ਜਲਾਲਾਬਾਦ ’ਚ ਡੇਂਗੂ ਦਾ ਕਹਿਰ, ਵੱਡੀ ਗਿਣਤੀ ''ਚ ਪਾਜ਼ੇਟਿਵ ਆ ਰਹੇ ਮਰੀਜ਼
Thursday, Oct 30, 2025 - 10:51 AM (IST)
ਜਲਾਲਾਬਾਦ (ਟੀਨੂੰ, ਸੁਮਿਤ) : ਜਲਾਲਾਬਾਦ ਸ਼ਹਿਰ ’ਚ ਡੇਂਗੂ ਬੁਖ਼ਾਰ ਨੇ ਹਾਹਾਕਾਰ ਮਚਾ ਦਿੱਤਾ ਹੈ। ਸ਼ਹਿਰ ਦੇ 17 ਵਾਰਡਾਂ ’ਚੋਂ ਕੋਈ ਵੀ ਅਜਿਹਾ ਵਾਰਡ ਨਹੀਂ ਰਿਹਾ, ਜਿੱਥੇ ਡੇਂਗੂ ਦੇ ਮਰੀਜ਼ ਪਾਜ਼ੇਟਿਵ ਨਾ ਮਿਲ ਰਹੇ ਹੋਣ। ਹਰ ਘਰ ’ਚ ਕੋਈ ਨਾ ਕੋਈ ਵਿਅਕਤੀ ਬੁਖਾਰ ਅਤੇ ਥਕਾਵਟ ਦੀ ਸਮੱਸਿਆ ਨਾਲ ਪੀੜਤ ਹੈ, ਜਿਸ ਕਰਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸ਼ਹਿਰ ਦੇ ਨਿੱਜੀ ਹਸਪਤਾਲਾਂ ’ਚ ਡੇਂਗੂ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਹਸਪਤਾਲਾਂ ’ਚ ਬਿਸਤਰੇ ਭਰ ਚੁੱਕੇ ਹਨ ਅਤੇ ਡਾਕਟਰਾਂ ਦੀ ਟੀਮਾਂ ਲਗਾਤਾਰ ਮਰੀਜ਼ਾਂ ਦਾ ਇਲਾਜ ਕਰ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਰੀਜ਼ ਸਰਕਾਰੀ ਹਸਪਤਾਲ ’ਚ ਜਾਣ ਦੀ ਬਜਾਏ ਨਿੱਜੀ ਹਸਪਤਾਲਾਂ ਦੀ ਰਾਹ ਪਕੜ ਰਹੇ ਹਨ।
ਸਿਹਤ ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਉਨ੍ਹਾਂ ਕੋਲ ਡੇਂਗੂ ਦਾ ਕੋਈ ਮਰੀਜ਼ ਰਿਪੋਰਟ ਨਹੀਂ ਹੋਇਆ ਹੈ। ਇਸਦਾ ਮੁੱਖ ਕਾਰਨ ਲੋਕਾਂ ਦਾ ਸਰਕਾਰੀ ਹਸਪਤਾਲ ’ਤੇ ਭਰੋਸਾ ਘੱਟ ਹੋਣਾ ਅਤੇ ਉਥੇ ਸਹੂਲਤਾਂ ਦੀ ਕਮੀ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਰੋਕਥਾਮ ਲਈ ਕੋਈ ਵਿਸ਼ੇਸ਼ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਸ਼ਹਿਰ ਦੇ ਪਾਸ਼ ਇਲਾਕੇ ਦਸਮੇਸ਼ ਨਗਰੀ, ਮੁਹੱਲਾ ਗਾਂਧੀ ਨਗਰ, ਮੁਹੱਲਾ ਰਾਜਪੂਤਾਂ ਵਾਲਾ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਇਲਾਕਿਆਂ ’ਚੋਂ ਵੀ ਡੇਂਗੂ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਹਨ। ਇਸਦੇ ਬਾਵਜੂਦ ਸਿਹਤ ਵਿਭਾਗ ਦੀ ਕੋਈ ਟੀਮ ਇਨ੍ਹਾਂ ਇਲਾਕਿਆਂ ’ਚ ਜਾ ਕੇ ਜਾਂਚ ਜਾਂ ਫੌਗਿੰਗ ਨਹੀਂ ਕਰ ਰਹੀ।
ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਫੌਗਿੰਗ ਸਿਰਫ਼ ਕਾਗਜ਼ਾਂ ਤੱਕ ਸੀਮਤ ਹੈ। ਕਈ ਵਾਰ ਫੌਗਿੰਗ ਮਸ਼ੀਨ ’ਚ ਡੀਜ਼ਲ ਪਾ ਕੇ ਸੜਕਾਂ ’ਤੇ ਧੂੰਆਂ ਕੀਤਾ ਜਾਂਦਾ ਹੈ ਪਰ ਇਹ ਮੱਛਰਾਂ ਨੂੰ ਮਾਰਨ ਦੀ ਬਜਾਏ ਸਿਰਫ਼ ਦਿਖਾਵਾ ਬਣ ਕੇ ਰਹਿ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਡੇਂਗੂ ਰੋਕਥਾਮ ਲਈ ਸੰਜੀਦਗੀ ਨਾਲ ਕੰਮ ਨਹੀਂ ਕਰ ਰਹੀ ਅਤੇ ਫੌਗਿੰਗ ਦੇ ਨਾਂ ’ਤੇ ਸਿਰਫ਼ ਖਰਚਾ ਦਿਖਾਇਆ ਜਾ ਰਿਹਾ ਹੈ। ਇਸ ਸਬੰਧ ’ਚ ਐੱਮ. ਡੀ. ਮੈਡੀਸਨ ਡਾ. ਅੰਕਿਤ ਮਿਡਾ ਨੇ ਕਿਹਾ ਕਿ ਇਸ ਸਮੇਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਸ਼ਹਿਰ ’ਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸਭ ਤੋਂ ਵੱਧ ਕੇਸ ਉਨ੍ਹਾਂ ਇਲਾਕਿਆਂ ’ਚੋਂ ਆ ਰਹੇ ਹਨ, ਜਿੱਥੇ ਸਫ਼ਾਈ ਦੀ ਹਾਲਤ ਠੀਕ ਨਹੀਂ ਅਤੇ ਜਿੱਥੇ ਪਾਣੀ ਖੜ੍ਹਾ ਰਹਿੰਦਾ ਹੈ।
ਡੇਂਗੂ ਇਕ ਵਾਇਰਲ ਬੁਖ਼ਾਰ ਹੈ। ਇਸ ਦਾ ਇਲਾਜ ਸਮੇਂ ’ਤੇ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮਰੀਜ਼ ਦੀ ਹਾਲਤ ਗੰਭੀਰ ਹੋ ਸਕਦੀ ਹੈ। ਉਨ੍ਹਾਂ ਨੇ ਨਗਰ ਕੌਂਸਲ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਸ਼ਹਿਰ ’ਚ ਜ਼ੋਰਦਾਰ ਸਫਾਈ ਮੁਹਿੰਮ ਚਲਾਈ ਜਾਵੇ, ਹਰ ਵਾਰਡ ਵਿਚ ਪੂਰੀ ਤਰ੍ਹਾਂ ਫੌਗਿੰਗ ਕਰਵਾਈ ਜਾਵੇ ਅਤੇ ਸਕੂਲਾਂ ’ਚ ਬੱਚਿਆਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਜਾਵੇ। ਸ਼ਹਿਰ ਵਾਸੀਆਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਾਲਾਬਾਦ ’ਚ ਡੇਂਗੂ ਦੀ ਸਥਿਤੀ ’ਤੇ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਐਮਰਜੈਂਸੀ ਸਿਹਤ ਕੈਂਪ ਲਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
