ਗੁਰੂ ਰਵਿਦਾਸ ਟਾਈਗਰ ਫੋਰਸ ਦਾ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲਿਆ, ਦਿੱਤਾ ਮੰਗ-ਪੱਤਰ
Monday, Mar 20, 2023 - 01:01 PM (IST)
ਜਲੰਧਰ (ਮਹੇਸ਼) : ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦਾ ਇਕ ਵਫ਼ਦ ਪ੍ਰਧਾਨ ਅਮਿਤ ਕੁਮਾਰ ਜੱਸੀ ਤੱਲ੍ਹਣ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਅਤੇ ਦਲਿਤ ਸਮਾਜ ਦੇ ਮਸਲਿਆਂ ਨਾਲ ਸਬੰਧਤ ਕਈ ਮੰਗਾਂ ਸਬੰਧੀ ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ। ਜੱਸੀ ਨੇ ਦੱਸਿਆ ਕਿ ਡੇਰਾ ਸੱਚਖੰਡ ਬੱਲਾਂ ਦੇ ਸੰਤ ਰਾਮਾਨੰਦ ਜੀ ਦੀ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਗੁੱਸੇ ’ਚ ਆਏ ਦਲਿਤ ਭਾਈਚਾਰੇ ਨੇ ਪੰਜਾਬ ’ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਤੇ ਇਸ ਦੌਰਾਨ ਕਈ ਦਲਿਤ ਭਾਈਚਾਰੇ ਦੇ ਲੋਕਾਂ ’ਤੇ ਹਮਲਾ ਕਰਨ ਦੇ ਮਾਮਲੇ ਦਰਜ ਕੀਤੇ ਗਏ ਪਰ ਕਿਸੇ ਵੀ ਸਰਕਾਰ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਸੀ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਲਿਤ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਵਿਆਨਾ ਕਾਂਡ ਦੌਰਾਨ ਬੇਕਸੂਰ ਲੋਕਾਂ ’ਤੇ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ ਪਰ ਅੱਜ ਤੱਕ ਅਜਿਹਾ ਕੁਝ ਨਹੀਂ ਹੋਇਆ। ਨਵੀਂ ਸਰਕਾਰ ਬਣੀ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜੱਸੀ ਨੇ ਕਿਹਾ ਕਿ ਇਸ ਦੇ ਉਲਟ ‘ਆਪ’ ਸਰਕਾਰ ਦੇ ਸਮੇਂ ਰਾਮਾ ਮੰਡੀ ਦੇ ਸਾਬਕਾ ਕੌਸਲਰ ਜੱਸਲ ਸਮੇਤ 6 ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵੱਲੋਂ 5 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ ਦਲਿਤ ਭਾਈਚਾਰੇ ਨਾਲ ਸਰਾਸਰ ਧੱਕਾ ਹੈ ਤੇ ਇਸ ਨਾਲ ਦਲਿਤ ਸਮਾਜ ਨੂੰ ਠੇਸ ਪਹੁੰਚੀ ਹੈ।
ਇਹ ਵੀ ਪੜ੍ਹੋ : ਪੰਜਾਬ ਯੂਥ ਕਾਂਗਰਸ ਦੇ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਮੈਂਬਰਸ਼ਿਪ ਡ੍ਰਾਈਵ ਹੋਈ ਮੁਲਤਵੀ
ਉਨ੍ਹਾਂ ਰਾਜਪਾਲ ਨੂੰ ਕਿਹਾ ਕਿ ਇਸ ਮਾਮਲੇ ’ਚ ਦਲਿਤ ਭਾਈਚਾਰੇ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਤੋਂ ਇਲਾਵਾ ਜੱਸੀ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਂ ’ਤੇ ਰੱਖਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ। ਜਲੰਧਰ ਦੇ ਲਤੀਫਪੁਰਾ ’ਚ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣ, ਗੁਰੂ ਰਾਮਦਾਸ ਮੈਡੀਕਲ ਕਾਲਜ ’ਚ ਐੱਮ. ਬੀ. ਬੀ. ਐੱਸ. ਕਰ ਰਹੀ ਹਨ ਐੱਸ. ਸੀ. ਸਮਾਜ ਦੀ ਲੜਕੀ ਡਾ. ਪੰਪੋਜ਼ ਦੇ ਕਾਤਲਾਂ ਖਿਲਾਫ 302 ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ 22 ਮਾਰਚ ਨੂੰ ਅੰਮ੍ਰਿਤਸਰ ਬੰਦ ਕੀਤਾ ਜਾਵੇਗਾ। ਡੇਰਾ ਸੱਚਖੰਡ ਪੰਡਵਾ ਤੇ ਡੇਰਾ ਸੰਤ ਮੇਲਾ ਰਾਮ ਭੜੋਮਜਾਰਾ ਦੇ ਮੁੱਖ ਮਾਰਗ ’ਤੇ ਸਾਈਨ ਬੋਰਡ ਲਾਏ ਜਾਣਗੇ। ਸੰਤ ਰਾਮਾਨੰਦ ਚੌਕ ਰਾਮਾ ਮੰਡੀ ਦਾ ਸੁੰਦਰੀਕਰਨ ਕੀਤਾ ਜਾਵੇ, ਸਤਿਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦਿੱਲੀ ਦਾ ਨਿਰਮਾਣ ਕਰਵਾਇਆ ਜਾਵੇ ਤੇ ਸਾਰੀ ਜਗ੍ਹਾ ਕੇਂਦਰ ਤੋਂ ਵਾਪਸ ਕਰਵਾਈ ਜਾਵੇ। ਪੰਜਾਬ ਦੇ ਹਰ ਜ਼ਿਲੇ ’ਚ ਐੱਸ. ਐੱਸ. ਪੀ., ਐੱਸ. ਪੀ., ਡੀ. ਐੱਸ. ਪੀ. ਲਾ ਕੇ ਦਲਿਤ ਭਾਈਚਾਰੇ ਨੂੰ ਬਣਦਾ ਹੱਕ ਦਿੱਤਾ ਜਾਵੇ, ਐੱਸ. ਸੀ. ਬੱਚਿਆਂ ਦੇ ਵਜ਼ੀਫੇ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਦਾ ਕਰਵਾਈ ਜਾਵੇ। ਪੰਜਾਬ ’ਚ ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਐੱਸ. ਸੀ. ਐੱਸ. ਟੀ. ਐਕਟ ’ਚ ਸੋਧ ਕਰ ਕੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਆਦਿ ਮੰਗਾਂ ਵੀ ਵਫ਼ਦ ਵੱਲੋਂ ਰਾਜਪਾਲ ਕੋਲ ਰੱਖੀਆਂ ਗਈਆਂ। ਰਾਜਪਾਲ ਨੇ ਜੱਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਅਫਵਾਹਾਂ ਦਾ ਬਾਜ਼ਾਰ ਗਰਮ : ਦਿੱਲੀ ਏਅਰਪੋਰਟ ਸਮੇਤ ਸਾਰੇ ਰੂਟਾਂ ’ਤੇ ਚੱਲ ਰਹੀ 100 ਫੀਸਦੀ ਬੱਸ ਸਰਵਿਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ