ਹਰ ਉਹ ਬੱਲਾ ਮੇਰੇ ਕੋਲ ਹੈ, ਜਿਸ ਨਾਲ ਕੌਮਾਂਤਰੀ ਸੈਂਕੜਾ ਲਾਇਆ : ਪੋਂਟਿੰਗ

Friday, Apr 26, 2024 - 08:00 PM (IST)

ਨਵੀਂ ਦਿੱਲੀ– ਦੋ ਵਾਰ ਦੇ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਉਸ ਨੇ ਹਰ ਉਹ ਬੱਲਾ ਸੰਭਾਲ ਕੇ ਰੱਖਿਆ ਹੈ, ਜਿਸ ਨਾਲ ਉਸ ਨੇ ਕੌਮਾਂਤਰੀ ਕ੍ਰਿਕਟ ਵਿਚ ਸੈਂਕੜਾ ਲਾਇਆ ਹੈ ਤੇ ਉਸ ’ਤੇ ਵਿਰੋਧੀ ਟੀਮ ਦਾ ਨਾਂ ਤੇ ਆਪਣਾ ਸਕੋਰ ਵੀ ਉਸ ਨੇ ਲਿਖਿਆ ਹੋਇਆ ਹੈ। ਦਿੱਲੀ ਕੈਪੀਟਲਸ ਦਾ ਮੁੱਖ ਕੋਚ ਪੋਂਟਿੰਗ ਆਪਣੇ ਦੌਰ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਸੀ। ਉਸ ਨੇ ਨੌਜਵਾਨ ਕ੍ਰਿਕਟਰਾਂ ਨੂੰ ਕਿੱਟ ਦੇਣ ਦੀ ‘ਡੀ. ਬੀ. ਵਰਲਡ ਬਿਓਂਡ ਬਾਊਂਡਰੀਜ਼’ ਪਹਿਲ ਦੇ ਮੌਕੇ ’ਤੇ ਇਹ ਗੱਲ ਕਹੀ। ਕ੍ਰਿਕਟ ਨੂੰ 2012 ਵਿਚ ਅਲਵਿਦਾ ਕਹਿਣ ਵਾਲੇ ਪੋਂਟਿੰਗ ਨੇ 71 ਕੌਮਾਂਤਰੀ ਸੈਂਕੜੇ ਲਾਏ ਹਨ, ਜਿਨ੍ਹਾਂ ਵਿਚ 41 ਟੈਸਟ ਸੈਂਕੜੇ ਸ਼ਾਮਲ ਹਨ।
ਪੋਂਟਿੰਗ ਨੇ ਕਿਹਾ, ‘‘ਤੁਸੀਂ ਭਰੋਸਾ ਕਰੋ ਜਾਂ ਨਾ ਪਰ ਮੇਰੇ ਘਰ ’ਚ ਮੇਰਾ ਪਹਿਲਾ ਬੱਲਾ ਵੀ ਰੱਖਿਆ ਹੋਇਆ ਹੈ। ਇਸ ’ਤੇ ਸਟਿੱਕਰ ਲੱਗੇ ਹੋਏ ਹਨ। ਸਾਡੇ ਘਰ ਵਿਚ ਤਕਰੀਬਨ ਇਕ ਹਜ਼ਾਰ ਬੱਲੇ ਹਨ। ਜਿਸ ਵੀ ਬੱਲੇ ਨਾਲ ਮੈਂ ਕੌਮਾਂਤਰੀ ਸੈਂਕੜਾ ਲਾਇਆ ਸੀ, ਉਹ ਮੇਰੇ ਕੋਲ ਹੈ। ਇਸ ’ਤੇ ਮੈਂ ਆਪਣਾ ਸਕੋਰ ਤੇ ਵਿਰੋਧੀ ਟੀਮ ਦਾ ਨਾਂ ਵੀ ਲਿਖਿਆ ਹੋਇਆ ਹੈ।’’
ਉਸਦੀਆਂ ਯਾਦਗਾਰ ਪਾਰੀਆਂ ਵਿਚ ਭਾਰਤ ਵਿਰੁੱਧ 2003 ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਲਾਈਆਂ ਅਜੇਤੂ 140 ਦੌੜਾਂ ਸ਼ਾਮਲ ਹਨ। ਉਸ ਸਮੇਂ ਭਾਰਤੀ ਟੀਮ ਦਾ ਕਪਤਾਨ ਰਿਹਾ ਸੌਰਭ ਗਾਂਗੁਲੀ ਹੁਣ ਦਿੱਲੀ ਕੈਪੀਟਲਸ ਦਾ ਕ੍ਰਿਕਟ ਨਿਰਦੇਸ਼ਕ ਹੈ ਤੇ ਉਹ ਵੀ ਇਸ ਮੌਕੇ ’ਤੇ ਮੌਜੂਦ ਸੀ।


Aarti dhillon

Content Editor

Related News