ਹੈਰੋਇਨ ਸਮੇਤ ਫੜੇ ਗਏ ਨੌਜਵਾਨ ਦੀ ਮੌਤ, ਹਸਪਤਾਲ 'ਚ ਪਰਿਵਾਰ ਨੇ ਕੀਤਾ ਹੰਗਾਮਾ, ਪੜ੍ਹੋ ਪੂਰਾ ਮਾਮਲਾ
Friday, Dec 16, 2022 - 01:09 AM (IST)
ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਪੁਲਸ ਵੱਲੋਂ 24 ਨਵੰਬਰ ਨੂੰ ਡਰੱਗਜ਼ ਕੇਸ 'ਚ ਫੜੇ ਗਏ ਸੈਕਟਰ-56 ਦੇ ਰਹਿਣ ਵਾਲੇ ਰਾਹੁਲ (22) ਦੀ ਸੈਕਟਰ-32 ਜੀ. ਐੱਮ. ਸੀ. ਐੱਚ. ਵਿੱਚ ਵੀਰਵਾਰ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਜੰਮ ਕੇ ਹੰਗਾਮਾ ਕੀਤਾ। ਸਥਿਤੀ ਨੂੰ ਕੰਟਰੋਲ ਕਰਨ ਲਈ ਤਾਇਨਾਤ ਭਾਰੀ ਪੁਲਸ ਨੂੰ ਹਲਕੇ ਬਲ ਦੀ ਵਰਤੋਂ ਕਰਨੀ ਪਈ। ਪਰਿਵਾਰ ਨੇ ਰਾਹੁਲ ਨੂੰ ਜੇਲ੍ਹ ਵਿੱਚ ਨਸ਼ੇ ਦੀ ਓਵਰਡੋਜ਼ ਦੇਣ ਦਾ ਦੋਸ਼ ਲਾਇਆ, ਜਿਸ ਨਾਲ ਉਸ ਦੀ ਮੌਤ ਹੋਈ।
ਇਹ ਵੀ ਪੜ੍ਹੋ : ਅਵਾਰਾ ਪਸ਼ੂ ਨੇ ਔਰਤ 'ਤੇ ਕੀਤਾ ਜਾਨਲੇਵਾ ਹਮਲਾ, ਪੈਰਾਂ ਹੇਠ ਬੁਰੀ ਤਰ੍ਹਾਂ ਲਤਾੜਿਆ, ਦੇਖੋ ਵੀਡੀਓ
ਧਿਆਨਯੋਗ ਹੈ ਕਿ 2 ਬੱਚਿਆਂ ਦੇ ਪਿਤਾ ਰਾਹੁਲ ਨੂੰ 24 ਨਵੰਬਰ ਨੂੰ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਸੈਕਟਰ-56 ਦੇ ਮੋੜ ’ਤੇ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ 25.8 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਬੁੜੈਲ ਜੇਲ੍ਹ 'ਚ ਭੇਜਿਆ ਗਿਆ ਸੀ। ਜੇਲ੍ਹ 'ਚ ਤਬੀਅਤ ਵਿਗੜਨ ਕਾਰਨ ਉਸ ਨੂੰ ਜੀ. ਐੱਮ. ਸੀ. ਐੱਚ.-32 ਵਿੱਚ ਦਾਖਲ ਕਰਵਾਇਆ ਗਿਆ ਸੀ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
4 ਤੇ 3 ਸਾਲ ਦੇ 2 ਬੱਚੇ ਤੇ ਪਤਨੀ ਪੈਰਾਲਾਈਜ਼ਡ
ਪਰਿਵਾਰ ਨੇ ਦੋਸ਼ ਲਾਇਆ ਕਿ ਪਹਿਲਾਂ ਉਸ ਨੂੰ ਝੂਠੇ ਡਰੱਗਜ਼ ਕੇਸ ਵਿੱਚ ਫਸਾਇਆ ਗਿਆ। ਉਸ ਤੋਂ ਬਾਅਦ ਰਿਮਾਂਡ ਨਾ ਲੈਣ ਦੇ ਨਾਂ ’ਤੇ ਡੇਢ ਲੱਖ ਰੁਪਏ ਮੰਗੇ। ਜੇਲ੍ਹ 'ਚ ਨਸ਼ੇ ਵਾਲਾ ਪਦਾਰਥ ਦਿੱਤਾ ਗਿਆ, ਜਿਸ ਨਾਲ ਹਾਲਤ ਬੇਹੱਦ ਨਾਜ਼ੁਕ ਹੋ ਗਈ ਤੇ ਵੈਂਟੀਲੇਟਰ ’ਤੇ ਜਾ ਪਹੁੰਚਿਆ। ਰਾਹੁਲ ਦੀ ਪਤਨੀ ਪੈਰਾਲਾਈਜ਼ਡ ਹੈ। ਉਸ ਦੇ 4 ਤੇ 3 ਸਾਲ ਦੇ 2 ਬੱਚੇ ਹਨ। ਪਰਿਵਾਰ ਮੁਤਾਬਕ ਉਹ 6 ਦਸੰਬਰ ਨੂੰ ਜੇਲ੍ਹ 'ਚ ਉਸ ਨੂੰ ਮਿਲਣ ਗਏ ਸਨ। ਉਦੋਂ ਤਬੀਅਤ ਠੀਕ ਸੀ। ਰਾਹੁਲ ਨੇ ਕਿਹਾ ਸੀ ਕਿ 8 ਦਸੰਬਰ ਨੂੰ ਕਾਲ ਕਰੇਗਾ ਤੇ ਮਾਂ ਨਾਲ ਗੱਲ ਕਰਵਾ ਦੇਣਾ ਪਰ ਕਾਲ ਨਹੀਂ ਆਈ। 9 ਦਸੰਬਰ ਨੂੰ ਪਰਿਵਾਰ ਨੂੰ ਪੁਲਸ ਨੇ ਦੱਸਿਆ ਕਿ ਰਾਹੁਲ ਦੀ ਤਬੀਅਤ ਜ਼ਿਆਦਾ ਖਰਾਬ ਹੈ ਤੇ ਜੀ.ਐੱਮ.ਸੀ.ਐੱਚ.-32 'ਚ ਮਿਲਣ ਆ ਜਾਣ। ਪਰਿਵਾਰ ਮੁਤਾਬਕ ਉਸ ਦੀ ਹਲਾਤ ਬਹੁਤ ਖਰਾਬ ਸੀ ਤੇ ਮੂੰਹ 'ਚੋਂ ਝੱਗ ਆ ਰਹੀ ਸੀ।
ਇਹ ਵੀ ਪੜ੍ਹੋ : ਫਾਸਟੈਗ ਬਣਿਆ ਲੋਕਾਂ ਲਈ ਮੁਸੀਬਤ, ਸੰਗਰੂਰ ’ਚ ਖੜ੍ਹੀ ਕਾਰ ਦਾ ਚੰਡੀਗੜ੍ਹ ਨੇੜੇ ਕੱਟਿਆ ਗਿਆ ਟੋਲ
ਜਾਣਕਾਰੀ ਮੁਤਾਬਕ ਰਾਹੁਲ ਮੋਹਾਲੀ ਫੇਜ਼-6 'ਚ ਸੀਟ ਕਵਰ ਪਾਉਣ ਦਾ ਕੰਮ ਕਰਦਾ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਪਹਿਲਾਂ ਮੋਹਾਲੀ ਪੁਲਸ ਨੇ ਫੜਿਆ ਤੇ ਪੈਸੇ ਮੰਗੇ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਉਥੇ ਹੀ ਡਰੱਗਜ਼ ਦਾ ਝੂਠਾ ਕੇਸ ਪਾ ਦਿੱਤਾ ਗਿਆ। ਥਾਣੇ 'ਚ ਉਸ ਦੀ ਕੁੱਟਮਾਰ ਵੀ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇਲ੍ਹ ਭੇਜ ਕੇ 5ਵੇਂ ਦਿਨ ਨਸ਼ੀਲਾ ਪਦਾਰਥ ਖਿਲਾ ਦਿੱਤਾ, ਜਿਸ ਨਾਲ ਉਸ ਦੀ ਤਬੀਅਤ ਖਰਾਬ ਹੋ ਗਈ ਸੀ। ਜੇਲ ਪ੍ਰਸ਼ਾਸਨ ਨੇ ਜੇਲ ਵਿਚ ਡਰੱਗ ਦੀ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ। ਰਾਹੁਲ ਦੀ ਤਬੀਅਤ ਖਰਾਬ ਸੀ ਤਾਂ ਪੀ.ਜੀ.ਆਈ. ਰੈਫਰ ਕੀਤਾ ਜਾਂਦਾ। ਉਥੇ ਹੀ ਪਤਨੀ ਨੇ ਕਿਹਾ ਕਿ 2 ਦਿਨ ਬਾਅਦ ਪੁਲਸ ਨੇ ਰਾਹੁਲ ਨੂੰ ਫੜ੍ਹੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।