ਕਾਂਗਰਸ 50 ਲੋਕ ਸਭਾ ਸੀਟਾਂ ਵੀ ਨਹੀਂ ਜਿੱਤ ਸਕੇਗੀ : PM ਮੋਦੀ
Saturday, May 11, 2024 - 03:35 PM (IST)
ਫੁਲਬਨੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ 50 ਸੀਟਾਂ ਵੀ ਨਹੀਂ ਜਿੱਤ ਸਕੇਗੀ ਅਤੇ ਚੋਣਾਂ ਤੋਂ ਬਾਅਦ ਉਸ ਨੂੰ ਵਿਰੋਧੀ ਦਲ ਦਾ ਦਰਜਾ ਵੀ ਨਹੀਂ ਮਿਲੇਗਾ। ਕੰਧਮਾਲ ਅਤੇ ਬੋਲੰਗੀਰ ਲੋਕ ਸਭਾ ਸੀਟ 'ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਦਾਅਵਾ ਕੀਤਾ ਕਿ ਓਡੀਸ਼ਾ ਦੀ 'ਪਛਾਣ' ਖ਼ਤਰੇ 'ਚ ਹੈ ਅਤੇ ਭਾਜਪਾ ਇਸ ਦੀ ਰੱਖਿਆ ਕਰੇਗੀ। ਉਨ੍ਹਾਂ ਕਿਹਾ ਕਿ ਰਾਜ 'ਚ ਭਾਜਪਾ ਦੀ 'ਡਬਲ ਇੰਜਣ' ਸਰਕਾਰ ਬਣੇਗੀ ਅਤੇ ਓਡੀਸ਼ਾ 'ਚ ਭਾਜਪਾ ਸਰਕਾਰ ਦਾ ਮੁੱਖ ਮੰਤਰੀ ਉਹੀ ਪੁੱਤ ਜਾਂ ਧੀ ਬਣੇਗੀ ਜੋ ਉੜੀਆ ਭਾਸ਼ਾ ਅਤੇ ਉੜੀਆ ਸੱਭਿਆਚਾਰ ਨੂੰ ਸਮਝਦਾ ਹੋਵੇ। ਬੀਜੂ ਜਨਤਾ ਦਲ (ਬੀਜਦ) 'ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਜ 'ਚ ਬਹੁਤ ਸਾਰੇ ਕੁਦਰਤੀ ਸਰੋਤ ਹੋਣ ਦੇ ਬਾਵਜੂਦ ਲੋਕਾਂ ਨੂੰ ਗਰੀਬ ਬਣਾਏ ਰੱਖਣ ਲਈ ਜ਼ਿੰਮੇਵਾਰ ਲੋਕਾਂ ਨੂੰ ਸੱਤਾ ਤੋਂ ਬਾਹਰ ਕੀਤਾ ਜਾਣਾ ਚਾਹੀਦਾ। ਪੀ.ਐੱਮ. ਮੋਦੀ ਨੇ ਦਾਅਵਾ ਕੀਤਾ,''ਕਾਂਗਰਸ ਨੂੰ ਲੋਕ ਸਭਾ 'ਚ ਪ੍ਰਮੁੱਖ ਵਿਰੋਧੀ ਦਲ ਬਣਨ ਲਈ 10 ਫ਼ੀਸਦੀ ਸੀਟ ਨਹੀਂ ਮਿਲ ਸਕੇਗੀ ਅਤੇ ਉਹ 50 ਸੀਟਾਂ ਵੀ ਨਹੀਂ ਜਿੱਤ ਸਕੇਗੀ।'' ਉਨ੍ਹਾਂ ਕਿਹਾ,''ਕਾਂਗਰਸ ਦੇ ਸ਼ਹਿਜਾਦੇ 2014 ਦੀਆਂ ਚੋਣਾਂ ਦੇ ਬਾਅਦ ਤੋਂ ਉਹੀ ਸਕ੍ਰਿਪਟ ਪੜ੍ਹ ਰਹੇ ਹਨ... ਮੇਰੇ ਸ਼ਬਦਾਂ 'ਤੇ ਧਿਆਨ ਦਿਓ, ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਾਰੇ ਰਿਕਾਰਡ ਤੋੜ ਦੇਵੇਗਾ ਅਤੇ ਇਸ ਵਾਰ 400 ਤੋਂ ਵੱਧ ਸੀਟ ਜਿੱਤੇਗਾ।'' ਕੇਂਦਰ 'ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਾਬਕਾ ਸਰਕਾਰ ਦੀਆਂ ਉਪਲੱਬਧੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ 26 ਸਾਲ ਪਹਿਲੇ ਅੱਜ ਹੀ ਦੇ ਦਿਨ ਪੋਖਰਨ ਪ੍ਰੀਖਣ ਨੇ ਦੁਨੀਆ ਭਰ 'ਚ ਦੇਸ਼ ਦਾ ਕੱਦ ਵਧਾਇਆ ਸੀ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਕਰਵਾ ਕੇ ਲੋਕਾਂ ਦਾ 500 ਸਾਲਾਂ ਦਾ ਇੰਤਜ਼ਾਰ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ,''ਭਾਜਪਾ ਨੇ ਓਡੀਸ਼ਾ ਦੀ ਇਕ ਆਦਿਵਾਸੀ ਧੀ ਨੂੰ ਭਾਰਤ ਦੀ ਰਾਸ਼ਟਰਪਤੀ ਬਣਾਇਆ, ਜੋ ਹਥਿਆਰਬੰਦ ਫ਼ੋਰਸਾਂ ਦੀ 'ਕਮਾਂਡਰ-ਇਨ-ਚੀਫ਼' ਹਨ।'' ਪੀ.ਐੱਮ. ਮੋਦੀ ਨੇ ਰਾਜ ਦੀ ਬੀਜਦ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਓਡੀਸ਼ਾ ਇਕ ਅਮੀਰ ਰਾਜ ਹੈ ਪਰ ਜ਼ਿਆਦਾਤਰ ਲੋਕ ਗਰੀਬ ਹਨ। ਉਨ੍ਹਾਂ ਕਿਹਾ,''ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਰਾਜ ਦੀ ਸੱਤਾ ਤੋਂ ਬਾਹਰ ਕੀਤਾ ਜਾਣਾ ਚਾਹੀਦਾ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਓਡੀਸ਼ਾ 'ਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਪਹਿਲੇ ਦਾਅਵਾ ਕੀਤਾ ਕਿ ਰਾਜ ਇਕੱਠੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ 'ਚ ਇਤਿਹਾਸ ਰਚੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਇਹ ਸਪੱਸ਼ਟ ਹੈ ਕਿ ਓਡੀਸ਼ਾ ਇਨ੍ਹਾਂ ਚੋਣਾਂ 'ਚ ਇਤਿਹਾਸ ਰਚੇਗਾ!'' ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੇ ਸ਼ੁੱਕਰਵਾਰ ਰਾਤ ਦਾਅਵਾ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਓਡੀਸ਼ਾ ਅਤੇ ਪੱਛਮੀ ਬੰਗਾਲ ਦੋਹਾਂ 'ਚ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰੇਗੀ। ਪੀ.ਐੱਮ. ਮੋਦੀ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜੂ ਜਨਤਾ ਦਲ (ਬੀਜਦ) ਸਰਕਾਰ 'ਤੇ ਲੋਕਾਂ ਦੇ ਸੰਪਰਕ 'ਚ ਨਾ ਰਹਿਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ,''ਰਾਜਿਆਂ ਅਤੇ ਮਹਾਰਾਜਿਆਂ ਦੇ ਯੁੱਗ 'ਚ ਵੀ ਸ਼ਾਸਕ ਆਮ ਆਦਮੀ ਦੇ ਸੰਪਰਕ 'ਚ ਰਹਿੰਦੇ ਸਨ ਪਰ ਓਡੀਸ਼ਾ 'ਚ ਇਸ ਦੀ ਬਹੁਤ ਘਾਟ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e