ਕੁੱਕ ਬੀਬੀਆਂ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ

Monday, Feb 12, 2018 - 12:13 PM (IST)

ਕੁੱਕ ਬੀਬੀਆਂ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ

ਪਟਿਆਲਾ (ਬਲਜਿੰਦਰ, ਜ. ਬ.)-ਡੈਮੋਕ੍ਰੇਟਿਕ ਮਿਡ-ਡੇ-ਮੀਲ ਕੁੱਕ ਫਰੰਟ ਪੰਜਾਬ ਦੇ ਆਗੂਆਂ ਦੀ ਇਕੱਤਰਤਾ ਨਹਿਰੂ ਪਾਰਕ ਵਿਖੇ ਕੀਤੀ ਗਈ। ਇਸ ਮੌਕੇ ਇਕੱਤਰ ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੁਖਜੀਤ ਕੌਰ ਲਚਕਾਣੀ, ਸੁਖਵਿੰਦਰ ਕੌਰ ਅੱਚਲ, ਜਲ ਕੌਰ ਬਠਿੰਡਾ, ਜਸਵੀਰ ਕੌਰ ਅਮਲੋਹ, ਪਰਮਜੀਤ ਕੌਰ ਨਰਾਇਣਗੜ੍ਹ ਨੇ ਕਿਹਾ ਕਿ ਕੁੱਕ ਬੀਬੀਆਂ ਸਕੂਲਾਂ ਵਿਚ ਪੂਰਾ ਸਮਾਂ ਕੰਮ ਕਰਦੀਆਂ ਹਨ ਪਰ ਤਨਖਾਹ ਸਿਰਫ਼ 1700 ਰੁਪਏ ਮਹੀਨੇ ਦੇ ਹਿਸਾਬ ਨਾਲ ਸਾਲ ਵਿਚ ਸਿਰਫ਼ 10 ਮਹੀਨੇ ਦੀ ਦਿੱਤੀ ਜਾਂਦੀ ਹੈ। ਮਿਡ-ਡੇ-ਮੀਲ ਕੁੱਕ ਲਈ ਕੋਈ ਛੁੱਟੀ ਨਹੀਂ, ਨਾ ਹੀ ਕੋਈ ਬੀਮਾ ਅਤੇ ਨਾ ਹੀ ਕੋਈ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ। ਜਦਕਿ ਮਹਿੰਗਾਈ ਦੀ ਮਾਰ ਸਭ ਨਾਲੋਂ ਜ਼ਿਆਦਾ ਇਨ੍ਹਾਂ ਨੂੰ ਸਹਿਣੀ ਪੈਂਦੀ ਹੈ। ਸਰਕਾਰ ਨੇ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਧਾਉਣ ਦਾ ਫੈਸਲਾ 1 ਜਨਵਰੀ 2017 ਤੋਂ ਕੀਤਾ ਸੀ ਪਰ ਇਹ ਵਾਧਾ ਜੁਲਾਈ 2017 ਤੋਂ ਕੀਤਾ ਹੈ। ਕੁੱਕ ਬੀਬੀਆਂ ਗਰੀਬ ਘਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚ ਜ਼ਿਆਦਾ ਗਿਣਤੀ ਵਿਧਵਾਵਾਂ ਦੀ ਹੈ, ਜਿਨ੍ਹਾਂ ਦਾ ਗੁਜ਼ਾਰਾ ਇਸੇ 'ਤੇ ਨਿਰਭਰ ਹੈ। ਸਕੂਲ ਵਿਚ ਖਾਣਾ ਬਣਾਉਣ ਦੇ ਕੰਮ 'ਤੇ ਨਿਰਭਰ ਹੋਣ ਕਾਰਨ ਹੋਰ ਕੰਮ ਨਹੀਂ ਕਰ ਸਕਦੀਆਂ, ਨਾ ਹੀ ਸਕੂਲ ਤੋਂ ਬਾਅਦ ਹੋਰ ਕੰਮ ਲਈ ਸਮਾਂ ਰਹਿੰਦਾ ਹੈ। 
ਇਸ ਮੌਕੇ ਆਗੂਆਂ ਨੇ ਇਹ ਵੀ ਦੱਸਿਆ ਕਿ ਸਕੂਲਾਂ 'ਚ ਕੁੱਕ ਬੀਬੀਆਂ ਮਾਰਚ ਮਹੀਨੇ ਵਿਚ ਰੋਜ਼ਾਨਾ ਕੰਮ ਕਰਦੀਆਂ ਹਨ ਪਰ ਕੰਮ ਕਰਨ ਦੇ ਬਾਵਜੂਦ ਤਨਖਾਹ ਨਹੀਂ ਦਿੱਤੀ ਜਾਂਦੀ। ਜਾਂ ਅੱਧੇ ਮਹੀਨੇ ਦੀ ਦਿੱਤੀ ਜਾਂਦੀ ਹੈ ਅਤੇ ਅੱਧੇ ਮਹੀਨੇ ਦੀ ਤਨਖਾਹ ਦਸੰਬਰ ਵਿਚ ਕੱਟ ਲਈ ਜਾਂਦੀ ਹੈ। ਇਸ ਤਰ੍ਹਾਂ ਇਹ ਘੋਰ ਬੇਇਨਸਾਫ਼ੀ ਇਨ੍ਹਾਂ ਗਰੀਬ ਔਰਤਾਂ ਨਾਲ ਕੀਤੀ ਜਾ ਰਹੀ ਹੈ। 
ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਿਡ-ਡੇ-ਮੀਲ ਕੁੱਕ ਬੀਬੀਆਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ ਅਤੇ ਪੂਰਾ ਸਾਲ ਤਨਖਾਹ ਦੇਣ ਦਾ ਫੈਸਲਾ ਕਰ ਕੇ ਮਾਰਚ ਮਹੀਨੇ ਦੀ ਤਨਖਾਹ ਜਾਰੀ ਕੀਤੀ ਜਾਵੇ। ਜਨਵਰੀ 2017 ਤੋਂ ਸਾਡੀਆਂ ਤਨਖਾਹਾਂ ਵਿਚ ਵਾਧਾ ਕਰਨ ਦੇ ਫੈਸਲੇ ਨੂੰ ਲਾਗੂ ਜੁਲਾਈ 2017 ਵਿਚ ਕੀਤਾ ਗਿਆ ਹੈ। ਇਸੇ ਤਰ੍ਹਾਂ 6 ਮਹੀਨੇ ਦਾ ਬਕਾਇਆ ਕੁੱਕ ਬੀਬੀਆਂ ਨੂੰ ਤੁਰੰਤ ਦਿੱਤਾ ਜਾਵੇ। ਵੱਡੇ ਸ਼ਹਿਰਾਂ ਵਿਚ ਠੇਕੇਦਾਰਾਂ ਹਵਾਲੇ ਕੀਤਾ ਮਿਡ-ਡੇ-ਮੀਲ ਵਾਪਸ ਲਿਆ ਜਾਵੇ। ਬੱਚਿਆਂ ਲਈ ਤਾਜ਼ਾ ਅਤੇ ਪੌਸ਼ਟਿਕ ਖਾਣਾ ਸਕੂਲਾਂ ਵਿਚ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ। ਮਿਡ-ਡੇ-ਮੀਲ ਕੁੱਕ ਲਈ ਸਾਲ ਵਿਚ ਬਾਰਾਂ ਛੁੱਟੀਆਂ ਅਤੇ ਪ੍ਰਸ਼ੂਤਾ ਛੁੱਟੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਅੱਗ ਅਤੇ ਗੈਸ ਦੇ ਨਾਲ ਜੋਖ਼ਮ ਭਰਿਆ ਕੰਮ ਕਰਨ ਦੇ ਕਾਰਨ ਹਰ ਇਕ ਮਿਡ-ਡੇ-ਮੀਲ ਕੁੱਕ ਦਾ ਘੱਟੋ ਘੱਟ ਦੋ ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇ। 
ਇਸ ਸਮੇਂ ਇਕੱਤਰ ਕੁੱਕ ਬੀਬੀਆਂ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਰਣਧੀਰ ਕੌਰ ਅਮਲੋਹ, ਪਰਮਜੀਤ ਕੌਰ ਭਾਦਸੋਂ, ਹਰਬੰਸ ਕੌਰ ਚਲੈਲਾ, ਪਰਮਜੀਤ ਕੌਰ ਰੱਖੜਾ, ਬਲਵਿੰਦਰ ਕੌਰ ਸਲਾਰ, ਲਖਵਿੰਦਰ ਕੌਰ ਨਾਭਾ ਆਦਿ ਵੀ ਹਾਜ਼ਰ ਸਨ।


Related News