਸਿਆ ਪਰ ਆਲੇ-ਦੁਆਲੇ ਦੇ ਜ਼ਿਲਿਆਂ ਵਿਚ ਡੇਰਾ ਸਮਰਥਕਾਂ ਵੱਲੋਂ ਕੀਤੀ ਗਈ ਭੰਨ-ਤੋੜ ਤੇ ਅਗਜ਼ਨੀ ਨੇ ਪੰਜਾਬ ਦੀਆਂ ਬੱਸਾਂ ਤੇ ਹੋਰ ਵਾਹਨਾਂ 'ਤੇ ਬ੍ਰੇਕ ਲਗਾ ਦਿੱਤੀ ਹੈ। ਇਸ ਵਿਵਾਦ ਕਾਰਨ ਪਿਛਲੇ 4 ਦਿਨਾਂ ਤੋਂ ਸਰਕਾਰੀ ਬੱਸਾਂ ਦੀ ਬੰਦੀ ਨਾਲ ਹੁਣ ਕਰਮਚਾਰੀ ਵੀ ਪ੍ਰੇਸ਼ਾਨੀ ਝੱਲਣ ਨੂੰ ਮਜਬੂਰ ਹੋ ਗਏ ਹਨ।
ਅੱਜ ਜਦੋਂ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਤਾਂ ਅਕਸਰ ਭਾਰੀ ਰਸ਼ ਵਾਲੇ ਬੱਸ ਸਟੈਂਡ 'ਚ ਕਰਫਿਊ ਵਰਗਾ ਨਜ਼ਾਰਾ ਦਿਸਿਆ। ਦੂਸਰੇ ਦਿਨ ਵੀ ਬੱਸ ਸਟੈਂਡ ਕੰਪਲੈਕਸ ਨੂੰ ਪੁਲਸ ਨੇ ਆਪਣੇ ਸੁਰੱਖਿਆ ਘੇਰੇ ਵਿਚ ਰੱਖਿਆ ਤੇ ਕਿਸੇ ਨੂੰ ਵੀ ਅੰਦਰ-ਬਾਹਰ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ ਸੀ, ਜਦਕਿ ਯਾਤਰੀ ਅਜੇ ਵੀ ਬੱਸਾਂ ਦੇ ਚੱਲਣ ਸਬੰਧੀ ਪੁੱਛਗਿੱਛ ਕਰ  ਕੇ ਆਪਣਾ ਸਾਮਾਨ ਨਾਲ ਲੈ ਕੇ ਘੁੰਮ ਰਹੇ ਹਨ। ਡੇਰਾ ਮੁਖੀ ਮਾਮਲੇ ਦਾ ਬੁਰਾ ਅਸਰ ਉਨ੍ਹਾਂ ਡਰਾਈਵਰਾਂ 'ਤੇ ਵੀ ਪਿਆ ਹੈ, ਜੋ ਹੋਰਨਾਂ ਰਾਜਾਂ ਤੋਂ ਬੱਸਾਂ ਲੈ ਕੇ ਲੁਧਿਆਣੇ ਪਹੁੰਚੇ ਸਨ ਪਰ ਮਾਹੌਲ ਗਰਮਾਉਣ ਤੋਂ ਬਾਅਦ ਵਾਪਸ ਆਪਣੇ ਰਾਜਾਂ ਨੂੰ ਨਹੀਂ ਪਰਤ ਸਕੇ। ਹੁਣ ਪਿਛਲੇ ਚਾਰ ਦਿਨਾਂ ਤੋਂ ਇਨ੍ਹਾਂ ਦਾ ਸਾਰਾ ਸਮਾਂ ਤਾਸ਼ ਕੁੱਟਣ ਜਾਂ ਫਿਰ ਬੱਸ ਸਟੈਂਡ ਦੇ ਅੰਦਰ ਹੀ ਇਧਰ-ਉਧਰ ਘੁੰਮ ਕੇ ਲੰਘ ਰਿਹਾ ਹੈ। ਕੰਡਕਟਰ ਵੀ ਖਾਲੀ ਸਮੇਂ ਨੂੰ ਵਰਤੋਂ ਵਿਚ ਲਿਆਉਣ ਲਈ ਬੱਸਾਂ ਦੀ ਚੰਗੀ ਤਰ੍ਹਾਂ ਨਾਲ ਧੁਲਾਈ ਸਫਾਈ ਕਰਨ ਵਿਚ ਜੁਟੇ ਦਿਸੇ। 
ਚੰਡੀਗੜ੍ਹ ਡਿਪੂ ਦੀ ਸਰਕਾਰੀ ਬੱਸ ਲੈ ਕੇ ਲੁਧਿਆਣਾ ਆਏ ਸਵਰਨ ਸਿੰਘ ਨੇ ਕਿਹਾ ਕਿ ਬੁਰੇ ਹਾਲਾਤ ਨੇ ਉਨ੍ਹਾਂ ਦਾ ਵਾਪਸ ਜਾਣਾ ਮੁਸ਼ਕਿਲ ਕਰ ਦਿੱਤਾ ਹੈ। ਉਸ ਦੇ ਪਰਿਵਾਰ ਵਾਲੇ ਵੀ ਪ੍ਰੇਸ਼ਾਨ ਹਨ ਅਤੇ ਵਾਰ-ਵਾਰ ਫੋਨ ਕਰ ਕੇ ਉਸ ਦਾ ਹਾਲ ਚਾਲ ਪੁੱਛ ਰਹੇ ਹਨ। ਇਕ ਹੋਰ ਡਰਾਈਵਰ ਨੇ ਕਿਹਾ ਕਿ ਇਥੇ ਫਸੇ ਹੋਣ 'ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਕੁਝ ਵੀ ਖਾਣ-ਪੀਣ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਖਾਲੀ ਦਿਨਾਂ ਦਾ ਸਾਰਾ ਖਰਚਾ ਉਹ ਖੁਦ ਕਰ ਰਹੇ ਹਨ। ਵਿਭਾਗੀ ਸੂਤਰ ਦੱਸਦੇ ਹਨ ਕਿ ਤਣਾਅ ਦੌਰਾਨ ਇਕੱਲੇ ਲੁਧਿਆਣਾ ਰੋਡਵੇਜ਼ ਡਿਪੂ ਹੀ ਕਰੀਬ 17 ਲੱਖ ਦੇ ਰੈਵੇਨਿਊ ਦਾ ਨੁਕਸਾਨ ਹੋ ਗਿਆ ਹੈ। 
 


Related News