ਸਿਹਤ ਵਿਭਾਗ ਵੱਲੋਂ ''ਡੇਂਗੂ'' ਸਬੰਧੀ ਛੋਟੇ ਹਸਪਤਾਲਾਂ ਤੇ ਪ੍ਰਾਈਵੇਟ ਲੈਬਾਰਟਰੀਆਂ ਨੂੰ ਖ਼ਾਸ਼ ਨਿਰਦੇਸ਼ ਜਾਰੀ
Wednesday, Nov 24, 2021 - 09:24 AM (IST)
ਲੁਧਿਆਣਾ (ਰਾਜ) : ਸਿਹਤ ਵਿਭਾਗ ਵੱਲੋਂ ਨਿਰਦੇਸ਼ ਜਾਰੀ ਹੋਏ ਹਨ ਕਿ ਕੋਈ ਵੀ ਪ੍ਰਾਈਵੇਟ ਹਸਪਤਾਲ ਜਾਂ ਲੈਬਾਰਟਰੀ ਆਪਣੇ ਕੀਤੇ ਟੈਸਟਾਂ ਵਿਚ ਪਾਜ਼ੇਟਿਵ ਆਏ ਮਰੀਜ਼ ਦੀ ਡੇਂਗੂ ਸਬੰਧੀ ਪੁਸ਼ਟੀ ਨਹੀਂ ਕਰ ਸਕਦੀ। ਉਸ ਨੂੰ ਮੁੜ ਸਿਵਲ ਹਸਪਤਾਲ ’ਚ ਸੈਂਪਲ ਭੇਜਣਾ ਪਵੇਗਾ। ਇਸ ਤੋਂ ਬਾਅਦ ਸਿਵਲ ਹਸਪਤਾਲ ਦੀ ਲੈਬ ਵਿਚ ਉਸ ਸੈਂਪਲ ਦਾ ਟੈਸਟ ਹੋਵੇਗਾ। ਜੇਕਰ ਉਸ ਵਿਚ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਹੀ ਮਰੀਜ਼ ਵਿਚ ਡੇਂਗੂ ਪਾਜ਼ੇਟਿਵ ਦੀ ਪੁਸ਼ਟੀ ਹੋਵੇਗੀ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਵੱਡਾ ਝਟਕਾ, ਹਾਈਕੋਰਟ ਨੇ ਓਰਬਿੱਟ ਬੱਸਾਂ ਛੱਡਣ ਦੇ ਦਿੱਤੇ ਹੁਕਮ
ਸਿਵਲ ਸਰਜਨ ਡਾ. ਐੱਸ. ਪੀ. ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਮੌਜੂਦ ਕੁੱਝ ਨਰਸਿੰਗ ਹੋਮ, ਛੋਟੇ ਹਸਪਤਾਲ ਅਤੇ ਲੈਬਾਰਟਰੀ ਵਾਲੇ ਸ਼ੱਕੀ ਮਰੀਜ਼ਾਂ ਦਾ ਐਂਟੀਜਨ ਰੈਪਿਡ ਟੈਸਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਡੇਂਗੂ ਪਾਜ਼ੇਟਿਵ ਦੱਸ ਰਹੇ ਹਨ, ਜੋ ਕਿ ਮੰਨਣਯੋਗ ਨਹੀਂ ਹਨ। ਅਜਿਹੇ ਵਿਚ ਗਲਤ ਰਿਪੋਰਟਾਂ ’ਤੇ ਡੇਂਗੂ ਦੇ ਕਈ ਮਰੀਜ਼ਾਂ ਦੀ ਰੋਜ਼ਾਨਾ ਪੁਸ਼ਟੀ ਹੋ ਜਾਂਦੀ ਸੀ। ਇਸ ਲਈ ਹੁਣ ਸਿਹਤ ਵਿਭਾਗ ਵੱਲੋਂ ਸਾਰੇ ਪ੍ਰਾਈਵੇਟ ਲੈਬਾਰਟਰੀਆਂ, ਨਰਸਿੰਗ ਹੋਮ ਅਤੇ ਛੋਟੇ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਸ਼ੱਕੀ ਮਰੀਜ਼ ਦੇ ਟੈਸਟ ਤੋਂ ਬਾਅਦ ਉਸ ਨੂੰ ਡੇਂਗੂ ਪਾਜ਼ੇਟਿਵ ਨਾ ਐਲਾਨੇ। ਉਸ ਦਾ ਮੁੜ ਸੈਂਪਲ ਲੈ ਕੇ ਸਿਵਲ ਹਸਪਤਾਲ ਭੇਜਿਆ ਜਾਵੇ, ਜਿੱਥੇ ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਸਿਵਲ ਹਸਪਤਾਲ ਦੀ ਜਾਂਚ ਦੌਰਾਨ ਮਰੀਜ਼ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦੀ ਪੁਸ਼ਟੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨ ਆਗੂਆਂ ਨੂੰ ਲੈ ਕੇ ਵੱਡਾ ਬਿਆਨ, ਜਾਣੋ ਕੀ ਬੋਲੇ
ਏਲਿਸਾ ਟੈਸਟ ਕਰਨ ਵਾਲੇ ਖ਼ੁਦ ਕਰ ਸਕਦੇ ਹਨ ਪੁਸ਼ਟੀ
ਸਿਹਤ ਅਧਿਕਾਰੀ ਨੇ ਦੱਸਿਆ ਕਿ ਡੀ. ਐੱਮ. ਸੀ. ਹਸਪਤਾਲ, ਸੀ. ਐੱਮ. ਸੀ. ਹਸਪਤਾਲ ਅਤੇ ਹੋਰ ਵੱਡੇ ਹਸਪਤਾਲ ਜੋ ਕਿ ਏਲਿਸਾ ਟੈਸਟ ਕਰ ਰਹੇ ਹਨ, ਉਹ ਆਪਣੇ ਤੌਰ ’ਤੇ ਡੇਂਗੂ ਦੀ ਪੁਸ਼ਟੀ ਕਰ ਸਕਦੇ ਹਨ ਪਰ ਐਂਟੀਜਨ ਟੈਸਟ ਇਸ ਵਿਚ ਮੰਨਣਯੋਗ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲਿਆਂ ’ਤੇ ਪੂਰੀ ਤਰ੍ਹਾਂ ਲਾਈ ਰੋਕ
69 ਡੇਂਗੂ ਦੇ ਮਾਮਲੇ, 25 ਦੀ ਪੁਸ਼ਟੀ, 19 ਜ਼ਿਲ੍ਹੇ ਦੇ ਰਹਿਣ ਵਾਲੇ
ਪ੍ਰਮੁੱਖ ਹਸਪਤਾਲਾਂ ’ਚੋਂ ਲਈ ਗਈ ਰਿਪੋਰਟ ਦੀ ਕ੍ਰਾਸ ਚੈਕਿੰਗ ਉਪਰੰਤ ਸਿਹਤ ਵਿਭਾਗ ’ਚ 69 ਡੇਂਗੂ ਦੇ ਮਾਮਲੇ ਸਾਹਮਣੇ ਆਉਣ ਦੀ ਗੱਲ ਕਹੀ ਹੈ। ਇਨ੍ਹਾਂ ’ਚੋਂ 25 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਦੱਸੀ ਗਈ, ਜਿਸ ਵਿਚ 19 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 6 ਬਾਹਰੀ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। 48 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ