ਖੇਤੀ ਸੈਕਟਰ ਲਈ ਬਿਜਲੀ ਸਪਲਾਈ ਪੂਰੀ ਨਾ ਦੇਣ ਤੋਂ ਭਡ਼ਕੇ ਕਿਸਾਨ

Tuesday, Jun 12, 2018 - 01:57 AM (IST)

ਖੇਤੀ ਸੈਕਟਰ ਲਈ ਬਿਜਲੀ ਸਪਲਾਈ ਪੂਰੀ ਨਾ ਦੇਣ ਤੋਂ ਭਡ਼ਕੇ ਕਿਸਾਨ

ਬਾਘਾਪੁਰਾਣਾ,   (ਰਾਕੇਸ਼)-  ਕਿਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਪੰਜਾਬ ਵੱਲੋਂ ਕੀਤੇ ਗਏ ਫੈਸਲੇ ਨੂੰ ਲਾਗੂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾਪੁਰਾਣਾ ਵੱਲੋਂ ਪ੍ਰਧਾਨ ਬੀ. ਕੇ. ਯੂ. ਗੁਰਦਾਸ ਸਿੰਘ ਸੇਖਾ ਦੀ ਅਗਵਾਈ ਹੇਠ ਸਰਕਾਰ ਦੇ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ 10 ਜੂਨ ਤੋਂ ਝੋਨੇ ਦੀ ਲਵਾਈ ਲਈ 16 ਘੰਟੇ ਰੋਜਾਨਾਂ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਐਕਸੀਅਨ ਪਾਵਰਕਾਮ ਡਵੀਜ਼ਨ ਬਾਘਾਪੁਰਾਣਾ ਦੇ ਦਫਤਰ ਮੂਹਰੇ ਦਿਨ-ਰਾਤ ਚੱਲਣ ਵਾਲੇ ਧਰਨੇ ਦੇ ਪਹਿਲੇ ਦਿਨ ਪੰਜਾਬ ਸਰਕਾਰ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
 ਧਰਨੇ ਨੂੰ ਸੰਬੋਧਨ ਕਰਦਿਆਂ ਹਰਮੰਦਰ ਸਿੰਘ ਡੈਮਰੂ ਕਲਾਂ ਨੇ ਦੱਸਿਆ ਕਿ ਬੀਤੇ ਸਾਲ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਕੇ ਵੀ ਸਾਧਨਾਂ ਤੋਂ ਹੀਣੇ ਛੋਟੇ ਗਰੀਬ ਕਿਸਾਨਾਂ ਦਾ ਝੋਨਾ ਕਾਫੀ ਪਛੇਤਾ ਹੋਣ ਕਾਰਨ ਵਿਕਰੀ ਸਮੇਂ  ਸ਼ਿਲ ਵਧੇਰੇ ਹੋਣ ਦੇ ਬਹਾਨੇ ਉੁਨ੍ਹਾਂ ਨੂੰ ਖਰੀਦ ਇੰਸਪੈਕਟਰਾਂ ਤੇ ਵਪਾਰੀਆਂ ਦੀ ਲੁੱਟ ਦਾ ਸ਼ਿਕਾਰ ਹੋਣ ਪਿਆ ਸੀ। ਧਰਨੇ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ 20 ਜੂਨ ਤੋਂ ਪਛੇਤਾ ਝੋਨਾ ਲਾਉਣ ਲਈ ਸ਼ਿਲ ਦੀ ਮਾਤਰਾ 24ਫੀਸਦੀ ਕੀਤੀ ਜਾਵੇ, ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਲਿਹਾਜਾ ਕਿਸਾਨਾਂ ਦੀ ਅੰਨ੍ਹੀ ਲੁੱਟ ਨੂੰ ਰੋਕਣ ਲਈ ਹੀ ਐਤਕੀ 10 ਜੂਨ ਤੋਂ ਝੋਨਾ ਲਾਉਣਾ ਪੈ ਰਿਹਾ ਹੈ। 
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨਾਲ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲਦੀ ਉਨ੍ਹਾਂ ਵੱਲੋਂ ਧਰਨਾ ਦਿਨ ਰਾਤ ਜਾਰੀ ਰਹੇਗਾ। ਇਸ ਮੌਕੇ ਨਿਰਭੈ ਸਿੰਘ, ਬਲੋਰ ਸਿੰਘ, ਦਰਸ਼ਨ ਸਿੰਘ, ਜਗਰਾਜ ਸਿੰਘ ਅਤੇ ਅਜੀਤ ਸਿੰਘ ਡੈਮਰੂ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਆਗੂ ਤੇ ਕਿਸਾਨ ਹਾਜ਼ਰ ਸਨ।
 ਅਜੀਤਵਾਲ,  (ਰੱਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਬਲਾਕ ਪੱਧਰਾ ਧਰਨਾ ਐੱਸ. ਡੀ. ਓ. ਦਫਤਰ ਅਜੀਤਵਾਲ ਵਿਖੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ਅਗਵਾਈ ’ਚ ਲਾਇਆ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ  ਕਿਹਾ ਕਿ ਝੋਨਾ ਪਛੇਤਾ ਕਰਨਾ ਸਰਕਾਰ ਦੀ ਬਹਾਨੇ ਬਾਜੀ ਹੈ। ਸਰਕਾਰ ਦਾ ਨਿਸ਼ਾਨਾ ਝੋਨੇ ਦੀ ਸਰਕਾਰੀ ਖਰੀਦ ਬੰਦ ਕਰਨਾ ਹੈ ਜੋ ਸਿੱਲ ਵਾਲੀ ਸ਼ਰਤ ਲਾ ਕੇ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦਣ ਯੋਗ ਮੰਨਦੀ ਹੈ, ਸਰਕਾਰ ਦੀ ਇਸ ਕੋਝੀ ਚਾਲ ਨੂੰ ਸਮਝ ਕੇ ਜਥੇਬੰਦੀ ਨੇ ਸਰਕਾਰ ਵਿਰੁੱਧ ਮੋਰਚਾ ਖੋਲਣ ਦਾ ਫੈਸਲਾ ਕੀਤਾ ਹੈ, ਜਿਸ ’ਚ ਇਹ ਮੰਗ ਵੀ ਹੈ ਕਿ ਜੇਕਰ ਸਰਕਾਰ ਨਮੀ ਦੀ ਸ਼ਰਤ 17 ਫੀਸਦੀ ਤੋਂ 25 ਫੀਸਦੀ ਵਧਾ ਦਿੰਦੀ ਹੈ, ਤਾਂ ਕਿਸਾਨ ਝੋਨਾ ਪਿਛੇਤਾ ਕਰਨ ਦੇ ਵਿਰੋਧ ’ਚ ਐੱਸ. ਡੀ. ਓ. ਦਫਤਰਾਂ ਦੇ ਧਰਨੇ ਬਾਰੇ ਸੋਚਿਆ ਜਾਵੇਗਾ।
 ਕਿਸਾਨ ਆਗੂ ਨੇ ਕਿਹਾ ਕਿ ਮੰਗ ਮੰਨੇ ਜਾਣ ਤੱਕ ਇਹ ਧਰਨੇ ਦਿਨ-ਰਾਤ ਜਾਰੀ ਰਹਿਣਗੇ। ਇਸ ਮੌਕੇ ਹਰਬੰਸ ਸਿੰਘ ਅਜੀਤਵਾਲ, ਗੁਰਜੰਟ ਸਿੰਘ ਕੋਕਰੀ, ਨਛੱਤਰ ਸਿੰਘ ਕੋਕਰੀ ਹੇਰਾਂ, ਰਤਨ ਸਿੰਘ ਝੰਡੇਆਣਾ, ਅਜੈਬ ਸਿੰਘ, ਸੁਖਦੇਵ ਸਿੰਘ ਕਿਲੀ, ਅੰਗਰੇਜ ਸਿੰਘ ਚਡ਼ਿੱਕ ਕੋਠੇ, ਬਿੱਕਰ ਸਿੰਘ ਬੁੱਧ ਸਿੰਘਵਾਲਾ ਤੋਂ ਇਲਾਵਾ ਸੈਂਕਡ਼ੇ ਕਿਸਾਨ ਹਾਜ਼ਰ ਸਨ।
 ਕਿਸ਼ਨਪੁਰਾ ਕਲਾਂ, (ਭਿੰਡਰ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ 16 ਘੰਟੇ ਬਿਜਲੀ ਸਪਲਾਈ ਨੂੰ ਲੈ ਕੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਕਲਾਂ ਦੀ ਅਗਵਾਈ ਹੇਠ ਸਬ-ਡਵੀਜ਼ਨ ਭਿੰਡਰ ਕਲਾਂ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। ਇਸ  ਮੌਕੇ ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਲਖਵੀਰ ਸਿੰਘ ਅੌਲਖ ਕਿਸ਼ਨਪੁਰਾ ਅਤੇ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ 20 ਜੂਨ ਤੋਂ ਝੋਨਾ ਲਾਉਣ ਦੇ ਨਿਰਦੇਸ਼ ਜਾਰੀ ਕੀਤੇ  ਗਏ ਹਨ, ਉਥੇ  ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਰਕਾਰ ਦੇ ਇਸ ਕਿਸਾਨ ਮਾਰੂ ਫੈਸਲੇ ਦਾ ਜ਼ਬਰਦਸਤ ਵਿਰੋਧ ਕਰੇਗੀ। ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਵੱਲੋਂ 20 ਜੂਨ ਤੋਂ ਹਟ ਕੇ 15 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਕਰਵਾਈ  ਗਈ ਸੀ ਪਰ ਸਰਕਾਰ ਫਿਰ ਵੀ ਕਿਸਾਨਾਂ ਦੀ  ਫਸਲ ਖਰੀਦਣ ਨੂੰ ਤਿਆਰ ਨਹੀਂ ਸੀ । ਬੁਲਾਰਿਆਂ ਨੇ ਅੱਗੇ ਕਿਹਾ ਕਿ 20 ਜੂਨ ਤੋਂ ਲੱਗਾ ਝੋਨਾ ਪੱਕਣ ਸਮੇਂ ਠੰਡ ਹੋਣ ਕਾਰਨ ਸਮਾਂ ਜ਼ਿਆਦਾ ਲੈਂਦਾ ਹੈ, ਜਿਸ ਕਰ ਕੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ  ਦਾ   ਸਾਹਮਣਾ  ਕਰਨਾ ਪੈਂਦਾ ਹੈ। ਉੁਨ੍ਹਾਂ ਅੱਗੇ ਕਿਹਾ ਕਿ  ਖੇਤੀ ਮੋਟਰਾਂ ਦੀ 16 ਘੰਟੇ ਬਿਜਲੀ ਸਪਲਾਈ ਲੈਣ ਲਈ ਸਬ-ਡਵੀਜ਼ਨਾਂ ’ਤੇ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 
ਇਸ ਮੌਕੇ ਬਲਵੀਰ ਸਿੰਘ ਕਿਸ਼ਨਪੁਰਾ, ਮੁਖਤਿਆਰ ਸਿੰਘ ਕਿਸ਼ਨਪੁਰਾ, ਜਨਰਲ ਸਕੱਤਰ, ਗੁਰਚਰਨ ਸਿੰਘ, ਗੁਰਜੀਤ ਸਿੰਘ ਖਜ਼ਾਨਚੀ, ਜਗਰੂਪ ਸਿੰਘ ਪ੍ਰਧਾਨ, ਜੱਗਾ ਸਿੰਘ ਕਾਮਰੇਡ, ਮੋਹਣ ਸਿੰਘ ਭਿੰਡਰ ਖੁਰਦ, ਅਮਰਜੀਤ ਸਿੰਘ, ਚਮਕੌਰ ਸਿੰਘ, ਸੰਤੋਖ ਸਿੰਘ, ਸੁਖਵੀਰ ਸਿੰਘ ਸ਼ਾਹ ਕਿਸ਼ਨਪੁਰਾ,  ਜੁਗਰਾਜ ਸਿੰਘ ਗਾਜਾ ਕਿਸ਼ਨਪੁਰਾ, ਸੁਰਜੀਤ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ, ਸੁਖਮੰਦਰ ਸਿੰਘ, ਰਾਮ ਸਿੰਘ, ਸੁਰਜੀਤ ਸਿੰਘ, ਗੁਰਬਖ਼ਸ਼ ਸਿੰਘ ਆਦਿ ਹਾਜ਼ਰ ਸਨ। 
 


Related News