ਕੇਂਦਰੀ ਜੇਲ ''ਚ ਹਵਾਲਾਤੀ ਦੀ ਸ਼ੱਕੀ ਹਾਲਾਤ ''ਚ ਮੌਤ

Monday, Oct 23, 2017 - 07:15 AM (IST)

ਕੇਂਦਰੀ ਜੇਲ ''ਚ ਹਵਾਲਾਤੀ ਦੀ ਸ਼ੱਕੀ ਹਾਲਾਤ ''ਚ ਮੌਤ

ਲੁਧਿਆਣਾ, (ਸਿਆਲ)- ਤਾਜਪੁਰ ਰੋਡ ਕੇਂਦਰੀ ਜੇਲ 'ਚ ਇਕ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। 
ਮਿਲੀ ਜਾਣਕਾਰੀ ਅਨੁਸਾਰ ਥਾਣਾ ਮੇਹਰਬਾਨ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੋਣ 'ਤੇ ਹਵਾਲਾਤੀ ਗਿਆਨ ਚੰਦ 15-20 ਦਿਨ ਪਹਿਲਾਂ ਜੇਲ 'ਚ ਆਇਆ ਸੀ। ਹਵਾਲਾਤੀ ਪਿੰਡ ਕਡਿਆਣਾ ਦਾ ਰਹਿਣ ਵਾਲਾ ਹੈ। ਜੇਲ 'ਚ ਉਕਤ ਹਲਾਵਾਤੀ ਦੀ ਗਿਣਤੀ ਸਤਲੁਜ ਬਲਾਕ ਦੀ ਬੈਰਕ ਨੰ. 3 ਵਿਚ ਸੀ। ਬੀਤੀ ਦੇਰ ਰਾਤ ਅਚਾਨਕ ਤਬੀਅਤ ਠੀਕ ਨਾ ਹੋਣ 'ਤੇ ਜੇਲ ਹਸਪਤਾਲ ਤੋਂ ਬੈਰਕ 'ਚ ਪਹੁੰਚੇ ਡਾਕਟਰ ਨੇ ਚੈੱਕਅਪ ਕਰ ਕੇ ਉਸਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਸ ਦੀ ਜੇਲ 'ਚ ਹੀ ਮੌਤ ਹੋ ਗਈ। ਜੇਲ ਡਾਕਟਰ ਅਨੁਸਾਰ ਉਕਤ ਹਵਾਲਾਤੀ ਜਦ ਇਕ ਮਹੀਨਾ ਪਹਿਲਾਂ ਜੇਲ ਆਇਆ ਸੀ ਤਾਂ ਉਸ ਨੇ ਖੁਦ ਨੂੰ ਦਿਲ ਦੇ ਰੋਗ ਤੋਂ ਪੀੜਤ ਹੋਣ ਬਾਰੇ ਨਹੀਂ ਦੱਸਿਆ, ਸਗੋਂ ਸ਼ੂਗਰ ਦੀ ਬੀਮਾਰੀ ਹੋਣ ਦੀ ਜਾਣਕਾਰੀ ਦਿੱਤੀ ਸੀ ਪਰ ਰਾਤ ਉਸ ਦੇ ਬੇਟੇ ਨੇ ਆਪਣੇ ਪਿਤਾ ਹਵਾਲਾਤੀ ਗਿਆਨ ਚੰਦ ਨੂੰ ਦਿਲ ਦੀ ਬੀਮਾਰੀ ਤੋਂ ਪੀੜਤ ਹੋਣਾ ਦੱਸਿਆ ਅਤੇ ਜਿਨ੍ਹਾਂ ਦਾ ਇਲਾਜ ਇਕ ਹਸਪਤਾਲ ਦੇ ਡਾਕਟਰ ਵਲੋਂ ਚੱਲ ਰਿਹਾ ਸੀ। ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਪਹੁੰਚੇ ਮ੍ਰਿਤਕ ਹਵਾਲਾਤੀ ਗਿਆਨ ਚੰਦ ਦੇ ਬੇਟੇ ਰਾਜਬੀਰ ਨੇ ਇਕ ਪੱਤਰ ਜੁਡੀਸ਼ੀਅਲ ਮੈਜਿਸਟ੍ਰੇਟ ਡਾ. ਸੁਸ਼ੀਲ ਬੋਧ ਦਿੱਤਾ। ਉਕਤ ਪੱਤਰ 'ਚ ਜੇਲ ਪ੍ਰਸ਼ਾਸਨ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬੁੱਧਵਾਰ ਨੂੰ ਆਪਣੇ ਮ੍ਰਿਤਕ ਪਿਤਾ ਨਾਲ ਮੁਲਾਕਾਤ ਕਰਨ ਗਿਆ ਅਤੇ ਉਥੋਂ ਦੇ ਕਰਮਚਾਰੀਆਂ ਨੂੰ ਆਪਣੇ ਪਿਤਾ ਨੂੰ ਦੇਣ ਲਈ ਦਵਾਈਆਂ ਵੀ ਦਿੱਤੀਆਂ ਸਨ ਪਰ ਦਵਾਈਆਂ ਸਮੇਂ 'ਤੇ ਨਾ ਪਹੁੰਚਣ 'ਤੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਦੇ ਲਈ ਜੇਲ ਪ੍ਰਸ਼ਾਸਨ ਪੂਰਨ ਰੂਪ 'ਚ ਜ਼ਿੰਮੇਵਾਰ ਹੈ। ਰਾਜਬੀਰ ਨੇ ਦੱਸਿਆ ਕਿ ਉਸ ਦੇ ਚਾਚਾ ਨੇ ਅੱਜ ਤੋਂ ਪੰਜ ਦਿਨ ਪਹਿਲਾਂ ਇਕ ਜੇਲ ਅਧਿਕਾਰੀ ਨੂੰ ਫੋਨ ਕਰ ਕੇ ਪਿਤਾ ਦੇ ਇਲਾਜ ਸਬੰਧੀ ਮੰਗ ਵੀ ਕੀਤੀ ਸੀ, ਉਸ 'ਤੇ ਵੀ ਗੌਰ ਨਹੀਂ ਕੀਤਾ ਗਿਆ। 
ਇਸ ਸਬੰਧ ਵਿਚ ਜੇਲ ਦੇ ਸੁਪਰਡੈਂਟ ਐੱਸ. ਪੀ. ਖੰਨਾ ਨੇ ਮ੍ਰਿਤਕ ਹਵਾਲਾਤੀ ਗਿਆਨ ਚੰਦ ਦੇ ਬੇਟੇ ਵਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਦ ਵੀ ਕੋਈ ਨਵਾਂ ਹਵਾਲਾਤੀ ਜੇਲ 'ਚ ਆਉਂਦਾ ਹੈ ਤਾਂ ਜੇਲ ਦਾ ਇਕ ਅਧਿਕਾਰੀ ਉਕਤ ਹਵਾਲਾਤੀ ਤੋਂ ਉਸ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਸਬੰਧੀ ਅਤੇ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪੀੜਤ ਹੋਣ ਸਬੰਧੀ ਪੁੱਛਗਿੱਛ ਕਰਦਾ ਹੈ ਪਰ ਉਕਤ ਹਵਾਲਾਤੀ ਨੇ ਜੇਲ ਆਉਣ 'ਤੇ ਦਿਲ ਦੇ ਰੋਗ ਦੀ ਬੀਮਾਰੀ ਸਬੰਧੀ ਨਹੀਂ ਦੱਸਿਆ। ਜੇਕਰ ਹਵਾਲਾਤੀ ਨੇ ਦੱਸਿਆ ਹੁੰਦਾ ਤਾਂ ਜੇਲ ਦੇ ਡਾਕਟਰਾਂ ਵਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ। ਖੰਨਾ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਵਲੋਂ ਹਰ ਦਿਨ ਸਵੇਰ-ਸਮੇਂ ਬੈਰਕਾਂ ਦਾ ਵੀ ਦੌਰਾ ਕੀਤਾ ਜਾਂਦਾ ਹੈ ਤਾਂ ਕਿ ਕੋਈ ਹਵਾਲਾਤੀ ਬੀਮਾਰੀ ਸਬੰਧੀ ਇਲਾਜ ਕਰਵਾਉਣਾ ਚਾਹੇ ਤਾਂ ਉਸ ਨੂੰ ਤੁਰੰਤ ਜੇਲ ਹਸਪਤਾਲ ਭੇਜਿਆ ਜਾਂਦਾ ਹੈ।


Related News