ਸੜਕ ਹਾਦਸਿਆਂ ’ਚ 2 ਵਿਅਕਤੀਆਂ ਦੀ ਹੋਈ ਮੌਤ
Wednesday, May 27, 2026 - 05:21 PM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਇੱਥੇ 2 ਵੱਖ-ਵੱਖ ਹੋਏ ਸੜਕ ਹਾਦਸਿਆਂ ’ਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਥਾਣਾ ਕੁਲਗੜ੍ਹੀ ਅਤੇ ਥਾਣਾ ਮੱਖੂ ਦੀ ਪੁਲਸ ਵੱਲੋਂ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕੁਲਗੜ੍ਹੀ ਦੇ ਹੈੱਡ ਕਾਂਸਟੇਬਲ ਲਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਮੁੱਦਈ ਕਮਲਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਪਿੰਡ ਰੁਕਣਾ ਬੇਗੂ ਨੇ ਦੋਸ਼ ਲਾਉਂਦੇ ਹੋਏ ਦੱਸਿਆ ਹੈ ਕਿ 25 ਮਈ ਨੂੰ ਉਸ ਦਾ ਪਤੀ ਬਲਜਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਆਪਣੇ ਪਿੰਡ ਰੁਕਣਾ ਬੇਗੂ ਵੱਲ ਜਾ ਰਿਹਾ ਸੀ। ਇਸ ਦੌਰਾਨ ਫਿਰੋਜ਼ਪੁਰ-ਫਰੀਦਕੋਟ ਰੋਡ ’ਤੇ ਸਥਿਤ ਦਿੱਲੀ ਪਬਲਿਕ ਸਕੂਲ ਤੋਂ ਅੱਗੇ ਚਰਚ ਦੇ ਨੇੜੇ ਇਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟਰੱਕ ਆਇਆ, ਜਿਸ ਨੇ ਉਸ ਦੇ ਪਤੀ ਦੇ ਮੋਟਰਸਾਈਕਲ ਨਾਲ ਹਾਦਸਾ ਕਰ ਦਿੱਤਾ ਅਤੇ ਇਸ ਹਾਦਸੇ ’ਚ ਉਸ ਦੇ ਪਤੀ ਬਲਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਥਾਣਾ ਕੁਲਗੜ੍ਹੀ ਦੀ ਪੁਲਸ ਵੱਲੋਂ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਮੱਖੂ ਦੇ ਏ. ਐੱਸ. ਆਈ. ਪਰਗਟ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਮਨਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮੱਲਾਂਵਾਲਾ ਰੋਡ ਨੇੜੇ ਬਜਾਜ ਏਜੰਸੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦਾ ਪਿਤਾ ਕਿਰਪਾਲ ਸਿੰਘ ਆਪਣੇ ਮੋਟਰਸਾਈਕਲ ’ਤੇ ਆਪਣੇ ਘਰ ਵੱਲ ਜਾ ਰਿਹਾ ਸੀ ਅਤੇ ਜਦੋਂ ਉਹ ਆਪਣੇ ਘਰ ਵੱਲ ਮੁੜਨ ਲੱਗਾ ਤਾਂ ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਸਕਾਰਪੀਓ ਗੱਡੀ ਆਈ, ਜਿਸ ਨੇ ਉਸ ਦੇ ਪਿਤਾ ਦੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ’ਚ ਉਸ ਦੇ ਪਿਤਾ ਕਿਰਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਨੂੰ ਲੈ ਕੇ ਥਾਣਾ ਮੱਖੂ ਦੀ ਪੁਲਸ ਵੱਲੋਂ ਅਣਪਛਾਤੇ ਸਕਾਰਪੀਓ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
