ਡੇਂਗੂ ਦੀ ਮਹਾਮਾਰੀ ਦੇ ਹਾਲਾਤ ਬਰਕਰਾਰ, 50 ਮਰੀਜ਼ ਪਾਜ਼ੀਟਿਵ

10/26/2017 3:45:09 AM

ਲੁਧਿਆਣਾ(ਸਹਿਗਲ)-ਮਹਾਨਗਰ 'ਚ ਡੇਂਗੂ ਦੀ ਮਹਾਮਾਰੀ ਦੇ ਹਾਲਾਤ ਬਰਕਰਾਰ ਹਨ। ਅੱਜ 50 ਨਵੇਂ ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਹੋਈ ਹੈ। ਹਸਪਤਾਲਾਂ 'ਚ ਮਰੀਜ਼ਾਂ ਦਾ ਆਉਣਾ ਜਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ 4 ਪ੍ਰਮੁੱਖ ਹਸਪਤਾਲਾਂ 'ਚ ਡੇਂਗੂ ਦੇ 100 ਤੋਂ ਜ਼ਿਆਦਾ ਮਰੀਜ਼ ਦਾਖਲ ਹੋਏ। ਦੂਜੇ ਪਾਸੇ ਸਿਵਲ ਸਰਜਨ ਡਾ. ਹਰਦੀਪ ਸਿੰਘ ਨੇ ਕਿਹਾ ਕਿ ਹਸਪਤਾਲ ਸਰਕਾਰ ਵਲੋਂ ਨਿਰਧਾਰਤ ਗਾਈਡਲਾਈਨਜ਼ ਦਾ ਪਾਲਣ ਨਹੀਂ ਕਰ ਰਹੇ। ਇਸ ਸਬੰਧ ਵਿਚ ਉਨ੍ਹਾਂ ਨੇ ਲਿਖਤੀ ਤੌਰ 'ਤੇ ਚਿਤਾਵਨੀ ਪੱਤਰ ਭੇਜੇ ਹਨ। ਵਰਨਣਯੋਗ ਹੈ ਕਿ ਡੇਂਗੂ ਦੇ ਟੈਸਟਾਂ ਦੇ ਸਰਕਾਰ ਵਲੋਂ ਨਿਰਧਾਰਤ ਮੁੱਲ ਦੇ ਅਨੁਸਾਰ 600 ਰੁਪਏ ਤੋਂ ਜ਼ਿਆਦਾ ਨਹੀਂ ਲਏ ਜਾ ਸਕਦੇ ਪਰ ਹਸਪਤਾਲਾਂ ਵਲੋਂ ਮਨਮਾਨੇ ਮੁੱਲ ਵਸੂਲੇ ਜਾ ਰਹੇ ਹਨ। ਡੇਂਗੂ ਦੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਅਤੇ ਨਿਗਮ ਦੋਵੇਂ ਫੇਲ ਸਿੱਧ ਹੋਏ ਹਨ। ਸਿਹਤ ਵਿਭਾਗ ਜੂਨ ਮਹੀਨੇ ਤੋਂ ਡੇਂਗੂ, ਮਲੇਰੀਆ ਮਹੀਨਾ ਮਨਾਉਣ ਦਾ ਕੰਮ ਸ਼ੁਰੂ ਕਰਦਾ ਹੈ ਪਰ ਸਰਕਾਰ ਦੇ ਲੱਖਾਂ ਰੁਪਏ ਖਰਚ ਕਰ ਕੇ ਵੀ ਇਹ ਬਚਾਅ ਕਾਰਜ ਅਸਫਲ ਰਹੇ। ਹੁਣ ਡੇਂਗੂ ਦੀ ਮਹਾਮਾਰੀ ਤੋਂ ਬਚਣ ਲਈ ਮਰੀਜ਼ਾਂ ਦੀ ਗਿਣਤੀ ਘੱਟ ਦਿਖ ਰਹੀ ਹੈ। ਇਸ ਤਰ੍ਹਾਂ ਲੋਕਾਂ ਦਾ ਦੋਸ਼ ਹੈ। 
14 ਮਸ਼ੀਨਾਂ ਅਤੇ 75 ਵਾਰਡ ਫਿਰ ਕਿਵੇਂ ਹੋਊ ਨਿਰੰਤਰ ਫੌਗਿੰਗ
ਸ਼ਹਿਰ 'ਚ ਮੱਛਰਾਂ ਦੇ ਕਹਿਰ ਕਾਰਨ ਫੈਲੇ ਡੇਂਗੂ ਮਲੇਰੀਆ ਤੋਂ ਬਚਾਅ ਲਈ ਨਿਗਮ ਕੋਲ 14 ਫੌਗਿੰਗ ਮਸ਼ੀਨਾਂ ਹਨ, ਜੋ ਸ਼ਹਿਰ ਦੇ 75 ਵਾਰਡਾਂ ਲਈ ਕਾਫੀ ਘੱਟ ਸਿੱਧ ਹੋ ਰਹੀਆਂ ਹਨ। ਨਗਰ ਨਿਗਮ ਦੇ ਫੌਗਿੰਗ ਦਾ ਕੰਮ ਦੇਖ ਦੇ ਰਹੇ ਵਿਪਨ ਮਲਹੋਤਰਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਕ ਦਿਨ 'ਚ ਇਕ ਮਸ਼ੀਨ ਨਾਲ ਇਕ ਵਾਰਡ ਦਾ ਚੌਥਾ ਹਿੱਸਾ ਹੀ ਕਵਰ ਹੋ ਪਾਉਂਦਾ ਹੈ, ਜਦਕਿ ਫੌਗਿੰਗ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਉਥੇ ਦੂਜੇ ਪਾਸੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਦੇ ਖੇਤਰ ਵਿਚ ਫੌਗਿੰਗ ਕਰਨ ਕੋਈ ਨਹੀਂ ਆਇਆ ਅਤੇ ਮੱਛਰਾਂ ਦੀ ਭਰਮਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਂਗੂ ਹਰ ਸਾਲ ਮਹਾਮਾਰੀ ਦਾ ਰੂਪ ਧਾਰਨ ਕਰ ਕੇ ਸਾਹਮਣੇ ਆਉਂਦਾ ਹੈ। ਇਸ ਦੌਰਾਨ ਨਿਗਮ ਨੂੰ ਵੀ ਚਾਹੀਦਾ ਹੈ ਕਿ ਉਹ ਹੋਰ ਮਸ਼ੀਨਾਂ ਖਰੀਦੇ ਅਤੇ ਮੈਨਪਾਵਰ ਨੂੰ ਵੀ ਵਧਾਵੇ।
ਬਲੱਡ ਡੋਨਰਾਂ ਨੂੰ ਆ ਰਹੀ ਪ੍ਰੇਸ਼ਾਨੀ
ਹਸਪਤਾਲਾਂ 'ਚ ਡੇਂਗੂ ਬੁਖਾਰ ਦੇ ਮਰੀਜ਼ਾਂ ਦਾ ਮਸੀਹਾ ਬਣੇ ਵੱਖ-ਵੱਖ ਸੰਗਠਨਾਂ ਦੇ ਖੂਨਦਾਨੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਲਪਿੰਗ ਹੈਂਡਸ ਕਲੱਬ ਦੇ ਰਮਨ ਗੋਇਲ ਨੇ ਦੋਸ਼ ਲਾਇਆ ਕਿ ਸੀ. ਐੱਮ. ਸੀ. ਹਸਪਤਾਲ ਮਰੀਜ਼ਾਂ ਦੀ ਸੇਵਾ 'ਚ ਮੁਫਤ ਰੂਪ ਜੁੜੇ ਖੂਨਦਾਨੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਖੂਨਦਾਨੀਆਂ ਦਾ ਸਰੀਰਕ ਭਾਰ ਘੱਟ ਦੱਸ ਕੇ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਮਰੀਜ਼ਾਂ ਦੀ ਜਾਨ 'ਤੇ ਬਣੀ ਹੋਈ ਹੈ। ਰਮਨ ਗੋਇਲ ਨੇ ਦੱਸਿਆ ਕਿ ਨੈਸ਼ਨਲ ਬਲੱਡ ਟਰਾਂਸਯੂਜਨ ਕੌਂਸਲ ਅਨੁਸਾਰ ਖੂਨਦਾਨ ਕਰਨ ਵਾਲੇ ਡੋਨਰ ਦਾ ਭਾਰ 45-50 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ ਪਰ ਸੀ. ਐੱਮ. ਸੀ. ਹਸਪਤਾਲ ਦੇ ਬਲੱਡ ਬੈਂਕ ਦੇ ਅਧਿਕਾਰੀ 60 ਕਿਲੋ ਤੋਂ ਉਪਰ ਸਰੀਰਕ ਭਾਰ ਵਾਲੇ ਖੂਨਦਾਨੀਆਂ ਨੂੰ ਖੂਨਦਾਨ ਕਰਨ ਨੂੰ ਕਹਿ ਰਿਹਾ ਹੈ। ਬੀਤੀ ਰਾਤ ਵੀ ਉਨ੍ਹਾਂ ਨੇ ਇਸ ਤਰ੍ਹਾਂ ਇਕ ਖੂਨਦਾਨ ਕਰਨ ਗਏ ਯੁਵਕ ਨੂੰ 60 ਕਿਲੋ ਤੋਂ ਘੱਟ ਭਾਰ ਹੋਣ 'ਤੇ ਵਾਪਸ ਭੇਜ ਦਿੱਤਾ। ਇਸ ਦੌਰਾਨ ਗੰਭੀਰ ਮਰੀਜ਼ਾਂ ਦੀ ਜਾਨ 'ਤੇ ਨਵੀਂ ਆਫਤ ਬਣ ਗਈ ਹੈ, ਜਦਕਿ ਉਨ੍ਹਾਂ ਦੀ ਸੰਸਥਾ ਦੇ ਮੈਂਬਰ ਦਿਨ-ਰਾਤ ਮਰੀਜ਼ਾਂ ਦੀ ਮੁਫਤ ਸੇਵਾ 'ਚ ਲੱਗੇ ਹੋਏ ਹਨ। ਉਥੇ ਹੋਰ ਹਸਪਤਾਲਾਂ 'ਚ ਇਸ ਤਰ੍ਹਾਂ ਨਹੀਂ ਹੈ ਅਤੇ ਉਹ ਬਲੱਡ ਟਰਾਂਸਯੂਜਨ ਕੌਂਸਲ ਦਾ ਪਾਲਣ ਕਰ ਰਹੇ ਹਨ। 
ਕੀ ਹਨ ਲੱਛਣ 
ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਤੇਜ਼ ਬੁਖਾਰ ਨਾਲ ਸਿਰਦਰਦ, ਮਾਸਪੇਸ਼ੀਆਂ 'ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਮਸੂੜਿਆਂ ਅਤੇ ਨੱਕ 'ਚੋਂ ਖੂਨ ਆਉਣਾ ਆਦਿ ਡੇਂਗੂ ਬੁਖਾਰ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਇਹ ਮੱਛਰ ਸਾਫ ਰੁਕੇ ਹੋਏ ਪਾਣੀ 'ਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ 'ਚ ਕੱਟਦਾ ਹੈ। 


Related News