ਪਾਕਿਸਤਾਨ ਸਰਹੱਦ ਨੇੜੇ ਦਰਿਆ ਪਾਰ ਕਰਦਿਆਂ 2 ਨੌਜਵਾਨਾਂ ਦੀ ਮੌਤ
Thursday, May 14, 2026 - 11:55 AM (IST)
ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ 'ਚ ਦਰਿਆ ਪਾਰ ਕਰਦਿਆਂ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪੁਲਸ ਅਨੁਸਾਰ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਨੌਜਵਾਨਾਂ ਨੂੰ ਲਾਲਚ ਦੇ ਕੇ ਪਾਕਿਸਤਾਨ ਵਾਲੇ ਪਾਸੇ ਭੇਜਣ ਲਈ ਦਰਿਆ 'ਚ ਉਤਾਰਿਆ ਸੀ, ਜਿੱਥੇ ਪਾਣੀ ਡੂੰਘਾ ਹੋਣ ਕਾਰਨ ਉਹ ਆਪਣੀ ਜਾਨ ਗੁਆ ਬੈਠੇ। ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਦਰ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਗੰਗਾ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਹਬੀਬ ਵਾਲਾ ਨੇ ਬੀਤੀ 2 ਅਤੇ 3 ਮਈ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੂੰ ਪਾਕਿਸਤਾਨ ਦੇ ਉਸ ਪਾਰ ਦੇ ਲਾਲਚ 'ਚ ਫਸਾਇਆ ਸੀ। ਮ੍ਰਿਤਕਾਂ ਦੀ ਪਛਾਣ ਮੁਖਤਿਆਰ ਸਿੰਘ (20 ਸਾਲ) ਪੁੱਤਰ ਨਿਰੰਜਣ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂੰ (35 ਸਾਲ) ਪੁੱਤਰ ਬਲਦੇਵ ਸਿੰਘ ਵਾਸੀਅਨ ਹਬੀਬ ਵਾਲਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੰਗਾ ਸਿੰਘ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਸਰਹੱਦ ਦੇ ਉਸ ਪਾਰ ਪਾਕਿਸਤਾਨ ਜਾਣ ਲਈ ਉਕਸਾਇਆ ਅਤੇ ਉਨ੍ਹਾਂ ਨੂੰ ਦਰਿਆ ਦੇ ਰਸਤੇ ਜਾਣ ਲਈ ਪਾਣੀ 'ਚ ਉਤਾਰ ਦਿੱਤਾ। ਦਰਿਆ ਡੂੰਘਾ ਹੋਣ ਕਾਰਨ ਦੋਵੇਂ ਨੌਜਵਾਨ ਪਾਣੀ 'ਚ ਡੁੱਬ ਗਏ। ਇਸ ਹਾਦਸੇ 'ਚ ਮੁਖਤਿਆਰ ਸਿੰਘ ਅਤੇ ਮਨਪ੍ਰੀਤ ਸਿੰਘ ਦੋਵਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਗੰਗਾ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
