ਗਰੀਬ ਕਿਸਾਨ ਦੇ 4 ਪਸ਼ੂਆਂ ਦੀ ਸ਼ੱਕੀ ਹਾਲਾਤ ''ਚ ਮੌਤ, ਜ਼ਹਿਰੀਲੀ ਵਸਤੂ ਖਾ ਜਾਣ ਦੀ ਸ਼ੰਕਾ
Tuesday, Sep 09, 2025 - 03:15 PM (IST)

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਮਹੱਦੀਪੁਰ ਵਿਖੇ ਇੱਕ ਗਰੀਬ ਕਿਸਾਨ ਬਲਬੀਰ ਸਿੰਘ ਦੇ 4 ਪਸ਼ੂਆਂ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ, ਜਦਕਿ 2 ਗੰਭੀਰ ਹਾਲਤ 'ਚ ਬੀਮਾਰ ਹਨ। ਬਲਬੀਰ ਸਿੰਘ ਨੇ ਦੱਸਿਆ ਕਿ ਉਸ ਕੋਲ ਇਕ ਏਕੜ ਖੇਤੀਬਾੜੀ ਯੋਗ ਜ਼ਮੀਨ ਹੈ ਅਤੇ ਉਹ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। 2 ਦਿਨ ਪਹਿਲਾਂ ਉਸਦੇ ਪਸ਼ੂ ਬੀਮਾਰ ਹੋਣਾ ਸ਼ੁਰੂ ਹੋ ਗਏ, ਜਿਨ੍ਹਾਂ ’ਚੋਂ 2 ਛੋਟੀ ਉਮਰ ਦੇ ਪਸ਼ੂਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਅੱਜ ਸਵੇਰੇ 2 ਹੋਰ ਦੁਧਾਰੂ ਪਸ਼ੂ ਵੀ ਮਰ ਗਏ।
ਇਸ ਤੋਂ ਇਲਾਵਾ 2 ਹੋਰ ਦੁਧਾਰੂ ਪਸ਼ੂ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ। ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ 2 ਦੁਧਾਰੂ ਪਸ਼ੂ ਸੂਣ ਵਾਲੇ ਸਨ, ਜਿਨ੍ਹਾਂ ਦੀ ਕੀਮਤ 3 ਲੱਖ ਰੁਪਏ ਤੋਂ ਵੱਧ ਹੈ ਅਤੇ 2 ਛੋਟੇ ਪਸ਼ੂਆਂ ਦੀ ਕੀਮਤ ਵੀ ਇੱਕ ਲੱਖ ਰੁਪਏ ਦੇ ਕਰੀਬ ਸੀ, ਜਿਸ ਕਾਰਨ ਉਸਦਾ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ 2 ਹੋਰ ਦੁਧਾਰੂ ਪਸ਼ੂ ਹਸਪਤਾਲ 'ਚ ਇਲਾਜ ਅਧੀਨ ਹਨ, ਜੋ ਕਿ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਕਿਸਾਨ ਨੇ ਦੱਸਿਆ ਕਿ ਇਲਾਜ ਕਰਨ ਵਾਲੇ ਡਾਕਟਰਾਂ ਅਨੁਸਾਰ ਪਸ਼ੂਆਂ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ। ਕਿਸਾਨ ਅਨੁਸਾਰ ਇਹ ਜ਼ਹਿਰੀਲੀ ਵਸਤੂ ਪਸ਼ੂਆਂ ਤੱਕ ਕਿਵੇਂ ਪਹੁੰਚੀ ਜਾਂ ਉਨ੍ਹਾਂ ਨੂੰ ਕੋਈ ਖਿਲਾ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬਲਬੀਰ ਸਿੰਘ ਇੱਕ ਗਰੀਬ ਕਿਸਾਨ ਹੈ, ਜਿਸ ਦਾ 4 ਲੱਖ ਰੁਪਏ ਤੋਂ ਵੱਧ ਨੁਕਸਾਨ ਹੋਇਆ ਹੈ। ਇਸ ਲਈ ਪ੍ਰਸ਼ਾਸਨ ਉਸ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਵੇ।