ਇੰਗਲੈਂਡ ਤੋਂ ਦੋਸਤ ਕੋਲ ਆਏ ਨੌਜਵਾਨ ਦੀ ਭੇਤਭਰੇ ਹਾਲਾਤ ''ਚ ਮੌਤ

Saturday, Oct 21, 2017 - 04:20 AM (IST)

ਇੰਗਲੈਂਡ ਤੋਂ ਦੋਸਤ ਕੋਲ ਆਏ ਨੌਜਵਾਨ ਦੀ ਭੇਤਭਰੇ ਹਾਲਾਤ ''ਚ ਮੌਤ

ਹਲਵਾਰਾ(ਮਨਦੀਪ ਸਿੰਘ)-ਨੌਜਵਾਨ ਅੰਮ੍ਰਿਤਪਾਲ ਸਿੰਘ ਉਰਫ ਸੁੱਖਾ (35) ਪੁੱਤਰ ਬਲਦੇਵ ਸਿੰਘ ਵਾਸੀ ਤਾਜਪੁਰ ਰੋਡ, ਵਿਸ਼ਵਕਰਮਾ ਨਗਰ, ਲੁਧਿਆਣਾ ਆਪਣੇ ਮਿੱਤਰ ਗੁਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪੱਖੋਵਾਲ ਨੂੰ ਮਿਲਣ ਆਇਆ। ਇਕ ਰਾਤ ਲਈ ਉਸ ਕੋਲ ਰੁਕਿਆ ਜਿੱਥੇ ਉਸਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ । ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਅਤੇ ਜੀਜਾ ਪਰਮਜੀਤ ਸਿੰਘ ਨੇ ਦੱਸਿਆ ਅੰਮ੍ਰਿਤਪਾਲ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਇੰਗਲੈਂਡ ਵਿਖੇ ਆਪਣੀ ਪਤਨੀ ਤੇ ਛੋਟੀ ਬੇਟੀ ਨਾਲ ਪੱਕੇ ਤੌਰ 'ਤੇ ਰਹਿੰਦਾ ਸੀ । ਆਪਣੀ ਭੈਣ ਦਾ ਵਿਆਹ ਕਰਨ ਲਈ 4 ਅਕਤੂਬਰ ਨੂੰ ਆਇਆ ਸੀ। 14 ਅਕਤੂਬਰ ਨੂੰ ਭੈਣ ਦੇ ਵਿਆਹ ਵਿਚ ਸ਼ਾਮਲ ਹੋਇਆ ਸੀ । ਅੰਮ੍ਰਿਤਪਾਲ ਦੀ ਕੱਲ ਵਿਆਹ ਦੀ ਵਰ੍ਹੇਗੰਢ ਸੀ। ਉਹ ਬਿਨਾਂ ਦੱਸੇ ਪੱਖੋਵਾਲ ਆਪਣੇ ਕਿਸੇ ਮਿੱਤਰ ਕੋਲ ਚਲਾ ਗਿਆ, ਜਿਥੇ ਉਹ ਰਾਤ ਰੁਕਿਆ। ਉਸਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਸੀ। ਸਵੇਰ ਸਮੇਂ ਉਸਦਾ ਫੋਨ ਚੱਲਿਆ ਤੇ ਗੱਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਗੁਰਦੀਪ ਸਿੰਘ ਦਾ ਮਾਮਾ ਬੋਲ ਰਿਹਾ ਹੈ ਤੇ ਤੁਹਾਡੇ ਲੜਕੇ ਦੀ ਇਥੇ ਮੌਤ ਹੋ ਗਈ ਹੈ, ਜਿਸ ਸਬੰਧੀ ਥਾਣਾ ਸੁਧਾਰ ਦੀ ਪੁਲਸ ਨੂੰ ਬਿਆਨ ਵੀ ਦਰਜ ਕਰਵਾਇਆ ਗਿਆ ਹੈ । ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਏ. ਐੱਸ. ਆਈ. ਪਰਵਿੰਦਰ ਸਿੰਘ ਕਰ ਰਹੇ ਹਨ । ਜਾਂਚ ਅਧਿਕਾਰੀ ਨੇ ਦੱਸਿਆ ਪਰਮਜੀਤ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ।
ਕੀ ਕਹਿਣਾ ਮੈਡੀਕਲ ਬੋਰਡ ਦੇ ਡਾਕਟਰਾਂ ਦਾ
ਡਾ. ਹਰਪ੍ਰੀਤ ਸਿੰਘ ਤੇ ਡਾ. ਪ੍ਰਤਿਭਾ ਸਾਹੂ, ਡਾ. ਅਭਿਸ਼ੇਕ ਮੰਗਲਾ ਦੇ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ ਹੈ ਤੇ ਵੀਡੀਓਗ੍ਰਾਫੀ ਵੀ ਕੀਤੀ ਗਈ । ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ ਤੇ ਉਸਦਾ ਵਿਸਰਾ ਖਰੜ ਤੇ ਪਟਿਆਲਾ ਦੀ ਲੈਬਾਰੋਟਰੀ ਵਿਖੇ ਜਾਂਚ ਲਈ ਭੇਜ ਦਿੱਤਾ ਹੈ । ਰਿਪੋਰਟ ਤੋਂ ਬਾਅਦ ਮੌਤ ਦੇ ਅਸਲ ਕਾਰਨ ਸਪੱਸ਼ਟ ਹੋਣਗੇ । ਥਾਣਾ ਮੁਖੀ ਨੇ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇ ਫੋਨ ਨੰਬਰ ਦੀ ਡਿਟੇਲ ਲਈ ਜਾ ਰਹੀ ਹੈ ।
ਸਵੇਰ ਨੂੰ ਸੁੱਤਾ ਪਿਆ ਉੱਠਿਆ ਹੀ ਨਹੀਂ : ਦੋਸਤ
ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦੀ ਦੋਸਤੀ ਕਰੀਬ ਤਿੰਨ ਸਾਲ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਰਸਤੇ 'ਚ ਹੋਈ ਸੀ ਤੇ ਅੰਮ੍ਰਿਤਪਾਲ ਸਿੰਘ ਪਹਿਲਾਂ ਵੀ ਉਸ ਨੂੰ ਦੋ ਤਿੰਨ ਵਾਰ ਮਿਲ ਚੁੱਕਿਆ ਹੈ ਤੇ ਵਿਦੇਸ਼ ਤੋਂ ਵੀ ਫੋਨ ਕਰਦਾ ਰਹਿੰਦਾ ਸੀ। ਹੁਣ ਉਹ ਰਾਤ ਰਿਹਾ ਤਾਂ ਉਹ ਉਸ ਲਈ ਇਕ ਓਵਰਕੋਟ ਲੈ ਕੇ ਆਇਆ ਸੀ ਤੇ ਸਵੇਰ ਨੂੰ ਸੁੱਤਾ ਪਿਆ ਉੱਠਿਆ ਹੀ ਨਹੀਂ।


Related News