‘ਡਾ. ਲੋਹੀਆ ਦੀ ਸਾਡੇ ਕੋਲ ਨਹੀਂ ਸੀ ਇਕ ਵੀ ਵੀਡੀਓ, ਆਡੀਓ ਨਾਲ ਕੀਤੀ ਤਿਆਰੀ’

04/09/2024 1:25:55 PM

ਭਾਰਤ ਦੀ ਆਜ਼ਾਦੀ ਲਈ ਅਣਗਿਣਤ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਇਨ੍ਹਾਂ ’ਚੋਂ ਮਹਾਤਮਾ ਗਾਂਧੀ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਵਰਗੇ ਨਾਇਕਾਂ ਨੂੰ ਤਾਂ ਪੂਰਾ ਦੇਸ਼ ਜਾਣਦਾ ਹੈ ਪਰ ਬਹੁਤ ਸਾਰੇ ਅਜਿਹੇ ਦੇਸ਼ ਭਗਤ ਵੀ ਹਨ, ਜਿਨ੍ਹਾਂ ਦਾ ਯੋਗਦਾਨ ਤਾਂ ਬਹੁਤ ਵੱਡਾ ਰਿਹਾ ਹੈ ਪਰ ਬਹੁਤ ਹੀ ਘੱਟ ਲੋਕ ਹਨ, ਜੋ ਉਨ੍ਹਾਂ ਬਾਰੇ ਜਾਣਦੇ ਹਨ। ਅਜਿਹੇ ਹੀ ਗੁਮਨਾਮ ਨਾਇਕਾਂ ਨੂੰ ਸਮਰਪਿਤ ਹੈ ਫਿਲਮ ‘ਐ ਵਤਨ ਮੇਰੇ ਵਤਨ’ ਜੋ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ’ਚ ਜਿਥੇ ਸਾਰਾ ਅਲੀ ਖ਼ਾਨ ਮੁੱਖ ਭੂਮਿਕਾ ’ਚ ਨਜ਼ਰ ਆ ਰਹੀ ਹੈ, ਉਥੇ ਹੀ ਇਮਰਾਨ ਹਾਸ਼ਮੀ ਦੀ ਵੀ ਇਸ ’ਚ ਅਹਿਮ ਭੂਮਿਕਾ ਹੈ। ਇਸ ਸਬੰਧੀ ਇਮਰਾਨ ਹਾਸ਼ਮੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼ ...
ਇਮਰਾਨ ਹਾਸ਼ਮੀ

ਫਿਲਮ ਨੂੰ ਮਿਲ ਰਿਹਾ ਹੁੰਗਾਰਾ ਦੇਖ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਅਦਾਕਾਰ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਪਰ ਇਹ ਉਮੀਦ ਤੋਂ ਹਟ ਕੇ ਸੀ, ਥੋੜ੍ਹਾ ਡਰ ਵੀ ਸੀ ਕਿਉਂਕਿ ਤੁਸੀਂ ਇਕ ਅਜਿਹੇ ਕਿਰਦਾਰ ਨੂੰ ਨਿਭਾਅ ਰਹੇ ਹੋ, ਜੋ ਸਾਡੇ ਪਬਲਿਕ ਡੋਮੈਨ ’ਚ ਅੱਜ ਵੀ ਹਨ ਡਾ. ਲੋਹੀਆ। ਭਾਵੇਂ ਉਹ ਇਕ ਗੁਮਨਾਮ ਨਾਇਕ ਹਨ, ਫਿਲਮਾਂ ’ਚ ਉਨ੍ਹਾਂ ਨੂੰ ਦਿਖਾਇਆ ਨਹੀਂ ਗਿਆ, ਇਥੋਂ ਤਕ ਕਿ ਸਕੂਲਾਂ ’ਚ ਵੀ ਹਰ ਕਿਸੇ ਬਾਰੇ ਸਿਲੇਬਸ ’ਚ ਹੈ ਪਰ ਉਨ੍ਹਾਂ ਬਾਰੇ ਘੱਟ ਹੀ ਲਿਖਿਆ ਗਿਆ ਹੈ। ਦਰਸ਼ਕਾਂ ਤੇ ਆਲੋਚਕਾਂ ਤੋਂ ਚੰਗਾ ਹੁੰਗਾਰਾ ਪ੍ਰਾਪਤ ਕਰਨਾ ਇਕ ਪ੍ਰਮਾਣਿਕਤਾ ਹੈ, ਜਦੋਂ ਤੁਸੀਂ ਕਿਸੇ ਕਿਰਦਾਰ ਨੂੰ ਫਿਲਮ ’ਚ ਨਿਭਾਉਂਦੇ ਹੋ। ਇਹੋ ਸਭ ਤੋਂ ਮਹੱਤਵਪੂਰਨ ਗੱਲ ਹੁੰਦੀ ਹੈ। ਮੈਂ ਖ਼ੁਸ਼ ਸੀ ਕਿ ਲੋਕਾਂ ਨੇ ਸਾਡੇ ਇਸ ਕਿਰਦਾਰ ਨੂੰ ਪਸੰਦ ਕੀਤਾ।

ਇਸ ਕਿਰਦਾਰ ਲਈ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤਿਆਰ ਹੋਣ ’ਚ ਕਿੰਨਾ ਸਮਾਂ ਲੱਗਾ?
ਮੇਰੇ ਕੋਲ ਇੰਨਾ ਸਮਾਂ ਹੀ ਨਹੀਂ ਸੀ। ਸਿਰਫ਼ 20-30 ਦਿਨ ਸਨ ਅਤੇ ਉਸ ਸਮੇਂ ਸਕ੍ਰਿਪਟ ਲਈ ਸੀਨ ਵੀ ਲਿਖੇ ਜਾ ਰਹੇ ਸਨ। ਕੁਝ ਲੰਬੇ ਸੀਨ ਅਤੇ ਕੁਝ ਮੋਨੋਲੋਗ ਸੀਨ ਸਨ। ਅਸੀਂ ਬਸ ਉਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨਾ ਸੀ। ਸਾਡੇ ਕੋਲ ਕੁਝ ਭਾਸ਼ਣ ਸਨ, ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਦੇ ਗੱਲ ਕਰਨ ਦਾ ਲਹਿਜ਼ਾ ਕਿਹੋ ਜਿਹਾ ਸੀ। ਮੇਰੇ ਕੋਲ ਉਨ੍ਹਾਂ ਦੀ ਕੋਈ ਵੀ ਵੀਡੀਓ ਨਹੀਂ ਸੀ। ਇਹ ਗੱਲ ਇਕ ਤਰ੍ਹਾਂ ਨਾਲ ਗ਼ਲਤ ਅਤੇ ਇਕ ਤਰ੍ਹਾਂ ਨਾਲ ਸਹੀ ਵੀ ਸੀ ਕਿਉਂਕਿ ਜੇ ਤੁਸੀਂ ਵੀਡੀਓ ਦੇਖ ਕੇ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਗ਼ਲਤ ਵੀ ਹੋ ਸਕਦਾ ਹੈ। ਉਨ੍ਹਾਂ ਬਾਰੇ ਜੋ ਕਿਤਾਬਾਂ ’ਚ ਪੜ੍ਹਿਆ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਾਫ਼ੀ ਮਜ਼ਾਕੀਆ ਵੀ ਸਨ। ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੇ ਬੋਲਣ ਦਾ ਤਰੀਕਾ ਵੀ ਵਧੀਆ ਸੀ। ਇਹ ਸਾਰੀਆਂ ਗੱਲਾਂ ਕਿਰਦਾਰ ’ਚ ਸ਼ਾਮਲ ਕੀਤੀਆਂ। ਫਿਰ ਲੁੱਕ ਲਈ ਫੋਟੋਸ਼ੂਟ ਕਰਵਾਇਆ। ਫਿਰ ਉਨ੍ਹਾਂ ਦੇ ਬੋਲਣ-ਚੱਲਣ ਦਾ ਤਰੀਕਾ, ਉਨ੍ਹਾਂ ਦੇ ਵਾਲਾਂ ਦਾ ਸਟਾਈਲ, ਕਈ ਤਰ੍ਹਾਂ ਦੀਆਂ ਬਾਰੀਕੀਆਂ ’ਚ ਗਏ ਤੇ ਫ਼ੈਸਲੇ ਲਏ ਗਏ। ਇਹ ਇਕ ਬਹੁਤ ਹੀ ਦਿਲਚਸਪ ਹਿੱਸਾ ਸੀ।

ਜਦੋਂ ਤੁਹਾਨੂੰ ਇਸ ਬਾਰੇ ਦੱਸਿਆ ਗਿਆ ਤਾਂ ਕੀ ਤੁਸੀਂ ਇਸ ਬਾਰੇ ਪਹਿਲਾਂ ਤੋਂ ਜਾਣਦੇ ਸੀ?
ਮੈਨੂੰ ਡਾ. ਲੋਹੀਆ ਬਾਰੇ ਪਤਾ ਸੀ ਪਰ ਪੂਰੀ ਜਾਣਕਾਰੀ ਨਹੀਂ ਸੀ। ਲੇਖਕ ਤੇ ਨਿਰਦੇਸ਼ਕ ਨੇ ਇਹ ਸਾਰੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ। ਮੈਂ ਉਨ੍ਹਾਂ ਦੇ ਕੁਝ ਲੇਖ ਅਤੇ ਕਿਤਾਬਾਂ ਦੇ ਚੈਪਟਰ ਵੀ ਪੜ੍ਹੇ। ਨਿਰਦੇਸ਼ਕ ਨੇ ਮੈਨੂੰ ਉਨ੍ਹਾਂ ਦਾ ਆਡੀਓ ਭਾਸ਼ਣ ਭੇਜਿਆ, ਜੋ ਮੈਨੂੰ ਬਹੁਤ ਦਿਲਚਸਪ ਲੱਗਿਆ। ਮੈਂ ਇਹ ਵੀ ਜਾਣਨਾ ਚਾਹੁੰਦਾ ਸੀ ਕਿ ਇਸ ’ਚ ਨਿਰਦੇਸ਼ਕ ਦਾ ਨਜ਼ਰੀਆ ਕੀ ਸੀ ਕਿਉਂਕਿ ਮੈਂ ਕੰਨਨ ਅਈਅਰ ਨਾਲ ਕੰਮ ਕੀਤਾ ਹੈ। ਮੈਨੂੰ ਪਤਾ ਹੈ ਕਿ ਉਨ੍ਹਾਂ ਨੇ ਪ੍ਰੀ-ਪ੍ਰੋਡਕਸ਼ਨ ’ਚ ਵੀ ਕਿੰਨਾ ਕੰਮ ਕੀਤਾ ਸੀ, ਜਿਸ ਲਈ ਬਹੁਤ ਖੋਜ ਵੀ ਕੀਤੀ ਸੀ ਭਾਵ ਤਿਆਰੀ ਸੀ। ਬਾਕੀ ਜੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਲਵਾਂਗਾ ਤਾਂ ਮੈਂ ਕੰਨਨ ਨੂੰ ਵੀ ਕਿਹਾ ਕਿ ਮੈਂ ਇਹ ਜ਼ਰੂਰ ਕਰ ਸਕਾਂਗਾ।

ਕੀ ਤੁਹਾਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਕੋਈ ਸਮੱਸਿਆ ਆਈ? ਜੇ ਆਈ ਤਾਂ ਉਸ ’ਚੋਂ ਬਾਹਰ ਕਿਵੇਂ ਨਿਕਲੇ?
ਉਂਝ ਤਾਂ ਕੋਈ ਦਿੱਕਤ ਨਹੀਂ ਸੀ ਆਈ ਪਰ ਗੱਲ ਸਿਰਫ਼ ਉਹੋ ਸੀ ਕਿ ਕਿਰਦਾਰ ਨੂੰ ਲੱਭਣਾ ਸੀ। ਸ਼ੁਕਰ ਹੈ ਕਿ ਟੀਮ ਚੰਗੀ ਸੀ। ਕੰਨਨ ਨਾਲ ਕਾਫ਼ੀ ਮੀਟਿੰਗਾਂ ਹੋਈਆਂ ਪਰ ਉਹ ਟ੍ਰਾਇਲ ਐਰਰ ਵਾਲੀ ਗੱਲ ਤਾਂ ਆਉਂਦੀ ਹੀ ਹੈ। ਜੇ ਮੈਂ ਕੁਝ ਪੇਸ਼ ਕਰਦਾ ਤਾਂ ਕੰਨਨ ਨੂੰ ਪਸੰਦ ਆਉਂਦਾ। ਫਿਰ ਜਦੋਂ ਕੁਝ ਹੋਰ ਪੇਸ਼ ਕਰਦਾ ਤਾਂ ਕੰਨਨ ਕਹਿੰਦਾ ਸੀ ਕਿ ਇਸ ਨੂੰ ਇਸ ਤਰ੍ਹਾਂ ਨਹੀਂ ਸਗੋਂ ਵੱਖਰੇ ਤਰੀਕੇ ਨਾਲ ਕਰਦੇ ਹਾਂ। ਹੋਰ ਕੋਈ ਸਮੱਸਿਆ ਨਹੀਂ ਸੀ, ਸਿਰਫ਼ ਸਮਾਂ ਘੱਟ ਸੀ। ਮੈਂ ਉਸ ਸਮੇਂ ਦੋ ਚੀਜ਼ਾਂ ਦੀ ਸ਼ੂਟਿੰਗ ਕਰ ਰਿਹਾ ਸੀ। ਸ਼ਾਇਦ ਸ਼ੋਅ ਟਾਈਮ ਲਈ ਸ਼ੂਟਿੰਗ ਕਰਨ ਵਾਲਾ ਸੀ। ਸਾਡਾ ਸ਼ਡਿਊਲ ਥੋੜ੍ਹਾ ਅੱਗੇ ਵਧਿਆ ਸੀ ਅਤੇ ਉਸ ਲਈ ਤਿਆਰੀਆਂ ਵੀ ਚੱਲ ਰਹੀਆਂ ਸਨ। ਗਰਾਊਂਡ ਜ਼ੀਰੋ ਮੈਂ ਉਦੋਂ ਹੀ ਖ਼ਤਮ ਕੀਤਾ ਸੀ, ਜਿਸ ਵਿਚ ਮੈਂ ਬੀ.ਐੱਸ.ਐੱਫ. ਅਫ਼ਸਰ ਸੀ। ਬੀ. ਐੱਸ. ਐੱਫ. ਅਫ਼ਸਰ ਤੋਂ ਮੈਂ ਸਿੱਧਾ ਇਸ ਵਿਚ ਗਿਆ, ਜਿਸ ਵਿਚ ਮੈਂ ਡਾ. ਲੋਹੀਆ ਸੀ। ਫਿਰ ਉਸ ਤੋਂ ਬਾਅਦ ਮੈਂ ਹਿੰਦੀ ਫਿਲਮ ਨਿਰਦੇਸ਼ਕ ਬਣਿਆ, ਇਸ ਲਈ ਸਾਰੀਆਂ ਚੀਜ਼ਾਂ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਿਲ ਸੀ।

ਤੁਸੀਂ ਆਪਣੇ ਵੱਖ-ਵੱਖ ਕਿਰਦਾਰਾਂ ਨਾਲ ਲੋਕਾਂ ਨੂੰ ਹੈਰਾਨ ਵੀ ਕੀਤਾ ਤੇ ਖ਼ੁਸ਼ ਵੀ, ਤਾਂ ਕੀ ਅੱਗੇ ਕੁਝ ਵੱਖਰਾ ਆਉਣ ਵਾਲਾ ਹੈ?
ਮੈਂ ਸਿਰਫ਼ ਉਹੀ ਕੰਮ ਕਰਾਂਗਾ, ਜੋ ਮੈਂ ਪਹਿਲਾਂ ਨਹੀਂ ਕੀਤਾ। ਮੈਂ ਹੁਣ ਤਕ ਕੀਤਾ ਹੈ, ਭਵਿੱਖ ’ਚ ਵੀ ਕਰਦਾ ਰਹਾਂਗਾ ਕਿਉਂਕਿ ਦਰਸ਼ਕਾਂ ਨੂੰ ਹੈਰਾਨ ਕਰਨ ਵਾਲੀ ਤਾਂ ਗੱਲ ਇਕ ਅਦਾਕਾਰ ਦੇ ਦਿਮਾਗ਼ ’ਚ ਰਹਿਣੀ ਚਾਹੀਦੀ ਹੈ। ਯਾਦ ਰੱਖੋ ਕਿ ਹਮੇਸ਼ਾ ਕੁਝ ਨਵਾਂ ਦੇਣਾ ਹੈ। ਇਕ ਨਵੀਂ ਪੇਸ਼ਕਸ਼ ਵਜੋਂ, ਇਕ ਨਵੇਂ ਕਿਰਦਾਰ ਵਜੋਂ ਜਾਂ ਇਕ ਨਵੀਂ ਸ਼ੈਲੀ ਵਜੋਂ।

ਫਿਲਮਾਂਕਣ ਦਾ ਅਨੁਭਵ ਕਿਹੋ ਜਿਹਾ ਰਿਹਾ? ਖ਼ਾਸ ਕਰਕੇ ਸਾਰਾ ਦੇ ਨਾਲ?
ਅਸੀਂ ਇਕੱਠਿਆਂ ਕੁਝ ਵਰਕਸ਼ਾਪਾਂ ਵੀ ਕੀਤੀਆਂ। ਸਭ ਕੁਝ ਬਹੁਤ ਵਧੀਆ ਅਤੇ ਕੁਦਰਤੀ ਸੀ। ਸਾਰਾ ਨੇ ਮੇਰੇ ਤੋਂ ਪਹਿਲਾਂ ਫਿਲਮ ’ਚ ਕੰਮ ਕਰ ਲਿਆ ਸੀ ਪਰ ਜਦੋਂ ਫਿਲਮ ਦੀ 60 ਫ਼ੀਸਦੀ ਸ਼ੂਟਿੰਗ ਹੋ ਗਈ ਸੀ ਤਾਂ ਮੈਂ ਉਨ੍ਹਾਂ ਨਾਲ ਜੁੜਿਆ ਪਰ ਤਾਲਮੇਲ ਬਹੁਤ ਵਧੀਆ ਸੀ, ਫਿਲਮ ਦੀ ਸ਼ੂਟਿੰਗ ’ਚ ਕੋਈ ਦਿੱਕਤ ਨਹੀਂ ਆਈ।

ਰੋਮਾਂਟਿਕ ਤੋਂ ਸਿਆਸੀ ਕਿਰਦਾਰ ਤਕ ਦੇ ਆਪਣੇ ਸਫ਼ਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦਾ ਹਾਂ। ਮੈਂ ਇਸ ਇੰਡਸਟਰੀ ਵਿਚ 21 ਸਾਲ ਪੂਰੇ ਕਰ ਲਏ ਹਨ। ਹਿੱਟ ਤੇ ਫਲਾਪ ਵਰਗੇ ਉਤਰਾਅ-ਚੜ੍ਹਾਅ ਚੱਲਦੇ ਰਹਿੰਦੇ ਹਨ ਪਰ ਕੁਝ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਲੇਖਕਾਂ ਨੇ ਹਮੇਸ਼ਾ ਮੇਰੇ ’ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਦਿੱਤਾ। ‘ਐ ਵਤਨ ਮੇਰੇ ਵਤਨ’ ਦੀ ਟੀਮ ’ਚ ਵੀ ਕੁਝ ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਇਹ ਕਰ ਸਕਾਂਗਾ। ਇਸ ’ਚ ਇਨ੍ਹਾਂ ਦੀ ਗ਼ਲਤੀ ਨਹੀਂ ਹੈ ਕਿਉਂਕਿ ਇਕ ਇਮੇਜ ਬਣ ਜਾਂਦੀ ਹੈ ਪਰ ਕਰਨ ਅਤੇ ਕੰਨਨ ਦੋਵਾਂ ਨੂੰ ਲੱਗਾ ਕਿ ਮੈਂ ਇਹ ਕਰ ਸਕਾਂਗਾ। ਉਨ੍ਹਾਂ ਦੋਵਾਂ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ।

 


sunita

Content Editor

Related News