ਕਰੰਟ ਲੱਗਣ ਨਾਲ ਪਸ਼ੂ ਵਪਾਰੀ ਦੀ ਮੌਤ

Sunday, Jul 02, 2017 - 04:30 AM (IST)

ਕਰੰਟ ਲੱਗਣ ਨਾਲ ਪਸ਼ੂ ਵਪਾਰੀ ਦੀ ਮੌਤ

ਹੁਸ਼ਿਆਰਪੁਰ, (ਜ.ਬ.)- ਖੇਤਾਂ 'ਚ ਲੱਗੀ ਕੰਡਿਆਲੀ ਤਾਰ 'ਚ ਆਏ ਕਰੰਟ ਨਾਲ ਇਕ ਪਸ਼ੂ ਵਪਾਰੀ ਪਿਆਰਾ ਰਾਮ (42) ਪੁੱਤਰ ਵਤਨਾ ਰਾਮ ਵਾਸੀ ਬੱਸੀ ਮਾਰੂਫ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਯਾਦਵਿੰਦਰ ਅਤੇ ਪਾਵਰਕਾਮ ਦੇ ਜੇ. ਈ. ਪੁਸ਼ਪਿੰਦਰ ਸਿੰਘ ਘਟਨਾ ਸਥਾਨ 'ਤੇ ਪਹੁੰਚ ਗਏ। ਮ੍ਰਿਤਕ ਦੇ ਭਰਾ ਸਰਵਣ ਚੰਦ ਨੇ ਦੱਸਿਆ ਕਿ ਉਸ ਦਾ ਭਰਾ ਅੱਜ ਸਵੇਰੇ 9.30 ਵਜੇ ਪਿੰਡ ਸੈਂਚਾਂ ਦੇ ਨੰਬਰਦਾਰ ਦਵਿੰਦਰ ਸਿੰਘ ਨਾਲ ਬਾਗਪੁਰ ਵਿਖੇ ਜ਼ਮੀਨ ਦੇਖਣ ਗਿਆ ਸੀ। ਜਦੋਂ ਉਹ ਜ਼ਮੀਨ ਦੇਖਣ ਲਈ ਖੇਤਾਂ 'ਚ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰ ਰਿਹਾ ਸੀ ਤਾਂ ਉਸ ਵਿਚ ਕਰੰਟ ਹੋਣ ਕਰ ਕੇ ਉਹ ਉਸ ਦੀ ਲਪੇਟ ਵਿਚ ਆ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਹੈ। 
ਵਰਣਨਯੋਗ ਹੈ ਕਿ ਪਿਆਰਾ ਰਾਮ ਦੇ ਨਾਲ ਆਏ ਨੰਬਰਦਾਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਪਿਆਰਾ ਰਾਮ ਨਾਲ ਮੋਟਰਸਾਈਕਲ 'ਤੇ ਆਇਆ ਸੀ। ਜਦੋਂ ਪਿਆਰਾ ਰਾਮ ਮੋਟਰਸਾਈਕਲ ਤੋਂ ਉਤਰ ਕੇ ਖੇਤ ਦੇ ਦੂਜੇ ਪਾਸੇ ਜਾਣ ਲੱਗਾ ਤਾਂ ਉਸ ਦੇ ਚੀਕਣ ਦੀ ਆਵਾਜ਼ ਆਈ ਅਤੇ ਉਹ ਡਿੱਗ ਪਿਆ। ਜਦੋਂ ਮੈਂ ਉਸ ਨੂੰ ਚੁੱਕਣ ਲਈ ਗਿਆ ਤਾਂ ਉਸ ਨੇ ਕਿਹਾ ਕਿ ਨੰਬਰਦਾਰਾ ਅੱਗੇ ਨਾ ਆਵੀਂ ਤਾਰ 'ਚ ਕਰੰਟ ਹੈ। ਇਸ ਦੌਰਾਨ ਉਸ ਨੇ ਨੇੜਲੇ ਇਕ ਘਰ ਤੋਂ ਪਲਾਸ ਲਿਆ ਤੇ ਕੰਡਿਆਲੀ ਤਾਰ ਨਾਲ ਜੁੜੀ ਬਿਜਲੀ ਦੀ ਤਾਰ ਨੂੰ ਕੱਟ ਦਿੱਤਾ ਪਰ ਉਦੋਂ ਤੱਕ ਪਿਆਰਾ ਰਾਮ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਪਹੁੰਚੇ ਲਾਈਨਮੈਨ ਪਰਮਜੀਤ ਸਿੰਘ ਨੂੰ ਜਦੋਂ ਨੰਬਰਦਾਰ ਨੇ ਉਕਤ ਗੱਲ ਦੱਸੀ ਤਾਂ ਬਿਜਲੀ ਮੁਲਾਜ਼ਮ ਨੇ ਕਿਹਾ ਕਿ ਕਰੰਟ ਲੱਗਣ 'ਤੇ ਕੋਈ ਬੋਲ ਕਿਵੇਂ ਸਕਦਾ ਹੈ।


Related News