ਲੜਕੇ ਦੀ ਸ਼ੱਕੀ ਹਾਲਾਤਾਂ ''ਚ ਹੋਈ ਮੌਤ, ਪਰਿਵਾਰਾਂ ਨੇ ਪੁਖਤਾ ਸਬੂਤ ਪੇਸ਼ ਕਰ ਮਹਿਲਾ ਦੋਸਤ ''ਤੇ ਲਗਾਏ ਗੰਭੀਰ ਦੋਸ਼ (ਤਸਵੀਰਾ

Monday, Aug 21, 2017 - 08:20 PM (IST)

ਲੜਕੇ ਦੀ ਸ਼ੱਕੀ ਹਾਲਾਤਾਂ ''ਚ ਹੋਈ ਮੌਤ, ਪਰਿਵਾਰਾਂ ਨੇ ਪੁਖਤਾ ਸਬੂਤ ਪੇਸ਼ ਕਰ ਮਹਿਲਾ ਦੋਸਤ ''ਤੇ ਲਗਾਏ ਗੰਭੀਰ ਦੋਸ਼ (ਤਸਵੀਰਾ

ਭਾਮੀਆਂ ਕਲਾਂ (ਜ. ਬ.)-ਆਪਣੀ ਇਕ ਮਹਿਲਾ ਦੋਸਤ ਨਾਲ ਪਿਛਲੇ ਲੰਬੇ ਸਮੇਂ ਤੋਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਆਤਮਹੱਤਿਆ ਕਰਾਰ ਦਿੰਦੇ ਹੋਏ, ਇਸ ਲਈ ਉਸ ਦੀ ਮਹਿਲਾ ਦੋਸਤ ਨੂੰ ਕਥਿਤ ਜ਼ਿੰਮੇਵਾਰ ਦੱਸਿਆ ਹੈ। ਓਧਰ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੇ ਇੰਚਾਰਜ ਸਬ-ਇੰਸਪੈਕਟਰ ਅਵਤਾਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਗੌਰਵ ਕੁਮਾਰ ਉਰਫ ਲਵਲੀ (27) ਪੁੱਤਰ ਅਖਿਲੇਸ਼ ਕੁਮਾਰ ਵਾਸੀ ਨਿਊ ਮੋਤੀ ਨਗਰ, ਲੁਧਿਆਣਾ ਦੇ ਰੂਪ 'ਚ ਹੋਈ ਹੈ। 
ਮ੍ਰਿਤਕ ਦੇ ਪਿਤਾ ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ਨਾਲ ਬਿਹਾਰ ਦੇ ਜ਼ਿਲਾ ਸ਼ੀਵਾਨ ਦੇ ਪਿੰਡ ਮਜਬਲੀਆਂ ਦੇ ਰਹਿਣ ਵਾਲੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਲੁਧਿਆਣਾ 'ਚ ਆਪਣੀ ਪਤਨੀ, ਇਕ ਲੜਕਾ ਗੌਰਵ ਅਤੇ ਲੜਕੀ ਗਰਗੀ ਸਮੇਤ ਰਹਿ ਰਿਹਾ ਹੈ। ਅਖਿਲੇਸ਼ ਨੇ ਦੱਸਿਆ ਕਿ ਲਗਭਗ ਦੋ ਸਾਲ ਪਹਿਲਾਂ ਉਸ ਦਾ ਲੜਕਾ ਗੌਰਵ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਹੀ ਮੂੰਡੀਆਂ ਕਲਾਂ ਦੇ ਰੂਪ ਨਗਰ ਮੁਹੱਲੇ ਦੀ ਰਹਿਣ ਵਾਲੀ ਇਕ ਔਰਤ ਨਾਲ ਰਹਿਣ ਲੱਗਾ, ਜੋ ਬਾਅਦ 'ਚ ਸਰਪੰਚ ਕਾਲੋਨੀ ਦੀ ਗਲੀ ਨੰ. 2 'ਚ ਰਹਿਣ ਲੱਗੇ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਉਨ੍ਹਾਂ ਦੇ ਲੜਕੇ ਨੇ ਦੱਸਿਆ ਕਿ ਉਕਤ ਔਰਤ ਨੇ ਉਸ ਨੂੰ ਕਥਿਤ ਡਰਾ-ਧਮਕਾ ਕੇ ਆਪਣੇ ਕੋਲ ਰੱਖਿਆ ਹੋਇਆ ਹੈ, ਜਿਸ 'ਤੇ ਉਨ੍ਹਾਂ ਨੇ ਉਕਤ ਔਰਤ ਨਾਲ ਸਮਝੌਤਾ ਕਰਦੇ ਹੋਏ ਉਸ ਨੂੰ ਲਗਭਗ 50 ਹਜ਼ਾਰ ਰੁਪਏ ਨਕਦ ਦੇ ਕੇ ਗੌਰਵ ਨੂੰ ਘਰ ਵਾਪਸ ਲੈ ਆਂਦਾ ਪਰ ਇਸਦੇ ਬਾਅਦ ਵੀ ਉਕਤ ਔਰਤ ਨੇ ਗੌਰਵ ਦਾ ਪਿੱਛਾ ਨਹੀਂ ਛੱਡਿਆ ਅਤੇ ਉਸ ਨੇ ਗੌਰਵ ਨੂੰ ਇਕ ਵਾਰ ਫਿਰ ਕਥਿਤ ਡਰਾ ਕੇ ਆਪਣੇ ਕੋਲ ਬੁਲਾ ਲਿਆ ਪਰ ਅੱਜ ਸਵੇਰੇ ਉਨ੍ਹਾਂ ਨੂੰ ਪੁਰਾਣੀ ਮਕਾਨ ਮਾਲਕਣ ਦਾ ਫੋਨ ਆਇਆ ਕਿ ਤੁਹਾਡਾ ਲੜਕਾ ਗੌਰਵ ਸਿਵਲ ਹਸਪਤਾਲ 'ਚ ਦਾਖਲ ਹੈ, ਜਦੋਂ ਉਹ ਆਪਣੀ ਪਤਨੀ ਸਮੇਤ ਸਿਵਲ ਹਸਪਤਾਲ ਪਹੁੰਚਿਆ ਤਾਂ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੌਰਵ ਦੀ ਮੌਤ ਹੋ ਚੁੱਕੀ ਹੈ। ਅਖਿਲੇਸ਼ ਕੁਮਾਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਲੜਕੇ ਗੌਰਵ ਨੇ ਉਸ ਨੂੰ ਕਈ ਵਾਰ ਮਿਲਕੇ ਕਿਹਾ ਸੀ ਕਿ ਜਦੋਂ ਵੀ ਉਸ ਦੀ ਮੌਤ ਹੋਈ ਤਾਂ ਉਕਤ ਔਰਤ ਦੇ ਕਥਿਤ ਤਸ਼ੱਦਦ ਕਰ ਕੇ ਹੋਵੇਗੀ। ਇਸ ਲਈ ਉਨ੍ਹਾਂ ਦੇ ਲੜਕੇ ਨੇ ਔਰਤ ਤੋਂ ਦੁਖੀ ਹੋ ਕੇ ਕਥਿਤ ਰੂਪ ਨਾਲ ਆਤਮਹੱਤਿਆ ਕੀਤੀ ਹੈ। 

PunjabKesari
ਗੱਲ ਕਰਵਾਉਣ ਲਈ ਮੰਗੇ ਸੀ 2 ਲੱਖ 
ਮ੍ਰਿਤਕ ਗੌਰਵ ਦੇ ਪਿਤਾ ਅਖਿਲੇਸ਼ ਨੇ ਪੁਲਸ ਨੂੰ ਦੱਸਿਆ ਕਿ ਉਕਤ ਔਰਤ ਗੌਰਵ ਨਾਲ ਗੱਲ ਕਰਵਾਉਣ ਲਈ ਉਨ੍ਹਾਂ ਪਾਸੋਂ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ, ਜਿਸ ਲਈ ਔਰਤ ਨੇ ਉਸ ਦੇ ਮੋਬਾਇਲ ਫੋਨ 'ਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਮੈਸੇਜ ਵੀ ਕੀਤੇ, ਜਦਕਿ 2 ਲੱਖ ਨਾ ਦੇਣ 'ਤੇ ਉਸ ਦੇ ਪੂਰੇ ਪਰਿਵਾਰ ਨੂੰ ਅਗਵਾ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਸੀ। 

ਪੇਟ 'ਚ ਹੋਏ ਦਰਦ ਕਾਰਨ ਹੋਈ ਮੌਤ 
ਇਨ੍ਹਾਂ ਦੋਸ਼ਾਂ ਦੇ ਉਲਟ ਮ੍ਰਿਤਕ ਗੌਰਵ ਦੇ ਨਾਲ ਲਿਵ ਇੰਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਕਹਿਣਾ ਸੀ ਕਿ ਸ਼ਨੀਵਾਰ ਦੀ ਸਵੇਰ ਗੌਰਵ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਗਿਆ ਸੀ ਹਰ ਰੋਜ਼ ਉਹ ਸਾਢੇ 7 ਵਜੇ ਘਰ ਵਾਪਸ ਪਰਤਦਾ ਸੀ ਪਰ ਸ਼ਨੀਵਾਰ ਉਹ ਸਾਢੇ 8 ਵਜੇ ਘਰ ਵਾਪਸ ਆਇਆ ਅਤੇ ਆਉਂਦੇ ਹੀ ਕਹਿਣ ਲੱਗਾ ਕਿ ਉਸਦੇ ਪੇਟ 'ਚ ਦਰਦ ਹੈ। ਜਿਸਨੂੰ ਉਸਨੇ ਪਹਿਲਾਂ ਪੇਟ ਦਰਦ ਦੀ ਇਕ ਗੋਲੀ ਦਿੱਤੀ, ਜਿਸ ਨਾਲ ਕੁਝ ਆਰਾਮ ਰਿਹਾ ਪਰ ਕਰੀਬ ਸਾਢੇ 10 ਵਜੇ ਫਿਰ ਤੋਂ ਤੇਜ਼ ਦਰਦ ਹੋਣ ਲੱਗਾ। ਫਿਰ ਉਹ ਉਸ ਨੂੰ ਲੈ ਕੇ ਡਾਕਟਰ ਕੋਲ ਗਈ, ਜਿੱਥੋਂ ਉਹ ਗੌਰਵ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ, ਜਿੱਥੇ ਉਸ ਦੀ ਅਚਾਨਕ ਮੌਤ ਹੋ ਗਈ। ਔਰਤ ਨੇ ਆਪਣੇ ਨੰਬਰ ਤੋਂ ਕੀਤੇ ਹੋਏ ਮੈਸੇਜਾਂ ਬਾਰੇ ਸਫਾਈ ਦਿੰਦਿਆਂ ਕਿਹਾ ਕਿ ਉਸਤੋਂ ਕਥਿਤ ਜ਼ਬਰਦਸਤੀ ਮੈਸੇਜ ਕਰਵਾਏ ਗਏ ਸਨ। 

ਪੁਲਸ ਨੇ ਕੀਤੀ ਜਾਂਚ ਸ਼ੁਰੂ 
ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਮ੍ਰਿਤਕ ਗੌਰਵ ਦੇ ਪਿਤਾ ਅਖਿਲੇਸ਼ ਦੇ ਬਿਆਨਾਂ 'ਤੇ ਉਕਤ ਔਰਤ ਦੇ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਪੁਲਸ ਵੱਲੋਂ ਬਾਕੀ ਦੇ ਦੋਸ਼ਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 


Related News