ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਮੌਤ, 3 ਪਰਿਵਾਰਕ ਮੈਂਬਰ ਜ਼ਖਮੀ
Thursday, Aug 28, 2025 - 10:43 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਪੁਨੀਤ) – ਬਰਨਾਲਾ ਦੇ ਗੁਰੂ ਨਾਨਕ ਨਗਰ ਪਿੱਛੇ ਵਸੇ ਲਖਵਿੰਦਰ ਸਿੰਘ ਪੁੱਤਰ ਜੀਤ ਸਿੰਘ (33) ਦੀ ਇਕ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ। ਲਖਵਿੰਦਰ ਸਿੰਘ ਦੇ ਤਿੰਨ ਹੋਰ ਪਰਿਵਾਰਕ ਮੈਂਬਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਫਰੀਦਕੋਟ ਹਸਪਤਾਲ ਵਿਖੇ ਰੈਫਰ ਕਰਨਾ ਪਿਆ।
ਲੋਕਾਂ ਨੇ ਨਗਰ ਕੌਂਸਲ ਨੂੰ ਠਹਿਰਾਇਆ ਜ਼ਿੰਮੇਵਾਰ
ਮੌਕੇ ’ਤੇ ਮੌਜੂਦ ਲੋਕਾਂ ਦੇ ਮੁਤਾਬਕ ਲਖਵਿੰਦਰ ਸਿੰਘ ਨੇ ਕਰੀਬ ਛੇ ਮਹੀਨੇ ਪਹਿਲਾਂ ਆਪਣੇ ਕੱਚੇ ਮਕਾਨ ਦੀ ਖਸਤਾਹਾਲ ਹਾਲਤ ਬਾਰੇ ਨਗਰ ਕੌਂਸਲ ਬਰਨਾਲਾ ਨੂੰ ਜਾਣਕਾਰੀ ਦਿੱਤੀ ਸੀ। ਉਸ ਨੇ ‘ਕੱਚੇ ਘਰਾਂ ਲਈ ਆਈ ਸਰਕਾਰੀ ਸਕੀਮ’ ਤਹਿਤ ਅਰਜ਼ੀ ਵੀ ਦਿੱਤੀ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਨੇ ਉਸ ਦੀ ਐਪਲੀਕੇਸ਼ਨ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਲਖਵਿੰਦਰ ਸਿੰਘ ਨੂੰ ਮਾਲੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਅੱਜ ਇਹ ਦੁਖਦਾਈ ਹਾਦਸਾ ਨਾ ਵਾਪਰਦਾ।
ਇਲਾਕੇ ’ਚ ਹੋਰ ਕਈ ਮਕਾਨ ਭਗਵਾਨ ਭਰੋਸੇ
ਗੁਰੂ ਨਾਨਕ ਨਗਰ ਇਲਾਕੇ ’ਚ ਹੋਰ ਵੀ ਕਈ ਮਕਾਨ ਹਨ ਜੋ ਬਹੁਤ ਹੀ ਖਤਰਨਾਕ ਹਾਲਤ ’ਚ ਖੜ੍ਹੇ ਹਨ। ਇਨ੍ਹਾਂ ਮਕਾਨਾਂ ਦੇ ਰਹਿਣ ਵਾਲਿਆਂ ਦੀ ਜ਼ਿੰਦਗੀ ਹਰ ਵੇਲੇ ਖਤਰੇ ਹੇਠ ਹੈ ਅਤੇ ਕਦੇ ਵੀ ਕੋਈ ਵੀ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।
ਪਰਿਵਾਰ ਦੇ ਭਵਿੱਖ ’ਤੇ ਸਵਾਲ
ਲਖਵਿੰਦਰ ਸਿੰਘ ਦੀ ਅਚਾਨਕ ਮੌਤ ਨਾਲ ਪਰਿਵਾਰ ਦਾ ਭਵਿੱਖ ਪੂਰੀ ਤਰ੍ਹਾਂ ਅੰਧਕਾਰਮਈ ਹੋ ਗਿਆ ਹੈ। ਨੌਜਵਾਨ ਉਮਰ ਵਿੱਚ ਪਰਿਵਾਰ ਦੇ ਸਹਾਰੇ ਦਾ ਢਹਿ ਜਾਣਾ ਵੱਡਾ ਸੰਕਟ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਲਹਿਜ਼ੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਘਰਾਂ ਲਈ ਤੁਰੰਤ ਰਾਹਤ ਤੇ ਸੁਰੱਖਿਆ ਦੇ ਕਦਮ ਨਾ ਚੁੱਕੇ ਗਏ ਤਾਂ ਇਸਦੇ ਨਤੀਜੇ ਗੰਭੀਰ ਹੋਣਗੇ।
ਲੋਕਾਂ ’ਚ ਭਾਰੀ ਰੋਸ
ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਇਲਾਕੇ ਦੇ ਸਾਰੇ ਕੱਚੇ ਮਕਾਨਾਂ ਦੀ ਜਾਂਚ ਕਰ ਕੇ ਸੁਰੱਖਿਆ ਯਕੀਨੀ ਬਣਾਈ ਜਾਵੇ।
ਪ੍ਰਸ਼ਾਸਨ ਨੇ 5 ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਦਿੱਤਾ ਭਰੋਸਾ
ਬਾਜ਼ੀਗਰ ਸਿੱਖ ਕੌਮ ਸੋਸ਼ਲ ਸੋਸਾਇਟੀ ਦੇ ਵਾਈਸ ਚੇਅਰਮੈਨ ਮਲਕੀਤ ਸਿੰਘ ਮੀਤਾ ਠੇਕੇਦਾਰ ਨੇ ਕਿਹਾ ਕਿ ਤਹਿਸੀਲਦਾਰ ਬਰਨਾਲਾ ਨੇ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਸਾਰਾ ਮਾਮਲਾ ਲਿਆਂਦਾ ਜਿੰਨਾ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ, 60 ਹਜ਼ਾਰ ਰੁਪਏ ਭਾਂਡਿਆਂ ਲਈ ਅਤੇ ਢਾਈ ਲੱਖ ਰੁਪਏ ਨਗਰ ਕੌਂਸਲ ਵੱਲੋਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਕਾਰ ਸਾਧਕ ਅਫਸਰ ਨੇ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਉਸ ਦੀ ਯੋਗਤਾ ਦੇ ਆਧਾਰ ’ਤੇ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸਾਡੀ ਸੋਸਾਇਟੀ ਵੱਲੋਂ ਵੀ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਪਰਿਵਾਰ ਨੂੰ ਦਿੱਤੀ ਗਈ