ਬਿਜਲੀ ਦੀ ਮੰਗ ਵਧੀ; ਥਰਮਲ ਪਲਾਂਟ ਦੇ 6 ਯੂਨਿਟ ਚਾਲੂ

09/23/2017 1:12:54 AM

ਘਨੌਲੀ,(ਸ਼ਰਮਾ)- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਘਨੌਲੀ ਰੂਪਨਗਰ ਦੇ ਅੱਜ 6 ਦੇ 6 ਯੂਨਿਟ ਬਿਜਲੀ ਦੀ ਮੰਗ ਵਧਣ ਕਾਰਨ ਦੁਬਾਰਾ ਚਾਲੂ ਹੋ ਗਏ ਹਨ।
ਜ਼ਿਕਰਯੋਗ ਹੈ ਕਿ 210 ਮੈਗਾਵਾਟ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਣ ਵਾਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ 'ਚ ਕੁੱਲ 6 ਯੂਨਿਟ ਹਨ। ਦੋ ਸਾਲਾਂ ਤੋਂ ਬਿਜਲੀ ਦੀ ਮੰਗ ਘੱਟ ਹੋਣ ਤੇ ਪ੍ਰਾਈਵੇਟ ਥਰਮਲ ਪਲਾਂਟ ਚੱਲਣ ਕਾਰਨ 6 'ਚੋਂ ਇਕ ਜਾਂ ਦੋ ਯੂਨਿਟ ਹੀ ਚੱਲਦੇ ਸੀ, ਇਕ ਵਾਰ ਤਾਂ ਸਾਰੇ ਹੀ ਬੰਦ ਕਰ ਦਿੱਤੇ ਗਏ ਸੀ ਪਰ ਕੁਝ ਦਿਨਾਂ ਤੋਂ ਇਕ ਤੋਂ ਬਾਅਦ ਇਕ ਕਰ ਕੇ ਅੱਜ ਸਾਰੇ ਯੂਨਿਟ ਦੁਬਾਰਾ ਚਾਲੂ ਹੋ ਕੇ ਬਿਜਲੀ ਪੈਦਾ ਕਰ ਰਹੇ ਹਨ। ਦੂਜੇ ਪਾਸੇ, ਲੰਬੇ ਸਮੇਂ ਬਾਅਦ ਸਾਰੇ ਯੂਨਿਟ ਦੁਬਾਰਾ ਚਾਲੂ ਹੋਣ ਨਾਲ ਥਰਮਲ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਚਿਹਰੇ ਵੀ ਖਿੜ ਗਏ।
ਕੀ ਕਹਿੰਦੇ ਨੇ ਚੀਫ ਇੰਜੀਨੀਅਰ :ਥਰਮਲ ਪਲਾਂਟ ਦੇ ਚੀਫ ਇੰਜੀਨੀਅਰ ਏ. ਪੀ. ਸਿੰਘ ਨੇ ਦੱਸਿਆ ਕਿ ਅੱਜ ਤੋਂ ਇਕ ਸਾਲ ਪਹਿਲਾਂ 14 ਸਤੰਬਰ 2016 ਨੂੰ ਇਕੋ ਸਮੇਂ ਸਾਰੇ ਯੂਨਿਟ ਚੱਲੇ ਸੀ ਪਰ ਬਿਜਲੀ ਦੀ ਮੰਗ ਘੱਟ ਹੋਣ ਕਾਰਨ ਇਕ ਤੋਂ ਬਾਅਦ ਇਕ ਕਰ ਕੇ ਬੰਦ ਹੋਣੇ ਸ਼ੁਰੂ ਹੋ ਗਏ ਸੀ। ਉਨ੍ਹਾਂ ਸਾਰੇ ਯੂਨਿਟਾਂ ਦੇ ਅੱਜ ਚੱਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਰੇ ਯੂਨਿਟ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਕਰ ਰਹੇ ਹਨ।
ਕੀ ਕਹਿੰਦੇ ਨੇ ਕਰਮਚਾਰੀ ਤੇ ਜਥੇਬੰਦੀਆਂ ਦੇ ਆਗੂ : ਥਰਮਲ ਕਰਮਚਾਰੀ ਆਗੂ ਸੁਖਦੇਵ ਸਿੰਘ ਸੂਬਾਈ ਪ੍ਰਧਾਨ ਇੰਟਕ, ਹਰਮੇਸ਼ ਧੀਮਾਨ ਸੂਬਾਈ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ ਪੀ.ਐੱਸ.ਈ.ਬੀ., ਰਾਜ ਕੁਮਾਰ ਤਿਵਾੜੀ ਏਟਕ ਤੇ ਕੰਵਲਜੀਤ ਸਿੰਘ ਪ੍ਰਧਾਨ ਆਰ.ਟੀ.ਪੀ. ਇੰਪਲਾਈਜ਼ ਯੂਨੀਅਨ ਨੇ ਦੱਸਿਆ ਕਿ ਜੇਕਰ ਸਰਕਾਰੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚੱਲਦੇ ਰਹੇ ਤਾਂ ਜਿਥੇ ਘੱਟ ਲਾਗਤ ਨਾਲ ਵੱਧ ਬਿਜਲੀ ਪੈਦਾ ਹੋਵੇਗੀ, ਉਥੇ ਹੀ ਥਰਮਲ ਕਰਮਚਾਰੀਆਂ ਦੇ ਉਤਪਾਦਨ ਭੱਤੇ 'ਚ ਵੀ ਵਾਧਾ ਹੋਵੇਗਾ, ਇਸ ਲਈ ਸਰਕਾਰੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚੱਲਣੇ ਜ਼ਰੂਰੀ ਹਨ। ਉਕਤ ਜਥੇਬੰਦੀ ਦੇ ਵੱਖ-ਵੱਖ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲਦੇ ਹਨ ਤਾਂ ਇਸ ਨਾਲ ਜਿਥੇ ਸੂਬੇ ਦੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਅਤੇ ਸਸਤੀ ਬਿਜਲੀ ਮਿਲੇਗੀ, ਇਸ ਦੇ ਨਾਲ ਹੀ ਠੇਕੇਦਾਰਾਂ ਅਤੇ ਕੰਪਨੀਆਂ ਅਧੀਨ ਕੰਮ ਕਰਦੇ ਕਰਮਚਾਰੀਆਂ ਤੇ ਉਨ੍ਹਾਂ ਨੂੰ ਕੰਮ ਤੋਂ ਹਟਾਏ ਜਾਣ ਦਾ ਖਤਰਾ ਵੀ ਟਲੇਗਾ।


Related News