ਬਠਿੰਡਾ ''ਚ 20 ਸਾਲਾਂ ਦਾ ਟੁੱਟਿਆ ਰਿਕਾਰਡ, ਪਾਰਾ ਪੁੱਜਾ 47.5 ਡਿਗਰੀ

05/27/2020 6:04:17 PM

ਬਠਿੰਡਾ (ਸੁਖਵਿੰਦਰ): ਬੁੱਧਵਾਰ ਨੂੰ ਬਠਿੰਡਾ 'ਚ ਵਧੇ ਤਾਪਮਾਨ ਨੇ ਪਿਛਲੇ 20 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ। ਬਠਿੰਡਾ ਵਿਚ ਤਾਪਮਾਨ 47.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਪਿਛਲੇ 20 ਸਾਲਾ 'ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਹਾ। ਆਸਮਾਨ ਤੋਂ ਪੂਰਾ ਦਿਨ ਅੱਗ ਵਰ੍ਹਦੀ ਰਿਹਾ, ਜਿਸ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ। ਮੌਸਮ ਵਿਭਾਗ ਮੁਤਾਬਕ ਇਸ ਤੋਂ ਪਹਿਲਾਂ 2014 ਨੂੰ 47.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਸੀ ਜਦਕਿ ਸਾਲ 2000 ਤੋਂ ਬਾਅਦ ਇੰਨਾ ਜ਼ਿਆਦਾ ਤਾਪਮਾਨ ਕਦੇ ਵੀ ਰਿਕਾਰਡ ਨਹੀਂ ਹੋਇਆ।

ਇਹ ਵੀ ਪੜ੍ਹੋ: ਕੋਰੋਨਾ ਆਫਤ: ਲੁਧਿਆਣਾ ਦੀ ਰਵਨੀਤ ਕੌਰ ਨੇ 'ਭਾਰਤ ਦਾ ਮਜ਼ਦੂਰ' ਫਿਲਮ 'ਚ ਬਿਆਨ ਕੀਤਾ ਮਜ਼ਦੂਰਾਂ ਦਾ ਦਰਦ

ਮੌਸਮ ਵਿਭਾਗ ਵਲੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਰਿਪੋਰਟਾਂ 'ਚ 27 ਮਈ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਲਗਾਇਆ ਸੀ ਪਰ ਅੱਤ ਦੀ ਗਰਮੀ ਨੇ ਮੌਸਮ ਵਿਭਾਗ ਦਾ ਉਕਤ ਅਨੁਮਾਨ ਵੀ ਗਲਤ ਸਾਬਤ ਕਰ ਦਿੱਤਾ ਹੈ ਅਤੇ ਤਾਪਮਾਨ 47 ਡਿਗਰੀ ਤੋਂ ਵੀ ਪਾਰ ਹੋ ਗਿਆ। ਗਰਮੀ ਅਤੇ ਲੂ ਕਾਰਨ ਬਜ਼ਾਰਾਂ ਅਤੇ ਮੁੱਖ ਸੜਕਾਂ ਤੇ ਦੁਪਹਿਰ ਵੇਲੇ ਸੰਨਾਟਾ ਛਾਇਆ ਰਿਹਾ। ਤਾਲਾਬੰਦੀ ਕਾਰਨ ਜ਼ਿਆਦਾਤਰ ਲੋਕ ਘਰਾਂ 'ਚ ਪਹਿਲਾਂ ਤੋਂ ਹੀ ਕੈਦ ਸਨ ਜਦਕਿ ਹੁਣ ਗਰਮੀ ਲੋਕਾਂ ਨੂੰ ਬਾਹਰ ਨਹੀ ਨਿਕਲਣ ਦੇ ਰਹੀ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਨਜ਼ਰ ਆਏ ਜਦਕਿ ਨੌਜਵਾਨ ਬਠਿੰਡਾ ਦੀ ਸਰਹਿੰਦ ਨਗਰ ਦੀ ਬਰਾਂਚ ਵਿਚ ਨਹਾ ਕੇ ਗਰਮੀ ਤੋਂ ਰਾਹਤ ਪਾਉਂਦੇ ਦੇਖੇ ਗਏ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 2-3 ਦਿਨਾਂ ਦੌਰਾਨ ਆਸਮਾਨ ਤੇ ਬਦਲ ਛਾ ਸਕਦੇ ਹਨ ਅਤੇ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਚਲ ਸਕਦੀਆਂ ਹਨ। ਇਸ ਤੋਂ ਇਲਾਵਾ 29 ਤੋਂ 31 ਮਈ ਦੇ ਦਰਮਿਆਨ ਹਲਕੀ ਬਾਰਸ਼ ਦੇ ਵੀ ਆਸਾਰ ਹਨ।


Shyna

Content Editor

Related News