ਵੇਰਕਾ ਮਿਲਕ ਪਲਾਂਟ ਨੇੜੇ ਵਾਪਰੇ ਭਿਆਨਕ ਹਾਦਸੇ ''ਚ ਕੁੜੀ ਦੀ ਮੌਤ! Birthday ਮਨਾ ਕੇ ਪਰਤ ਰਹੇ ਸੀ ਦੋਸਤ
Monday, Dec 22, 2025 - 07:08 PM (IST)
ਲੁਧਿਆਣਾ (ਰਾਜ)- ਸਥਾਨਕ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਕੋਲ ਐਤਵਾਰ ਸਵੇਰੇ ਲੱਗਭਗ ਢਾਈ ਵਜੇ ਤੇਜ਼ ਰਫਤਾਰ ਇਨੋਵਾ ਅਤੇ ਬਲੈਨੋ ਕਾਰ ਦੀ ਆਹਮੋ-ਸਾਹਮਣੀ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਬਲੈਨੋ ਕਾਰ ’ਚ ਸਵਾਰ ਇਕ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 6 ਲੋਕ ਗੰਭੀਰ ਜ਼ਖਮੀ ਹੋ ਗਏ। ਉੱਥੇ ਹੀ ਇਨੋਵਾ ਕਾਰ ਚਾਲਕ ਵੀ ਇਸ ਹਾਦਸੇ ’ਚ ਜ਼ਖ਼ਮੀ ਹੋ ਗਿਆ।
ਰਾਹਗੀਰਾਂ ਨੇ ਜ਼ਖਮੀਆਂ ਨੂੰ ਕਾਰਾਂ ’ਚੋਂ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਮ੍ਰਿਤਕਾ ਦੀ ਪਛਾਣ ਰਾਸ਼ੀ ਸੇਠੀ ਦੇ ਰੂਪ ’ਚ ਹੋਈ ਹੈ। ਜ਼ਖਮੀਆਂ ’ਚ ਪੂਰਵੀ, ਸੁਹਾਨੀ, ਨਵਿਆ, ਸਾਤਵਕਿ ਅਤੇ ਦੇਵ ਮਲਹੋਤਰਾ ਸ਼ਾਮਲ ਹਨ, ਜਦਕਿ ਇਨੋਵਾ ਕਾਰ ਚਾਲਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਉਧਰ ਜ਼ਖਮੀਆਂ ਦੇ ਰਿਸ਼ਤੇਦਾਰ ਵੀ ਹਸਪਤਾਲ ਪੁੱਜ ਗਏ ਹਨ, ਜਿਨ੍ਹਾਂ ਨੇ ਫਿਲਹਾਲ ਪੁਲਸ ਕਾਰਵਾਈ ਤੋਂ ਇਨਕਾਰ ਕੀਤਾ ਹੈ, ਜਦਕਿ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਜਾਣਕਾਰੀ ਮੁਤਾਬਕ ਸੁਹਾਨੀ ਦਾ ਜਨਮ ਦਿਨ ਸੀ ਅਤੇ ਸਾਰੇ ਦੋਸਤ ਮਿਲ ਕੇ ਜਨਮ ਦਿਨ ਮਨਾਉਣ ਗਏ ਸਨ। ਬਲੈਨੋ ਕਾਰ ਦੇਵ ਮਲਹੋਤਰਾ ਦੀ ਸੀ, ਜਿਸ ਨੂੰ ਉਹ ਚਲਾ ਰਿਹਾ ਸੀ। ਅਗਲੀ ਸੀਟ ’ਤੇ ਸਾਤਵਕਿ ਬੈਠਾ ਸੀ, ਜਦਕਿ ਪਿੱਛੇ 4 ਲੜਕੀਆਂ ਬੈਠੀਆਂ ਸਨ। ਜਨਮਦਿਨ ਮਨਾਉਣ ਤੋਂ ਬਾਅਦ ਸਾਰੇ ਸਵੇਰੇ ਘਰ ਮੁੜ ਰਹੇ ਸਨ ਕਿ ਵੇਰਕਾ ਮਿਲਕ ਪਲਾਂਟ ਕੋਲ ਤੇਜ਼ ਰਫਤਾਰ ਇਨੋਵਾ ਨਾਲ ਉਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਹੋ ਗਈ। ਸੂਚਨਾ ਮਿਲਦੇ ਸਾਰ ਹੀ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
