ਨਸ਼ੇ ਨਾਲ ਹੋਈਆਂ ਮੌਤਾਂ ਦਾ ਵਿਭਾਗ ਕੋਲ ਨਹੀਂ ਹੈ ਰਿਕਾਰਡ

07/17/2018 2:30:43 AM

ਅੰਮ੍ਰਿਤਸਰ, (ਦਲਜੀਤ)- ਸਰਹੱਦੀ ਜ਼ਿਲੇ ਅੰਮ੍ਰਿਤਸਰ ਵਿਚ ਨਸ਼ੇ ਨਾਲ ਹੋਈਆਂ ਮੌਤਾਂ ਦਾ ਰਿਕਾਰਡ ਸਰਕਾਰ ਦੇ ਕੋਲ ਨਹੀਂ ਹੈ।  ਜ਼ਿਲੇ ਵਿਚ ਨਸ਼ੇ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ 1287 ਤੋਂ ਪਾਰ ਹੋ ਗਈ ਹੈ। ਵਿਧਾਨ ਸਭਾ ਖੇਤਰ ਬਾਬਾ ਬਕਾਲਾ ਵਿਚ ਜਿਥੇ 175 ਨਸ਼ਾ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ, ਉਥੇ ਹੀ ਵਿਧਾਨ ਸਭਾ ਖੇਤਰ ਮਜੀਠਾ ਵਿਚ 110 ਮਰੀਜ਼ਾਂ ਦੀ ਗਿਣਤੀ ਉੱਭਰ ਕੇ ਸਾਹਮਣੇ ਆਈ ਹੈ। ਸਿਹਤ ਵਿਭਾਗ ਵੱਲੋਂ ਖੋਲ੍ਹੇ ਗਏ ਜ਼ਿਲੇ ਵਿਚ 10 ਓਟ ਕਲੀਨਿਕਾਂ ’ਤੇ ਉਕਤ ਮਰੀਜ਼ ਨਸ਼ੇ ਦੀ ਦਲਦਲ  ’ਚੋਂ ਬਾਹਰ ਨਿਕਲਣ ਦੇ ਲਈ ਦਵਾਈ ਦਾ ਸੇਵਨ ਕਰ ਰਹੇ ਹਨ।  
®ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਨਸ਼ਾ ਕਰਨ ਵਾਲੇ ਨੌਜਵਾਨ ਪੀਡ਼੍ਹੀ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਰਕਾਰ ਦੀ ਇਸ  ਮੁਹਿੰਮ ਨੂੰ ਸਫਲ ਬਣਾਉਣ ਲਈ ਪ੍ਰਬੰਧਕੀ ਅਧਿਕਾਰੀ ਵੀ  ਸਖਤ   ਮਿਹਨਤ ਕਰ ਰਹੇ ਹਨ। ਜ਼ਿਲਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਦੇ ਅੰਕਡ਼ਿਆਂ ਅਨੁਸਾਰ ਹੁਣ ਤੱਕ ਮੁਹਿੰਮ ਦੇ ਤਹਿਤ 1287 ਮਰੀਜ਼ ਨਸ਼ਾ ਛੱਡਣ ਲਈ ਓਟ ਸੈਂਟਰਾਂ ਦੀਆਂ ਕਲੀਨਿਕਾਂ ’ਤੇ ਆਏ ਹਨ। ਵਿਧਾਨ ਸਭਾ ਖੇਤਰ ਬਾਬਾ ਬਕਾਲਾ ਦੀ ਗੱਲ ਕਰੀਏ ਤਾਂ ਓਟ ਕਲੀਨਿਕਾਂ ’ਤੇ 175, ਮਜੀਠਾ ਵਿਚ 31, ਚਵਿੰਡਾ ਦੇਵੀ  ਵਿਚ 79, ਵੇਰਕਾ ਵਿਚ 35,  ਮਾਨਾਂਵਾਲਾ ਵਿਚ 19, ਤਰਸਿੱਕਾ ਵਿਚ 35, ਲੋਪੋਕੇ ਵਿਚ 46, ਅਜਨਾਲਾ ਵਿਚ 85, ਸੈਂਟਰਲ ਜੇਲ ਵਿਚ 2 ਨਸ਼ਾ ਛੁਡਾਊ ਅਤੇ ਮੁਡ਼ ਵਸੇਬਾ ਕੇਂਦਰ ਵਿਚ 100 ਤੋਂ ਜ਼ਿਆਦਾ ਮਰੀਜ਼ ਓਟ ਸੈਂਟਰਾਂ ’ਤੇ ਰਜਿਸਟਰਡ ਕੀਤੇ ਗਏ ਹਨ। ਸਰਕਾਰ ਵੱਲੋਂ ਖੋਲ੍ਹੇ ਗਏ ਓਟ ਸੈਂਟਰਾਂ ਵਿਚ ਸਵੇਰੇ 9 ਤੋਂਂ 3 ਵਜੇ ਤੱਕ ਮਰੀਜ਼ਾਂ ਨੂੰ ਮੁਫਤ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੋਏ ਦਵਾਈ ਦਿੱਤੀ ਜਾ ਰਹੀ ਹੈ। ਪ੍ਰਤੀ ਦਿਨ ਓਟ ਸੈਂਟਰਾਂ ਵਿਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ।  
ਡਾਕਟਰ ਦੀ ਦੇਖ-ਰੇਖ ਵਿਚ ਓਟ ਸੈਂਟਰਾਂ ’ਤੇ ਖੁਆਈ ਜਾਂਦੀ ਹੈ ਦਵਾਈ
 ਸਰਕਾਰ ਵੱਲੋਂ ਜ਼ਿਲੇ ਵਿਚ ਖੋਲ੍ਹੇ ਗਏ 10 ਓਟ ਸੈਂਟਰਾਂ ਵਿਚ ਡਾਕਟਰ ਅਤੇ ਜ਼ਰੂਰਤ ਦੇ ਅਨੁਸਾਰ ਸਟਾਫ ਉਪਲਬਧ ਹੈ। ਸਰਕਾਰ ਵੱਲੋਂ ਸੈਂਟਰਾਂ ਵਿਚ ਤਾੲਿਨਾਤ ਕਰਮਚਾਰੀ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਸਾਹਮਣੇ ਦਵਾਈ ਖੁਆਉਂਦੇ ਹਨ। ਦੋ ਦਵਾਈਆਂ ਨੂੰ ਕੰਬੀਨੇਸ਼ਨ  ਕਰ ਕੇ ਦਵਾਈ ਮਰੀਜ਼ ਨੂੰ ਜੀਭ ਦੇ ਹੇਠਾਂ ਰੱਖਣ ਲਈ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਮਰੀਜ਼ ਨੂੰ ਇਹ ਦਵਾਈ ਘਰ ਲਈ ਨਾ ਦਿੱਤੀ ਜਾਵੇ।
ਹਰੇਕ ਮਰੀਜ਼ ਦੀ ਬਣਦੀ ਹੈ ਵਿਸ਼ੇਸ਼ ਆਈ.ਡੀ. 
ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਓਟ ਸੈਂਟਰਾਂ ’ਤੇ ਰਜਿਸਟਰਡ ਕਰਨ ਲਈ ਸਰਕਾਰ ਵੱਲੋਂ ਹਰੇਕ ਮਰੀਜ਼ ਦੀ ਕੰਪਿਊਟਰ ’ਤੇ ਵਿਸ਼ੇਸ਼ ਆਈ.ਡੀ. ਬਣਾਈ ਜਾਂਦੀ ਹੈ।  ਆਈ.ਡੀ. ਵਿਚ ਮਰੀਜ਼ ਵੱਲੋਂ ਕੀਤੇ ਜਾਣ ਵਾਲੇ ਨਸ਼ੇ ਤੋਂ ਲੈ ਕੇ ਕਈ ਤਰ੍ਹਾਂ ਦੀ ਮਹੱਤਵਪੂਰਣ ਜਾਣਕਾਰੀ ਉਪਲਬਧ ਹੁੰਦੀ ਹੈ। ਆਈ.ਡੀ. ਬਣਨ ਦੇ ਬਾਅਦ ਹੀ ਮਰੀਜ਼ ਦੀ ਦਵਾਈ ਸ਼ੁਰੂ ਹੁੰਦੀ ਹੈ। ਹਰੇਕ ਓਟ ਸੈਂਟਰ ਅਤੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਆਈ.ਡੀ. ਬਣਾ ਕੇ ਹੀ ਦਵਾਈ ਸ਼ੁਰੂ ਕਰਨ ਦੇ ਨਿਰਦੇਸ਼ ਹਨ। ਸਿਹਤ ਵਿਭਾਗ ਵੱਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਗਿਣਤੀ ਦਾ ਤਾਂ ਹਿਸਾਬ-ਕਿਤਾਬ ਰੱਖਿਆ ਜਾ ਰਿਹਾ ਹੈ ਪਰ ਅੰਮ੍ਰਿਤਸਰ ਵਿਚ ਨਸ਼ੇ ਦੇ ਕਾਰਨ ਹੋਈਆਂ ਮੌਤਾਂ ਦਾ ਹਿਸਾਬ ਸਿਹਤ ਵਿਭਾਗ ਦੇ ਕੋਲ ਨਹੀਂ ਹੈ। ਵਿਭਾਗ ਦਾ ਦਲੀਲ ਹੈ ਕਿ ਮਰਨ ਵਾਲੇ ਕਿਸੇ ਵੀ ਨੌਜਵਾਨ ਦਾ ਪੋਸਟਮਾਰਟਮ ਨਹੀਂ ਹੋਇਆ ਹੈ ਜਿਸ ਦੇ ਨਾਲ ਪੁਸ਼ਟੀ ਹੋ ਸਕਦੀ ਕਿ ਨੌਜਵਾਨ ਦੀ ਮੌਤ ਨਸ਼ੇ  ਕਾਰਨ ਹੋਈ ਹੈ ਜਾਂ ਕਿਸੇ ਹੋਰ ਵਜ੍ਹਾ ਨਾਲ। 
ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚਲਾੲੀ ਜਾ ਰਹੀ  ਮੁਹਿੰਮ ਪ੍ਰਸ਼ੰਸਾਯੋਗ ਹੈ। ਨੌਜਵਾਨ ਆਪਣੇ ਆਪ ਅੱਗੇ ਆਉਂਦੇ ਹੋਏ ਨਸ਼ੇ ਨੂੰ ਛੱਡਣਾ ਚਾਹੁੰਦੇ ਹਨ। ਨਸ਼ੇ ਦੇ ਕਾਰਨ ਪੰਜਾਬ ਵਿਚ ਸੈਂਕਡ਼ੇ ਘਰਾਂ ਦੇ ਚਿਰਾਗ ਬੁਝ ਗਏ ਹਨ। ਪੰਜਾਬ ਦੀਆਂ ਵੱਖ -ਵੱਖ ਰਾਜਨੀਤਕ ਪਾਰਟੀਆਂ ਨੇ ਹਮੇਸ਼ਾ ਨਸ਼ੇ ਦੇ ਨਾਂ ’ਤੇ ਰਾਜਨੀਤੀ ਕੀਤੀ ਹੈ।  ਸਰਕਾਰ ਨੂੰ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ  ਉਪਲਬਧ ਕਰਵਾਉਣੇ ਚਾਹੀਦੇ ਹਨ।
–ਪੂਰਨ ਸਿੰਘ ਸੰਧੂ ਰਣੀਕੇ
ਮੁੱਖ ਸੰਸਥਾਪਕ ਅਤੇ ਸਮਾਜ ਸੇਵਕ ਨਸ਼ਾ ਵਿਰੋਧੀ ਲਹਿਰ।
ਸਿਹਤ ਵਿਭਾਗ ਦੇ ਕੋਲ ਉਹ ਅੰਕਡ਼ੇ ਹਨ ਜੋ ਮਰੀਜ਼ ਨਸ਼ਾ ਛੱਡਣ ਲਈ ਆਪਣੇ ਆਪ ਸਾਹਮਣੇ ਆਏ ਹਨ ਪਰ ਅਜੇ ਵੀ ਸੈਂਕਡ਼ੇ ਲੋਕ ਅਜਿਹੇ ਹਨ ਜੋ ਨਸ਼ਾ ਛੱਡਣ ਲਈ ਓਟ ਸੈਂਟਰਾਂ ’ਤੇ ਨਹੀਂ ਪੁੱਜੇ। ਸਰਕਾਰ ਨੂੰ ਚਾਹੀਦਾ ਹੈ ਕਿ ਉਕਤ ਨੌਜਵਾਨਾਂ ਨੂੰ ਵੀ ਉਤਸ਼ਾਹਿਤ ਕਰਦੇ ਹੋਏ ਓਟ ਸੈਂਟਰਾਂ ’ਤੇ ਲਿਆ ਕੇ ਦਵਾਈ ਖੁਅਾਉਣੀ ਚਾਹੀਦੀ ਹੈ ਤਾਂਕਿ ਸਰਕਾਰ ਦਾ ਅਸਲ ਵਿਚ ਨਸ਼ਾ ਵਿਰੋਧੀ ਲਹਿਰ ਦਾ ਮਨੋਰਥ ਪੂਰਾ ਹੋ ਸਕੇ।  
-ਜੈਗੋਪਾਲ ਲਾਲੀ, 
ਆਰ.ਟੀ.ਆਈ. ਐਕਟੀਵਿਸਟ। 
 


Related News