ਸ੍ਰੀ ਖੁਰਾਲਗੜ੍ਹ ਬੱਸ ਹਾਦਸਾ: ਹੁਣ ਤੱਕ 4 ਹਾਦਸਿਆਂ ’ਚ 13 ਸ਼ਰਧਾਲੂਆਂ ਦੀ ਹੋ ਚੁੱਕੀ ਹੈ ਮੌਤ

06/13/2024 11:52:12 AM

ਗੜ੍ਹਸ਼ੰਕਰ (ਭਾਰਦਵਾਜ)-ਗੜ੍ਹਸ਼ੰਕਰ ਦੇ ਪਹਾੜੀ ਬੀਤ ਇਲਾਕੇ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਅਸਥਾਨ ਸ੍ਰੀ ਖੁਰਾਲਗੜ੍ਹ ਵਿਖੇ ਮੱਥਾ ਟੇਕਣ ਆਉਣ-ਜਾਣ ਵਾਲੇ ਸ਼ਰਧਾਲੂਆਂ ਦੇ ਪਿਛਲੇ ਸਮੇਂ ਹੋਏ 4 ਹਾਦਸਿਆਂ ਵਿਚ 13 ਦੀ ਮੌਤ ਅਤੇ 105 ਜ਼ਖ਼ਮੀ ਹੋ ਚੁਕੇ ਹਨ। ਇਸ ਅਸਥਾਨ ਨੂੰ ਜਾਂਦੇ ਸ਼ਰਧਾਲੂਆਂ ਦੀਆਂ ਗੱਡੀਆਂ ਅਕਸਰ ਹਾਦਸਾਗ੍ਰਸਤ ਹੁੰਦੀਆਂ ਰਹਿੰਦੀਆਂ ਹਨ ਪਰ ਸਬੰਧਤ ਮਹਿਕਮਿਆਂ ਦੇ ਅਧਿਕਾਰੀ ਅਤੇ ਸੱਤਾਧਾਰੀ ਧਿਰ ਦੇ ਆਗੂ ਜਲਦੀ ਹੀ ਸਭ ਸਹੀ ਕਰਨ ਦਾ ਭਰੋਸਾ ਦੇ ਕੇ ਆਪਣਾ ਪੱਲਾ ਝਾੜ ਲੈਂਦੇ ਹਨ।

ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਡੂੰਘੀਆਂ ਪਹਾੜੀਆਂ ’ਚ ਬਣੀਆਂ ਤੰਗ ਸੜਕਾਂ ਅਤੇ ਮੈਦਾਨੀ ਇਲਾਕਿਆਂ ਦੇ ਡਰਾਈਵਰਾਂ ਦੀ ਪਹਾੜੀ ਇਲਾਕੇ ਵਿਚ ਬਣੀਆਂ ਸੜਕਾਂ ’ਤੇ ਲਾਪ੍ਰਵਾਹੀ ਵੀ ਹੈ। ਕਿਉਂਕਿ ਉਹ ਉਤਾਰਈ-ਚੜ੍ਹਾਈ ਵਾਲੀ ਸੜਕ ਨੂੰ ਸਮਝ ਨਹੀਂ ਪਾਉਂਦੇ ਅਤੇ ਅਕਸਰ ਗੱਡੀ ’ਤੇ ਸੁੰਤਲਨ ਗੁਆ ਬਹਿੰਦੇ ਹਨ, ਜਿਸ ਕਾਰਨ ਹਾਦਸਾ ਵਾਪਰ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਅਤੇ ਇਲਾਕੇ ਦੇ ਲੋਕਾਂ ਦੀ ਸੜਕ ਚੌੜਾ ਕਰਨ ਦੀ ਮੰਗ ਕਾਫ਼ੀ ਸਮੇਂ ਤੋਂ ਲਟਕ ਰਹੀ ਹੈ ਅਤੇ ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਦਾ ਖਮਿਆਜ਼ਾ ਲੋਕਾਂ ਦੀਆਂ ਕੀਮਤੀ ਜਾਨਾਂ ਵਾਰ ਕੇ ਉਠਾਉਣਾ ਪੈ ਰਿਹਾ ਹੈ। ਇਸ ਸਬੰਧੀ ਐੱਸ. ਡੀ. ਐੱਮ. ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਵਾਰੀ ਗੱਡੀਆਂ ਦਾ ਇਸਤੇਮਾਲ ਨਾ ਕਰਨ ਕਿਉਂਕਿ ਝੋਲ ਵੱਜਣ ਨਾਲ ਉਹ ਪਲਟ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੜਕ ਦੇ ਚੌੜਾ ਕਰਨ ਦਾ ਕੋਈ ਪ੍ਰਸਤਾਵ ਨਹੀਂ ਮਿਲਿਆ।

ਇਹ ਵੀ ਪੜ੍ਹੋ-ਪੰਜਾਬ 'ਚ ਇਕ ਵਾਰ ਫਿਰ ਚੋਣ ਘਮਸਾਨ: ਜਲੰਧਰ ਵੈਸਟ ਜ਼ਿਮਨੀ ਚੋਣ ’ਚ ਡਟਣਗੀਆਂ ਹੁਣ ਸਾਰੀਆਂ ਸਿਆਸੀ ਧਿਰਾਂ

ਹੁਣ ਤੱਕ ਹੋ ਚੁੱਕੇ ਹਨ ਵਾਹਨ ਹਾਦਸੇ
*2 ਮਾਰਚ 2023 ਨੂੰ ਮੋਗੇ ਤੋਂ ਨਿੱਜੀ ਬੱਸ ਵਿਚ ਸਵਾਰ ਹੋ ਕੇ 30 ਦੇ ਕਰੀਬ ਸ਼ਰਧਾਲੂ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਆ ਰਹੇ ਸਨ। ਜਦੋਂ ਬੱਸ ਗੜ੍ਹੀ ਮਨਸੋਵਾਲ ਦੀਆਂ ਪਹਾੜੀਆਂ ਵਿਚ ਪਹੁੰਚੀ ਤਾਂ ਉਹ ਡੂੰਘੀ ਖੱਡ ’ਚ ਪਲਟ ਗਈ, ਇਸ ਹਾਦਸੇ ਵਿਚ 12 ਸ਼ਰਧਾਲੂ ਜ਼ਖ਼ਮੀ ਹੋਏ ਸਨ।
*12-13 ਅਪ੍ਰੈਲ 2023 ਦੀ ਰਾਤ ਯਮੁਨਾਨਗਰ, ਹਰਿਆਣਾ, ਉੱਤਰ ਪ੍ਰਦੇਸ਼ ਦੀ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੈਦਲ ਮੱਥਾ ਟੇਕਣ ਜਾ ਰਹੀ ਸੀ ਤਾਂ ਪਿੱਛੋਂ ਆਏ ਟਰੱਕ ਨੇ ਉਨ੍ਹਾਂ ਨੂੰ ਰੌਂਦ ਦਿੱਤਾ। ਜਿਸ ਵਿਚ 7 ਸ਼ਰਧਾਲੂਆਂ ਦੀ ਮੌਤ ਤੇ 20 ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਇਕੋ ਘਰ ਦੇ 5 ਜੀਅ ਮਾਰੇ ਗਏ ਸਨ। 
*20 ਮਈ 2023 ਨੂੰ ਪਰਾਗਪੁਰ ਤੇ ਮੁਬਾਰਕਪੁਰ ਨਵਾਂਸ਼ਹਿਰ ਦੇ ਕਰੀਬ 40 ਟ੍ਰੈਕਟਰ-ਟਰਾਲੀ ਵਿਚ ਸਵਾਰ ਹੋ ਕੇ ਚਰਨ ਛੋਹ ਤਪ ਅਸਥਾਨ ਨੂੰ ਜਾ ਰਹੇ ਸਨ। ਇਹ ਬੱਸੀ ਪਿੰਡ ਕੋਲ ਕਰੀਬ 100 ਫੁੱਟ ਡੂੰਘੀ ਖੱਡ ’ਚ ਪਲਟ ਗਈ, ਇਸ ਹਾਦਸੇ ਵਿਚ 3 ਔਰਤਾਂ ਦੀ ਮੌਤ ਅਤੇ 31 ਜ਼ਖ਼ਮੀ ਹੋਏ ਸਨ।
*10 ਜੂਨ 2024 ਦੀ ਰਾਤ ਪਿੰਡ ਉੜਦਨ ਜ਼ਿਲਾ ਪਟਿਆਲਾ ਦੇ 55 ਸ਼ਰਧਾਲੂ ਕੈਂਟਰ ਗੱਡੀ ਵਿਚ ਸਵਾਰ ਹੋਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ ਤਾਂ ਗੱਡੀ ਦੀ ਬ੍ਰੇਕ ਫੇਲ ਹੋਣ ਨਾਲ ਪਲਟ ਗਈ। ਜਿਸ ਕਰਨ 3 ਸ਼ਰਧਾਲੂਆਂ ਦੀ ਮੌਤ ਅਤੇ 42 ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ-ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ

ਸੜਕ ਨੂੰ ਚੌੜਾ ਕਰਨ ਦਾ ਮੁੱਦਾ ਉੱਠਾਇਆ ਸੀ : ਨਿਮਿਸ਼ਾ ਮਹਿਤਾ
ਇਸ ਮੌਕੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨਾਲ ਦੁੱਖ ਸਾਂਝਾ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਹਾਦਸਿਆਂ ਵਿਚ ਜਾਨਾਂ ਗੁਆ ਚੁੱਕੇ ਪਰਿਵਾਰਾਂ ਦੇ ਮੈਂਬਰਾਂ ਅਤੇ ਜ਼ਖ਼ਮੀਆਂ ਨਾਲ ਡੂੰਘੀ ਹਮਦਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਦਾ ਮੁੱਦਾ ਉਠਾਇਆ ਸੀ। ਹਾਦਸੇ ਹੋਣ ਤੋਂ ਬਾਅਦ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਨਾਮ ਲੇਵਾ ਸੰਗਤ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਜਲਦ ਹੀ ਹਾਦਸਿਆਂ ਦਾ ਕਾਰਨ ਬਣ ਰਹੀ ਸੜਕ ਨੂੰ ਚੌੜਾ ਕਰਵਾਉਣਗੇ। ਪਰ ਉਨ੍ਹਾਂ ਦਾ ਇਹ ਬਿਆਨ ਹਵਾ ’ਚ ਹੀ ਰਹਿ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੜਕ ਨੂੰ ਚੌੜਾ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਸੰਗਤ ਨੂੰ ਇਹੋ ਜਿਹੇ ਦੁਖ਼ਦਾਈ ਹਾਦਸਿਆਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News