ਭਗਤਾ ਤੋਂ ਬਠਿੰਡਾ ਵਾਇਆ ਨਥਾਣਾ ਬੱਸ ਸੇਵਾ ਸ਼ੁਰੂ

06/24/2024 10:52:49 AM

ਨਥਾਣਾ (ਬੱਜੋਆਣੀਆਂ) : ਪੀ. ਆਰ. ਟੀ. ਸੀ. ਬਠਿੰਡਾ ਵੱਲੋਂ ਭਗਤਾ ਵਾਇਆ ਨਥਾਣਾ ਬਠਿੰਡਾ ਸਵੇਰ ਦਾ ਨਵਾਂ ਟਾਈਮ ਸ਼ੁਰੂ ਕੀਤਾ ਗਿਆ ਹੈ। ਇਸ ਕਰ ਕੇ ਇਸ ਇਲਾਕੇ ਦੇ ਲੋਕਾਂ ਅਤੇ ਖ਼ਾਸ ਕਰ ਕੇ ਮੁਲਾਜ਼ਮਾਂ ਦੀ ਮੰਗ ਪੂਰੀ ਹੋਈ ਹੈ। ਇਸ ਬੱਸ ਨੂੰ ਬੱਸ ਸਟੈਂਡ ਭਗਤਾ ਭਾਈ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਭਗਤਾ ਭਾਈ ਤੋਂ 5 ਵਜ ਕੇ 15 ਮਿੰਟ ’ਤੇ ਚੱਲਿਆ ਕਰੇਗੀ, ਜੋ ਵਾਇਆ ਕਲਿਆਣ ਸੁੱਖਾ ਵਿਖੇ 5.40 ਵਜੇ ਨਥਾਣਾ, ਭੁੱਚੋ ਕੈਚੀਆਂ ਤੋਂ ਬੱਸ ਸਟੈਂਡ ਬਠਿੰਡਾ ਪਹੁੰਚਣ ਉਪਰੰਤ ਚੰਡੀਗੜ੍ਹ ਨੂੰ ਰਵਾਨਾ ਹੋਇਆ ਕਰੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਵਿਚ ਨੌਕਰੀ ਕਰ ਰਹੇ ਗੁਰਦੀਪ ਸਿੰਘ, ਬਹਾਦਰ ਕਲਿਆਣ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਨੂੰ ਦਿੱਲੀ, ਪਟਿਆਲਾ, ਚੰਡੀਗੜ੍ਹ ਜਾਣ ਲਈ ਸਵੇਰੇ ਸਮੇਂ ਹਰਦੁਆਰ ਟਰੇਨ ਅਤੇ ਹੋਰ ਰੇਲ ਗੱਡੀਆਂ ਦੇ ਸਮੇਂ ’ਤੇ ਪਹੁੰਚਣ ਲਈ ਬਹੁਤ ਪਰੇਸ਼ਾਨੀ ਆਉਂਦੀ ਸੀ, ਜਿਸ ਕਰ ਕੇ ਇਸ ਇਲਾਕੇ ਦੇ ਲੋਕਾਂ ਅਤੇ ਮੁਲਾਜ਼ਮਾਂ ਵੱਲੋਂ ਪੀ. ਆਰ. ਟੀ. ਸੀ. ਦੇ ਜੀ.ਐੱਮ. ਬਠਿੰਡਾ ਅਤੇ ਉੱਚ ਅਧਿਕਾਰੀਆਂ ਨਾਲ ਇਸ ਨੂੰ ਰੂਟ ਚਲਾਉਣ ਦੀ ਮੰਗ ਕੀਤੀ ਗਈ।

ਇਸ ਮੰਗ ਨੂੰ ਪ੍ਰਵਾਨ ਕਰਦਿਆਂ ਪੀ. ਆਰ. ਟੀ. ਸੀ. ਵੱਲੋਂ ਇਹ ਰੂਟ ਚਾਲੂ ਕਰ ਦਿੱਤਾ ਗਿਆ। ਇਹ ਬੱਸ ਭਗਤਾ ਭਾਈ ਕੋਠਾ ਗੁਰੂ ਕਾ, ਦਿਆਲਪੁਰਾ ਮਿਰਜਾ, ਕਲਿਆਣ ਮੱਲਕਾ, ਕਲਿਆਣ ਸੁੱਖਾ, ਬੱਸ ਸਟੈਂਡ ਨਾਥਪੁਰਾ, ਨਥਾਣਾ, ਪੂਹਲਾ, ਭੁੱਚੋ ਕੈਂਚੀਆਂ ਤੋਂ ਬਠਿੰਡਾ ਪਹੁੰਚਿਆ ਕਰੇਗੀ। ਇਸ ਮੌਕੇ ਇਲਾਕੇ ਦੇ ਸਮੂਹ ਨਗਰ ਨਿਵਾਸੀਆਂ ਸਮੇਤ ਗੁਰਦੀਪ ਸਿੰਘ, ਬਾਦਲ ਸਿੰਘ, ਸਰਬਜੀਤ ਸਿੰਘ ਕਾਕਾ ਅਤੇ ਹੋਰਨਾਂ ਨੇ ਪੀ. ਆਰ. ਟੀ. ਸੀ. ਮੈਨੇਜਮੈਂਟ ਦਾ ਧੰਨਵਾਦ ਕੀਤਾ।
 


Babita

Content Editor

Related News