ਛੱਤ ’ਤੇ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Friday, Jun 29, 2018 - 12:27 AM (IST)

ਨੂਰਪੁਰਬੇਦੀ, (ਭੰਡਾਰੀ)- ਨੂਰਪੁਰਬੇਦੀ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਲਾਲਾ ਜਗਦੀਸ਼ ਰਾਮ ਪਲਾਟੀਆ ਦੇ ਵੱਡੇ ਸਪੁੱਤਰ ਨਵਜੀਵਨ ਕੁਮਾਰ ਪਲਾਟੀਆ (44) ਦੀ ਅੱਜ ਸਵੇਰੇ ਕਰੰਟ ਲੱਗਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ ਤੋਂ ਹੀ ਪੈ ਰਹੇ ਮੀਂਹ ਕਾਰਨ ਨਵਜੀਵਨ ਕੁਮਾਰ ਸਵੇਰੇ ਕਰੀਬ 8 ਕੁ ਵਜੇ ਅਾਪਣੇ ਘਰ ਤੋਂ ਸੀਮੈਂਟ ਸਟੋਰ ਦੀ ਛੱਤ ’ਤੇ ਪਾਣੀ ਦੀ ਨਿਕਾਸੀ ਦੇਖਣ ਲਈ ਗਿਆ ਸੀ। ਜਦੋਂ ਪੌਣੇ ਘੰਟੇ ਬਾਅਦ ਵੀ ਉਹ ਨਾ ਪਰਤਿਆ ਤਾਂ ਉਸ ਦੀ ਪਤਨੀ ਨੇ ਜਾ ਕੇ ਦੇਖਿਆ ਕਿ ਨਵਜੀਵਨ ਕੁਮਾਰ ਛੱਤ ’ਤੇ ਬੇਸੁੱਧ ਹੋ ਕੇ ਡਿੱਗਿਆ ਪਿਆ ਸੀ। ਮ੍ਰਿਤਕ ਦੀ ਪਤਨੀ ਅਨੁਸਾਰ ਉਸ ਨੂੰ ਵੀ ਕਰੰਟ ਲੱਗਾ ਤੇ ਨਵਜੀਵਨ ਕੁਮਾਰ ਦੀ ਵੀ ਕਰੰਟ ਦੀ ਲਪੇਟ ’ਚ ਆਉਣ ਨਾਲ ਮੌਤ ਹੋਈ ਹੈ। ਆਸ-ਪਾਸ ਦੇ ਦੁਕਾਨਦਾਰਾਂ ਦੀ ਸਹਾਇਤਾ ਨਾਲ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਖੇ ਪਹੁੰਚਾਇਆ ਗਿਆ।
ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਅਾਪਣੇ ਪਿੱਛੇ 2 ਬੱਚੇ ਤੇ ਵਿਧਵਾ ਪਤਨੀ ਛੱਡ ਗਿਆ ਹੈ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਅਮਲ ’ਚ ਲਿਆਉਂਦਿਆਂ ਪੋਸਟਮਾਰਟਮ ਉਪਰੰਤ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹੋਰਨਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਜਦਕਿ ਇਸ ਸੋਗ ’ਚ ਪੂਰਾ ਸ਼ਹਿਰ ਬੰਦ ਰਿਹਾ।