ਸਾਡੀ ਸਰਕਾਰ ਆਈ ਤਾਂ ਹਟਾ ਦਿਆਂਗੇ 50 ਫੀਸਦੀ ਰਾਖਵੇਂਕਰਨ ਦੀ ਹੱਦ : ਰਾਹੁਲ

05/06/2024 8:01:29 PM

ਅਲੀਰਾਜਪੁਰ, (ਭਾਸ਼ਾ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ, ਇਸ ਲਈ ਮੌਜੂਦਾ ਲੋਕ ਸਭਾ ਚੋਣਾਂ ਦਾ ਮੰਤਵ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ।

ਮੱਧ ਪ੍ਰਦੇਸ਼ ’ਚ ਰਤਲਾਮ-ਝਾਬੂਆ ਲੋਕ ਸਭਾ ਸੀਟ ਅਧੀਨ ਅਲੀਰਾਜਪੁਰ ਜ਼ਿਲੇ ਦੇ ਜੋਬਤ ਕਸਬੇ ’ਚ ਸੋਮਵਾਰ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਬਣੀ ਤਾਂ ਉਹ ਇਹ ਯਕੀਨੀ ਬਣਾਏਗੀ ਕਿ ਲੋਕਾਂ ਦੇ ਹਿੱਤ ’ਚ ਰਾਖਵੇਂਕਰਨ ’ਤੇ 50 ਫੀਸਦੀ ਦੀ ਹੱਦ ਨੂੰ ਹਟਾਇਆ ਜਾਏ। ਜਿਸ ਨੂੰ ਜਿੰਨੀ ਲੋੜ ਹੈ, ਓਨਾ ਹੀ ਰਾਖਵਾਂਕਰਨ ਦਿੱਤਾ ਜਾਏ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਜਾਤੀ ਮਰਦਮਸ਼ੁਮਾਰੀ ਦੀ ਵਕਾਲਤ ਕੀਤੀ ਤੇ ਦਾਅਵਾ ਕੀਤਾ ਕਿ ਇਸ ਨਾਲ ਲੋਕਾਂ ਦੀ ਸਥਿਤੀ ਬਾਰੇ ਸਭ ਕੁਝ ਸਾਹਮਣੇ ਆਵੇਗਾ ਤੇ ਦੇਸ਼ ਦੀ ਸਿਆਸਤ ਦੀ ਦਿਸ਼ਾ ਬਦਲ ਜਾਏਗੀ। ਭਾਜਪਾ ਤੇ ਆਰ. ਐੱਸ. ਐੱਸ. ਇਸ ਨੂੰ ਬਦਲਣਾ ਚਾਹੁੰਦੇ ਹਨ, ਪਰ ਕਾਂਗਰਸ ਅਤੇ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਜਪਾ ਨੇ ਸੰਵਿਧਾਨ ਨੂੰ ਬਦਲਣ ਦੇ ਇਰਾਦੇ ਨਾਲ ਹੀ ‘400 ਪਾਰ’ ਦਾ ਨਾਅਰਾ ਦਿੱਤਾ ਹੈ। ਵਾਇਨਾਡ ਤੋਂ ਸੰਸਦ ਮੈਂਬਰ ਗਾਂਧੀ ਨੇ ਦਾਅਵਾ ਕੀਤਾ ਕਿ 400 ਸੀਟਾਂ ਨੂੰ ਤਾਂ ਛੱਡੋ, ਭਾਜਪਾ ਨੂੰ ਇਸ ਵਾਰ 150 ਤੋਂ ਵੱਧ ਸੀਟਾਂ ਨਹੀਂ ਮਿਲਣੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਕੰਪਨੀਆਂ ’ਚ ਇਕ ਸਾਲ ਦੀ ਅਪ੍ਰੈਂਟਿਸਸ਼ਿਪ ਅਤੇ ਉਸ ਤੋਂ ਬਾਅਦ ਨੌਕਰੀ ਯਕੀਨੀ ਬਣਾਉਣ ਲਈ ‘ਪਹਿਲੀ ਨੌਕਰੀ ਪੱਕੀ’ ਸਕੀਮ ਸ਼ੁਰੂ ਕਰੇਗੀ।


Rakesh

Content Editor

Related News