4 ਜੂਨ ਤੋਂ ਬਾਅਦ ‘ਇੰਡੀਆ’ ਬਣਾਏਗਾ ਸਰਕਾਰ : ਲਾਲੂ
Wednesday, May 29, 2024 - 07:34 PM (IST)
ਨੈਸ਼ਨਲ ਡੈਸਕ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੇ ‘ਪ੍ਰਮਾਤਮਾ ਵਲੋਂ ਭੇਜੇ ਜਾਣ’ ਸਬੰਧੀ ਕਥਿਤ ਬਿਆਨ ’ਤੇ ਤਨਜ਼ ਕੱਸਿਆ ਅਤੇ ਦਾਅਵਾ ਕੀਤਾ ਕਿ 4 ਜੂਨ ਤੋਂ ਬਾਅਦ ‘ਇੰਡੀਆ’ ਗੱਠਜੋੜ ਕੇਂਦਰ ’ਚ ਸਰਕਾਰ ਬਣਾਏਗਾ। ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਲਾਲੂ ਨੇ ਕਿਹਾ ਕਿ ਮੋਦੀ ਆਪਣੇ ਆਪ ਨੂੰ ਅਵਤਾਰ ਕਹਿੰਦੇ ਹਨ। ਉਹ (ਮੋਦੀ) ਕਹਿੰਦੇ ਹਨ ਕਿ ਉਹ ਜੈਵਿਕ ਨਹੀਂ ਸਗੋਂ ਅਵਤਾਰ ਹਨ।
ਸਾਨੂੰ ਛੇਤੀ ਹੀ ਨਤੀਜੇ ਪਤਾ ਲੱਗ ਜਾਣਗੇ। ਇਹ ਪੁੱਛੇ ਜਾਣ ’ਤੇ ਕਿ 4 ਜੂਨ ਨੂੰ ਕੀ ਹੋਵੇਗਾ, ਰਾਜਦ ਮੁਖੀ ਨੇ ਕਿਹਾ ਕਿ ਸਰਕਾਰ ਸਾਡੇ ਲੋਕਾਂ (ਇੰਡੀਆ ਗੱਠਜੋੜ) ਦੀ ਬਣੇਗੀ। ਇਸ ਤੋਂ ਪਹਿਲਾਂ ਦਿਨ ’ਚ ਰਾਜਦ ਮੁਖੀ ਨੇ ਰਾਸ਼ਟਰੀ ਜਨਤਾਂਤਰਿਕ ਗੱਠਜੋੜ (ਰਾਜਗ) ’ਤੇ ਤੀਜੀ ਵਾਰ ਸੱਤਾ ’ਚ ਆਉਣ ’ਤੇ ਸੰਵਿਧਾਨ ਨੂੰ ਬਦਲਣ ਅਤੇ ਰਾਖਵਾਂਕਰਨ ਖਤਮ ਕਰਨ ਦਾ ਇਰਾਦਾ ਰੱਖਣ ਦਾ ਦੋਸ਼ ਲਗਾਇਆ।
ਮੰਗਲਵਾਰ ‘ਐਕਸ’ ’ਤੇ ਇਕ ਪੋਸਟ ’ਚ ਲਾਲੂ ਨੇ ਲਿਖਿਆ,‘ਸਾਡੇ ਸੰਵਿਧਾਨ ਨਿਰਮਾਤਾ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਅਤੇ ਮਾਣਯੋਗ ਕਾਂਸ਼ੀ ਰਾਮ ਜੀ ਦਾ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਸਾਰੀ ਉਮਰ ਨਿਰਾਦਰ ਕਰਨ ਵਾਲੇ ਭਾਜਪਾ ਅਤੇ ਭਾਜਪਾਈ ਸੰਵਿਧਾਨ ਅਤੇ ਰਾਖਵਾਂਕਰਨ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ। ਬਾਬਾ ਸਾਹਿਬ ਨੇ ਹੀ ਸੰਵਿਧਾਨ ਲਿਖਿਆ ਹੈ, ਇਸ ਲਈ ਮੋਦੀ ਜੀ ਐਂਡ ਕੰਪਨੀ ਨੂੰ ਸੰਵਿਧਾਨ ਤੋਂ ਨਫਰਤ ਹੈ।
4 ਜੂਨ ਤੋਂ ਬਾਅਦ ਪਰਮਾਨੈਂਟ ਟੋਪੀ ਪਹਿਣਨਗੇ ਲਾਲੂ : ਗਿਰੀਰਾਜ
ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਦੇ ਬਿਆਨ ’ਤੇ ਹੁਣ ਭਾਜਪਾ ਨੇ ਵੀ ਪਲਟਵਾਰ ਕਰਦੇ ਹੋਏ ਕੇਂਦਰੀ ਮੰਤਰੀ ਤੇ ਬੇਗੂਸਰਾਏ ਤੋਂ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਕਿਹਾ ਕਿ ਲਾਲੂ ਯਾਦਵ ਹੁਣ ਪਰਮਾਨੈਂਟ ਟੋਪੀ ਪਹਿਣਨਗੇ। ਉਹ ਵੋਟ ਲਈ ਟੋਪੀ ਪਹਿਨ ਰਹੇ ਹਨ। ਫੁਲਵਾਰੀ ਸ਼ਰੀਫ ਦੇ ਖਾਨਕਾਹ-ਏ-ਮੁਜੀਬੀਆ ’ਚ ਜਾਲੀਦਾਰ ਟੋਪੀ ’ਚ ਲਾਲੂ ਪ੍ਰਸਾਦ ਦੇ ਜਾਣ ’ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਤਨਜ਼ ਕੱਸਦੇ ਹੋਏ ਕਿਹਾ ਕਿ 4 ਜੂਨ ਤੋਂ ਬਾਅਦ ਲਾਲੂ ਪ੍ਰਸਾਦ ਪਰਮਾਨੈਂਟ ਮਸਜਿਦ ’ਚ ਜਾ ਕੇ ਨਮਾਜ਼ ਪੜਣਗੇ।