ਸਹੁਰਿਆਂ ਵਲੋਂ ਕੁੱਟਮਾਰ ਕਾਰਨ ਵਿਅਕਤੀ ਦੀ ਮੌਤ, ਪਰਿਵਾਰ ਨੇ ਕੀਤਾ ਰੋਸ ਪ੍ਰਦਰਸ਼ਨ

Wednesday, Dec 18, 2024 - 11:39 AM (IST)

ਸਹੁਰਿਆਂ ਵਲੋਂ ਕੁੱਟਮਾਰ ਕਾਰਨ ਵਿਅਕਤੀ ਦੀ ਮੌਤ, ਪਰਿਵਾਰ ਨੇ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ (ਸੁਖਵਿੰਦਰ) : ਪਿੰਡ ਭੁੱਚੋ-ਖੁਰਦ ਵਿਖੇ ਸਹੁਰੇ ਪਰਿਵਾਰ ਵੱਲੋਂ ਕੀਤੀ ਕੁੱਟਮਾਰ ਤੋਂ ਬਾਅਦ ਹੋਈ ਪੁੱਤ ਦੀ ਮੌਤ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਬੀ. ਕੇ. ਯੂ. ਏਕਤਾ ਉਗਰਾਹਾਂ ਅਤੇ ਬੀ. ਕੇ. ਯੂ. ਕਾਦੀਆ ਦੀ ਅਗਵਾਈ ਹੇਠ ਥਾਣਾ ਕੈਂਟ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਕਤ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮੌਕੇ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਆਗੂ ਚਰਨ ਸਿੰਘ ਪੱਖੋਕੇ ਨੇ ਦੱਸਿਆ ਕਿ ਪਿੰਡ ਪੱਖੋਕੇ ਦੇ ਰਹਿਣ ਵਾਲੇ ਕੁਲਦੀਪ ਸਿੰਘ ਦਾ ਕਰੀਬ 7 ਸਾਲ ਪਹਿਲਾਂ ਪਿੰਡ ਭੁੱਚੋ-ਖੁਰਦ ਵਿਚ ਵਿਆਹ ਹੋਇਆ ਸੀ। ਕੁਲਦੀਪ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਪਿਛਲੇ ਦਿਨੀਂ ਆਪਣੇ ਬੱਚਿਆਂ ਨਾਲ ਪੇਕੇ ਘਰ ਆਈ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈਣ ਭੁੱਚੋ-ਖੁਰਦ ਆਇਆ ਸੀ, ਜਿੱਥੇ ਉਸ ਦੇ ਸਹੁਰਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਲਾਜ ਦੌਰਾਨ ਕੁਲਦੀਪ ਸਿੰਘ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ 3 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਕਿਸਾਨ ਯੂਨੀਅਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਥਾਣਾ ਕੈਂਟ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ।
 


author

Babita

Content Editor

Related News