ਕੀਰਤਨੀ ਜਥਿਆਂ ਨੇ ਪੁਰਾਤਨ ਤੰਤੀ ਸਾਜਾਂ ਨਾਲ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ

Sunday, Nov 10, 2019 - 04:35 PM (IST)

ਕੀਰਤਨੀ ਜਥਿਆਂ ਨੇ ਪੁਰਾਤਨ ਤੰਤੀ ਸਾਜਾਂ ਨਾਲ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਪੰਜਾਬ ਸਰਕਾਰ ਵਲੋਂ ਆਯੋਜਿਤ ਡੇਰਾ ਬਾਬਾ ਨਾਨਕ ਉਤਸਵ ਦੇ ਤੀਸਰੇ ਦਿਨ ਸੁਰ ਮੰਡਲ ਭਾਈ ਮਰਦਾਨਾ ਰਾਗ ਦਰਬਾਰ 'ਚ ਗੁਰੂ ਦੀ ਬਾਣੀ ਦੇ ਇਲਾਹੀ ਕੀਰਤਨ ਆਰੰਭ ਹੋਏ। ਇਸ ਸਮਾਗਮ 'ਚ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਪੁਰਾਤਣ ਤੰਤੀ ਸਾਜਾਂ ਨਾਲ ਰੱਬੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗਿਆ। ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਤ ਸਮਾਜ ਦੇ ਮੁੱਖੀ ਬਾਬਾ ਸਰਬਜੋਤ ਸਿੰਘ ਬੇਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
PunjabKesari
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਸ਼ਰਨ ਸਿੰਘ ਜਵੱਧੀ ਦੇ ਜਥੇ ਵਲੋਂ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਭਾਈ ਰਣਜੋਧ ਸਿੰਘ ਤੇ ਸਾਥੀ ਹਰੀਕੇ ਪੱਤਣ ਵਲੋਂ ਸ਼ਬਦ ਫਿਰ ਬਾਬਾ ਆਇਆ ਕਰਤਾਰਪੁਰ , ਡਾ. ਗੁਰਿੰਦਰ ਕੌਰ ਦਿੱਲੀ ਵਾਲੇ ਅਤੇ ਸਾਥੀਆਂ ਵਲੋਂ ਰਾਗ ਸੁੱਧ ਸਾਰੰਗ 'ਚ ਕਲ ਤਾਰਨ ਗੁਰੂ ਨਾਨਕ ਆਇਆ ਸ਼ਬਦਾ ਦਾ ਗਾਇਨ ਕੀਤਾ ਗਿਆ। ਇਸ ਸਮਾਗਮ 'ਚ ਬੀਬੀ ਜਸਲੀਨ ਕੌਰ ਰਾਗ ਗਾਊੜੀ 'ਚ ਮੈਂ ਬੰਜਾਰਣ ਰਾਮ ਕੀ ਅਤੇ ਬਾਬਾ ਆਖੇ ਕਾਜੀਆਂ ਸ਼ਬਦ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਉਸਤਾਦ ਗੁਰਮੀਤ ਸਿੰਘ ਦਿੱਲੀ ਵਾਲੇ ਸੰਤ ਖਾਲਸਾ ਵਲੋਂ ਰਾਗ ਪ੍ਰਭਾਤੀ ਅਤੇ ਰਾਗ ਕਿਰਵਾਨੀ 'ਚ 'ਕਿਆ ਕਹੀਐ ਸਰਬੇ ਰਹਿਆ ਸਮਾਇ ਜੋ ਕਿਛ ਵਰਤੇ ਸਬ ਤੇਰੀ ਰਜਾਇ' ਅਤੇ ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਰਾਹੀਂ ਸੰਗਤਾਂ 'ਚ ਆਪਣੀ ਹਾਜ਼ਰੀ ਲਗਵਾਈ।
PunjabKesari
ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਮਾਗਮ 'ਚ ਪੁੱਜੇ ਸੰਤ ਮਹਾਪੁਰਸ਼ਾਂ, ਕੀਰਤਨੀ ਜਥਿਆਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅਤੇ 11 ਨਵੰਬਰ ਤੱਕ ਚੱਲਣ ਵਾਲੇ ਸਮਾਗਮਾਂ 'ਚ ਸੰਗਤ ਵੱਧ ਚੜ ਕੇ ਹਿੱਸਾ ਲੈ ਕੇ ਗੁਰੂ ਵਲੋਂ ਦਰਸਾਏ ਉਪਦੇਸ਼ਾਂ ਨੂੰ ਸੁਣੇ ਅਤੇ ਅਮਲ ਕਰੇ। ਇਸ ਮੌਕੇ ਸੰਤ ਸਮਾਜ ਦੇ ਮੁੱਖੀ ਸਰਬਜੋਤ ਸਿੰਘ ਬੇਦੀ, ਬਾਬਾ ਸੋਹਣ ਸਿੰਘ, ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਜੰਡਿਆਲਾ ਗੁਰੂ, ਸੰਤ ਰਣਜੀਤ ਸਿੰਘ ਡੇਰਾ ਸੰਤਪੁਰਾ, ਬਾਬਾ ਫਤਿਹ ਸਿੰਘ ਤਰਨਾ ਦਲ ਹੁਸ਼ਿਆਰਪੁਰ ਦੇ ਮੁੱਖੀ ਬਾਬਾ ਗੁਰਦੇਵ ਸਿੰਘ ਆਦਿ ਨੇ ਵਿਸੇਸ਼ ਤੌਰ ਤੇ ਹਾਜਰੀਆਂ ਭਰੀਆਂ। ਇਸ ਮੌਕੇ ਸਟੇਜ ਦਾ ਸੰਚਾਲਨ ਤਰੁਨਦੀਪ ਸਿੰਘ ਟੀਮ ਫਤਿਹ ਸ਼੍ਰੀ ਅਮ੍ਰਿਤਸਰ ਵਲੋਂ ਬਾਖੂਬੀ ਨਿਭਾਇਆ ਗਿਆ।


author

Baljeet Kaur

Content Editor

Related News