ਪਾਕਿ ਵਲੋਂ ਸ਼ਰਧਾਲੂਆਂ ''ਤੇ ਲਾਇਆ ਗਿਆ 20 ਡਾਲਰ ਦਾ ਜਜ਼ੀਆ ਟੈਕਸ ਮਨਜ਼ੂਰ ਨਹੀਂ : ਅਮਰਿੰਦਰ
Friday, Sep 20, 2019 - 10:48 AM (IST)
ਡੇਰਾ ਬਾਬਾ ਨਾਨਕ (ਵਤਨ, ਕੰਵਲਜੀਤ) : ਵੀਰਵਾਰ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ 'ਚ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਸਮੁੱਚੀ ਕੈਬਨਿਟ ਨੇ ਹਿੱਸਾ ਲਿਆ ਅਤੇ ਇਤਿਹਾਸ 'ਚ ਇਹ ਵੀ ਪਹਿਲੀ ਵਾਰ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਡੇਰਾ ਬਾਬਾ ਨਾਨਕ 'ਚ ਕੈਬਨਿਟ ਦੀ ਪਹਿਲੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਾਂਘੇ ਦੇ ਕੰਮਾਂ ਦਾ ਜਾਇਜ਼ਾ ਲਿਆ ਹੈ ਅਤੇ ਲੈਂਡ ਪੋਰਟ ਅਥਾਰਟੀ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਯਕੀਨ ਦਿਵਾਇਆ ਕਿ 30 ਅਕਤੂਬਰ ਤੱਕ ਲਾਂਘੇ ਸਬੰਧੀ ਸਮੁੱਚੇ ਕਾਰਜਾਂ ਨੂੰ ਨੇਪਰੇ ਚਾੜ੍ਹ ਲਿਆ ਜਾਵੇਗਾ ਅਤੇ ਇਸ ਸਬੰਧੀ ਦਿਨ-ਰਾਤ ਨਿਰਮਾਣ ਕਾਰਜਾਂ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਪਾਕਿਸਤਾਨ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਤੋਂ 20 ਡਾਲਰ ਫੀਸ ਲਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਾਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਕਿਸੇ ਵੀ ਗੁਰਧਾਮ ਦੇ ਦਰਸ਼ਨਾਂ ਲਈ ਅਜਿਹੀ ਫੀਸ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਫੀਸ ਸਿੱਖ ਪ੍ਰੰਪਰਾ ਦੇ ਵਿਰੁੱਧ ਹੈ ਅਤੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਜਲਦੀ ਸੁਲਝਾਵੇ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ ਅਤੇ ਗੁਰੂਆਂ ਨੇ ਵੀ ਧਰਤੀ, ਪਾਣੀ ਅਤੇ ਹਵਾ ਨੂੰ ਮਾਤਾ-ਪਿਤਾ ਦਾ ਦਰਜਾ ਦਿੱਤਾ ਸੀ ਅਤੇ ਪਾਣੀ ਦੀ ਅੰਨ੍ਹੇਵਾਹ ਹੋ ਰਹੀ ਬਰਬਾਦੀ ਕਾਰਣ ਪਾਣੀ ਦਾ ਜ਼ਮੀਨੀ ਪੱਧਰ ਦਿਨ-ਪ੍ਰਤੀਦਿਨ ਹੇਠਾਂ ਵੱਲ ਨੂੰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਬਟਾਲਾ ਵਿਖੇ ਹੋਵੇਗੀ ਅਤੇ ਸਮੁੱਚੀਆਂ ਮੀਟਿੰਗਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਤ ਹੋਣਗੀਆਂ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਨਾਲ ਸਾਂਝੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਮਨਾਉਣ ਦੇ ਹੱਕ ਵਿਚ ਹਨ ਅਤੇ ਇਸੇ ਕਾਰਣ ਹੀ ਸਰਕਾਰ ਦੇ ਨੁਮਾਇੰਦੇ ਜਿਨ੍ਹਾਂ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਸਨ, ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਕਰ ਕੇ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਹੈ। ਇਸ ਮੌਕੇ ਸਮੁੱਚੀ ਕੈਬਨਿਟ ਉਨ੍ਹਾਂ ਦੇ ਨਾਲ ਸੀ, ਜਿਨ੍ਹਾਂ ਵਿਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਓਮ ਪ੍ਰਕਾਸ਼ ਸੋਨੀ ਅਤੇ ਅਰੁਣਾ ਚੌਧਰੀ ਆਦਿ ਪ੍ਰਮੁੱਖ ਹਨ।
ਹੈਰੀਟੇਜ ਅਤੇ ਫੂਡ ਸਟ੍ਰੀਟ ਲਈ 3.70 ਕਰੋੜ ਦੀ ਮਨਜ਼ੂਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ 'ਚ ਹੈਰੀਟੇਜ ਤੇ ਫੂਡ ਸਟ੍ਰੀਟ ਦੀ ਉਸਾਰੀ ਲਈ 3.70 ਕਰੋੜ ਰੁਪਏ ਦੀ ਵੀ ਮਨਜ਼ੂਰੀ ਦਿੱਤੀ ਅਤੇ ਵੱਖੋ-ਵੱਖ ਵਿਭਾਗਾਂ ਨੂੰ ਸਮੇਂ-ਸਿਰ ਸਾਰੇ ਕੰਮ ਪੂਰੇ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਚੈੱਕ ਪੋਸਟ ਨੂੰ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਇਸ ਦੀ ਸਮਰੱਥਾ 5 ਹਜ਼ਾਰ ਤੋਂ 10 ਹਜ਼ਾਰ ਦੀ ਹੋਵੇਗੀ। ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ, ਬਟਾਲਾ ਅਤੇ ਗੁਰਦਾਸਪੁਰ ਵਿਖੇ 450 ਕਰੋੜ ਰੁਪਏ ਦੇ ਕੰਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਸਮਾਗਮ ਸਬੰਧੀ ਅਧਿਕਾਰਤ ਪ੍ਰੋਗਰਾਮ ਛੇਤੀ ਹੀ ਜਾਰੀ ਹੋਵੇਗਾ।
ਇਸ ਤੋਂ ਇਲਾਵਾ ਅਧਿਕਾਰਤ ਬੁਲਾਰੇ ਅਨੁਸਾਰ, ਮੁੱਖ ਮੰਤਰੀ ਵਲੋਂ ਡੇਰਾ ਬਾਬਾ ਨਾਨਕ ਵਿਖੇ ਸੜਕਾਂ ਨੂੰ ਚੌੜਾ ਕਰਨ/ਮਜ਼ਬੂਤ ਕਰਨ ਲਈ ਮਨਜ਼ੂਰ 75.23 ਕਰੋੜ ਰੁਪਏ ਵਿਚੋਂ 64.60 ਕਰੋੜ ਰੁਪਏ 35 ਕਿਲੋਮੀਟਰ ਲੰਬੀ ਅੰਮ੍ਰਿਤਸਰ-ਸੋਹੀਆਂ-ਫਤਹਿਗੜ੍ਹ ਚੂੜੀਆਂ- ਡੇਰਾ ਬਾਬਾ ਨਾਨਕ ਰੋਡ ਲਈ ਰੱਖੇ ਗਏ ਹਨ। ਇਸ ਦੀ ਤਕਨੀਕੀ ਤੌਰ 'ਤੇ ਪਰਖ ਹੋ ਚੁੱਕੀ ਹੈ। ਜਿੱਥੇ 4.33 ਕਰੋੜ ਰੁਪਏ ਰਮਦਾਸ-ਡੇਰਾ ਬਾਬਾ ਨਾਨਕ ਰੋਡ ਉਤੇ ਖਰਚੇ ਜਾਣਗੇ, ਉਥੇ ਹੀ 3.49 ਕਰੋੜ ਰੁਪਏ ਬਟਾਲਾ-ਡੇਰਾ ਬਾਬਾ ਨਾਨਕ ਸੜਕ ਦੇ 2.10 ਕਿਲੋਮੀਟਰ ਲੰਬੇ ਟੋਟੇ ਦੇ ਨਵੀਨੀਕਰਨ ਲਈ ਰੱਖੇ ਗਏ ਹਨ ਅਤੇ 1.73 ਕਰੋੜ ਰੁਪਏ ਫਤਹਿਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਸੜਕ ਲਈ ਰੱਖੇ ਗਏ ਹਨ।
ਮੁੱਖ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਪਾਰਕ ਦੇ ਵਿਸਥਾਰ ਲਈ 1.18 ਕਰੋੜ ਰੁਪਏ ਦੀ ਵਾਧੂ ਰਕਮ ਵੀ ਮਨਜ਼ੂਰ ਕੀਤੀ। ਇਸ ਪ੍ਰਾਜੈਕਟ ਲਈ ਪਹਿਲਾਂ ਹੀ 127.31 ਕਰੋੜ ਰੁਪਏ ਪ੍ਰਸਤਾਵਿਤ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਇਸ ਇਤਿਹਾਸਕ ਕਸਬੇ ਵਿਖੇ ਉਸਾਰੇ ਜਾ ਰਹੇ ਪਾਰਕ ਲਈ ਐੱਲ. ਈ. ਡੀ. ਲਾਈਟਾਂ ਵਾਲੇ ਹੈਰੀਟੇਜ ਪੋਲਾਂ ਦੀ ਸਥਾਪਨਾ ਲਈ 18.21 ਲੱਖ ਰੁਪਏ ਵੀ ਮਨਜ਼ੂਰ ਕੀਤੇ। ਮੁੱਖ ਮੰਤਰੀ ਨੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ।