ਜਗਾੜੂ ਰੇਹੜੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਜ਼ਖਮੀ
Thursday, May 21, 2026 - 05:00 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ, ਸਿਕਰੀ) : ਗੁਰੂਹਰਸਹਾਏ ਵਿਖੇ ਇਕ ਜੁਗਾੜੂ ਰੇਹੜੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ ਜੁਗਾੜੂ ਰੇਹੜੀ ਸਵਾਰ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸਤਨਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਝੁੱਗੇ ਛਿੱਲੀਆਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕੁਲਵੰਤ ਸਿੰਘ ਉਰਫ਼ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਵਾਲੇ (ਦਾਖਲੀ ਈਸਾ ਪੰਜ ਗਰਾਈਂ) ਦੀ ਕੁੜੀ ਦੇ ਵਿਆਹ ’ਚ ਸ਼ਾਮਲ ਹੋਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਝੁੱਗੇ ਜਵਾਹਰ ਸਿੰਘ ਵਾਲਾ ਜਾ ਰਹੇ ਸੀ।
ਜਦੋਂ ਉਹ ਸ਼ਾਮ ਨੂੰ ਝੁੱਗੇ ਜਵਾਹਰ ਸਿੰਘ ਵਾਲਾ ਤੋਂ ਪੱਕੀ ਸੜਕ ਪਿੰਡ ਰਾਣਾ ਪੰਜ ਗਰਾਈਂ ਲਿੰਕ ਰੋਡ ’ਤੇ ਪੁੱਜੇ ਤਾਂ ਸਾਹਮਣੇ ਤੋਂ ਇਕ ਜੁਗਾੜੂ ਰੇਹੜੀ ਜੋ ਬਿਨਾਂ ਲਾਈਟਾਂ ਤੋਂ ਆ ਰਹੀ ਸੀ, ਨੇ ਆਪਣਾ ਵਾਹਨ ਤੇਜ਼ ਰਫਤਾਰ ਲਿਆ ਕੇ ਉਸ ਦੇ ਮੋਟਰਸਾਈਕਲ ’ਚ ਮਾਰਿਆ। ਇਸ ਹਾਦਸੇ ’ਚ ਉਸ ਦੇ ਅਤੇ ਉਸ ਦੀ ਪਤਨੀ ਦੇ ਕਾਫੀ ਸੱਟਾਂ ਲੱਗ ਗਈਆਂ। ਸਤਨਾਮ ਸਿੰਘ ਨੇ ਦੱਸਿਆ ਕਿ ਜੁਗਾੜੂ ਰੇਹੜੀ ਚਾਲਕਾਂ ਦੀ ਪਛਾਣ ਜਗਦੀਸ਼ ਸਿੰਘ ਭੱਈਆ ਪੁੱਤਰ ਕੱਕਾ ਸਿੰਘ ਅਤੇ ਸੰਦੀਪ ਉਰਫ਼ ਵਿੱਕੀ ਉਰਫ਼ ਰਾਜੂ ਪੁੱਤਰ ਜਗਦੀਸ਼ ਸਿੰਘ ਵਾਸੀਅਨ ਝੁੱਗੇ ਜਵਾਹਰ ਸਿੰਘ ਵਾਲਾ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਜੁਗਾੜੂ ਰੇਹੜੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
