ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਆਇਆ ਫ਼ੈਸਲਾ, ਪੜ੍ਹੋ ਡਿਟੇਲ Order
Saturday, Oct 07, 2023 - 01:00 PM (IST)
ਚੰਡੀਗੜ੍ਹ (ਰਜਿੰਦਰ ਸ਼ਰਮਾ) : ਚੰਡੀਗੜ੍ਹ ਪ੍ਰਸ਼ਾਸਨ ਨੇ ਤਿਉਹਾਰਾਂ ਦੇ ਸੀਜ਼ਨ ਕਾਰਨ ਸ਼ਹਿਰ 'ਚ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਦੀਵਾਲੀ, ਦੁਸਹਿਰੇ ਅਤੇ ਗੁਰਪੁਰਬ ’ਤੇ ਗ੍ਰੀਨ ਪਟਾਕੇ ਚਲਾਏ ਜਾ ਸਕਦੇ ਹਨ। ਸ਼ੁੱਕਰਵਾਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਪ੍ਰਤਾਪ ਸਿੰਘ ਵਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ। ਪਟਾਕੇ ਚਲਾਉਣ ਲਈ ਸਮਾਂ ਹੱਦ ਹੈ ਅਤੇ ਸਾਰੇ ਤਿਉਹਾਰਾਂ ’ਤੇ ਦੋ ਘੰਟੇ ਤੋਂ ਵੱਧ ਦੀ ਇਜਾਜ਼ਤ ਨਹੀਂ ਹੈ। ਹੁਕਮਾਂ ਅਨੁਸਾਰ ਪ੍ਰਸ਼ਾਸਨ ਨੇ ਦੀਵਾਲੀ ਮੌਕੇ ਸ਼ਹਿਰ ਵਾਸੀਆਂ ਨੂੰ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸੇ ਤਰ੍ਹਾਂ ਦੁਸਹਿਰੇ ਮੌਕੇ ਰਾਵਣ ਦਹਿਨ ਦੌਰਾਨ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਕਿ ਗੁਰਪੁਰਬ ਮੌਕੇ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਤਿਉਹਾਰਾਂ ’ਤੇ ਗ੍ਰੀਨ ਪਟਾਕਿਆਂ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਇਲਾਵਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਪਹਿਲਾਂ ਉਨ੍ਹਾਂ ਸ਼ਹਿਰਾਂ 'ਚ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ, ਜਿੱਥੇ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਜਾਂ ਘੱਟ ਹੈ। ਇਹ ਵੀ ਕਿਹਾ ਗਿਆ ਸੀ ਕਿ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਹੋਵੇਗੀ ਅਤੇ ਇਨ੍ਹਾਂ ਨੂੰ ਵੀ ਦੋ ਘੰਟੇ ਤੋਂ ਵੱਧ ਨਹੀਂ ਚਲਾਉਣ ਦਿੱਤਾ ਜਾਵੇਗਾ। ਹੁਕਮਾਂ ਅਨੁਸਾਰ ਸਿਰਫ ਸੀ. ਐੱਸ. ਆਈ. ਆਰ.-ਐੱਨ. ਈ. ਈ. ਆਰ. ਆਈ. ਵਲੋਂ ਪ੍ਰਮਾਣਿਤ ਗ੍ਰੀਨ ਪਟਾਕਿਆਂ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਭਰ 'ਚ ਅੱਜ ਤੋਂ ਬੰਦ ਰਹਿਣਗੀਆਂ ਦਾਣਾ ਮੰਡੀਆਂ, ਜਾਣੋ ਕੀ ਹੈ ਕਾਰਨ
ਪੁਤਲਿਆਂ ’ਚ ਸਿਰਫ਼ ਗ੍ਰੀਨ ਪਟਾਕੇ ਹੀ ਵਰਤੇ ਜਾਣ
ਹਦਾਇਤ ਕੀਤੀ ਗਈ ਕਿ ਦੁਸਹਿਰੇ ਮੌਕੇ ਪੁਤਲੇ ਫੂਕਣ ਵੇਲੇ ਸਿਰਫ਼ ਗ੍ਰੀਨ ਪਟਾਕੇ ਹੀ ਚਲਾਏ ਜਾਣ। ਨਾਲ ਹੀ ਇਸ ਦੌਰਾਨ ਕਿਸੇ ਨੂੰ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ ਸਾਲ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਸਿਰਫ਼ 2 ਘੰਟੇ ਲਈ ਦਿੱਤੀ ਗਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਲਗਾਤਾਰ ਦੋ ਸਾਲਾਂ ਤੋਂ ਪ੍ਰਸ਼ਾਸਨ ਵਲੋਂ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਕਈ ਥਾਵਾਂ ’ਤੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਸ਼ਹਿਰ ਦੇ ਇਲਾਕਿਆਂ ’ਚ ਕਈ ਮਾਮਲੇ ਸਾਹਮਣੇ ਆਏ ਸਨ। ਇੱਥੋਂ ਤਕ ਕਿ ਪ੍ਰਸ਼ਾਸਨ ਵਲੋਂ ਫ਼ੈਸਲੇ ਲੈਣ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਪੁਤਲੇ ਫੂਕਣ ਦੇ ਮਾਮਲੇ 'ਚ ਰਾਮਲੀਲਾ ਪ੍ਰਬੰਧਕ ਕਮੇਟੀਆਂ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਚੰਡੀਗੜ੍ਹ ਕਰੈਕਰਜ਼ ਡੀਲਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਚਿਰਾਗ ਅਗਰਵਾਲ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਪ੍ਰਸ਼ਾਸਨ ਨੂੰ ਡਰਾਅ ਦੀ ਪ੍ਰਕਿਰਿਆ ਜਲਦੀ ਮੁਕੰਮਲ ਕਰਨੀ ਚਾਹੀਦੀ ਹੈ ਤਾਂ ਜੋ ਸਿਰਫ਼ ਉਹੀ ਵਿਕਰੇਤਾ ਹੀ ਪਟਾਕੇ ਲੈ ਕੇ ਆਉਣ। ਇਸ ਤੋਂ ਇਲਾਵਾ ਉਨ੍ਹਾਂ ਇਸ ਵਾਰ ਸਟਾਲ ਦਾ ਸਾਈਜ਼ ਵਧਾਉਣ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਘਰੋਂ ਕੁੜੀ ਨੂੰ ਦਰਿਆ ਕੰਢੇ ਲਿਜਾ ਵਿਅਕਤੀ ਨੇ ਜੋ ਕਾਰਾ ਕੀਤਾ, ਧੀ ਦੇ ਮੂੰਹੋਂ ਸੁਣ ਮਾਂ ਦਾ ਬੈਠ ਗਿਆ ਦਿਲ
ਪਟਾਕਿਆਂ ਦੀ ਲੜੀ ਚਲਾਉਣ ਦੀ ਨਹੀਂ ਹੋਵੇਗੀ ਇਜਾਜ਼ਤ
ਇਸ ਤੋਂ ਇਲਾਵਾ ਪਟਾਕਿਆਂ ਦੀ ਲੜੀ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ 'ਚ ਕਿਹਾ ਗਿਆ ਹੈ ਕਿ ਪਟਾਕੇ ਚਲਾਉਣ ਨਾਲ ਬਹੁਤ ਜ਼ਿਆਦਾ ਹਵਾ ਅਤੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਪਟਾਕੇ ਸਿਰਫ ਲਾਇਸੈਂਸ ਸ਼ੁਦਾ ਵਪਾਰੀਆਂ ਵਲੋਂ ਹੀ ਵੇਚੇ ਜਾਣਗੇ। ਇਹ ਯਕੀਨੀ ਬਣਾਉਣਾ ਹੋਵੇਗਾ ਕਿ ਵਿਕਰੇਤਾਵਾਂ ਵਲੋਂ ਨਿਰਧਾਰਿਤ ਪਟਾਕੇ ਹੀ ਵੇਚੇ ਜਾਣ। ਚੰਡੀਗੜ੍ਹ 'ਚ ਈ-ਕਾਮਰਸ ਵੈੱਬਸਾਈਟਾਂ ਰਾਹੀਂ ਪਟਾਕਿਆਂ ਲਈ ਕੋਈ ਆਨਲਾਈਨ ਆਰਡਰ ਨਹੀਂ ਲਿਆ ਜਾਵੇਗਾ। ਪ੍ਰਸ਼ਾਸਨ ਨੇ ਇਸ ’ਤੇ ਪਾਬੰਦੀ ਲਾ ਦਿੱਤੀ ਹੈ। ਸਾਈਲੈਂਸ ਜ਼ੋਨ 'ਚ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ, ਹਸਪਤਾਲਾਂ, ਨਰਸਿੰਗ ਹੋਮਾਂ, ਸਿਹਤ ਕੇਂਦਰਾਂ, ਵਿੱਦਿਅਕ ਅਦਾਰਿਆਂ, ਅਦਾਲਤਾਂ ਅਤੇ ਧਾਰਮਿਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ 'ਚ ਪਟਾਕੇ ਚਲਾਉਣ ’ਤੇ ਪਾਬੰਦੀ ਹੋਵੇਗੀ। ਪੁਲਸ ਵਿਭਾਗ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪਟਾਕੇ ਨਿਰਧਾਰਿਤ ਸਮੇਂ ’ਤੇ ਹੀ ਚਲਾਏ ਜਾਣ। ਇਸ ਸਬੰਧੀ ਇਲਾਕਾ ਐੱਸ. ਐੱਚ. ਓ. ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8