ਕਾਰੋਬਾਰ ’ਚ ਪਾਰਟਨਰਸ਼ਿਪ ਖ਼ਤਮ ਹੋਣ ਤੋਂ ਬਾਅਦ ਗੁੱਸੇ ’ਚ ਆਏ ਬੋਲੈਰੋ ਚਾਲਕ ਨੇ ਵਿਅਕਤੀ ਨੂੰ ਦਰੜਿਆ, ਮੌਤ
Saturday, Dec 27, 2025 - 06:42 PM (IST)
ਲੁਧਿਆਣਾ (ਗੌਤਮ) : ਜਦੋਂ ਪਾਰਟਨਰਸ਼ਿਪ ਖਤਮ ਹੋਣ ਤੋਂ ਬਾਅਦ ਇਕ ਬੋਲੈਰੋ ਡਰਾਈਵਰ ਨੂੰ ਸਾਮਾਨ ਢੋਣ ਵੇਲੇ ਰੋਕਿਆ ਗਿਆ ਤਾਂ ਗੁੱਸੇ ’ਚ ਆਏ ਬੋਲੈਰੋ ਡਰਾਈਵਰ ਨੇ ਇ ਕ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੋਲੈਰੋ ਡਰਾਈਵਰ ਮੌਕੇ ਤੋਂ ਭੱਜ ਗਿਆ। ਸੂਚਨਾ ਮਿਲਣ ’ਤੇ ਸਦਰ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੇ ਮ੍ਰਿਤਕ ਦੀ ਪਛਾਣ ਕੈਲਾਸ਼ ਪਟੇਲ ਵਜੋਂ ਕੀਤੀ ਹੈ। ਧਾਂਦਰਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਲਕਸ਼ਮਣ ਕੁਮਾਰ ਦੇ ਬਿਆਨ ’ਤੇ ਪੁਲਸ ਨੇ ਸਨਰਾਈਜ਼ ਕਾਲੋਨੀ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਲਕਸ਼ਮਣ ਕੁਮਾਰ ਨੇ ਦੱਸਿਆ ਕਿ ਉਸ ਦੀ ਮੁਲਜ਼ਮ ਨਾਲ ਸਾਂਝਾ ਵਪਾਰਕ ਕਾਰੋਬਾਰ ਸੀ। ਪਾਟਨਰਸ਼ਿਪ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਾਮਾਨ ਦੇ ਨਾਲ ਉਨ੍ਹਾਂ ਦਾ ਸਾਮਾਨ ਵੀ ਲਿਜਾ ਰਿਹਾ ਸੀ। ਉਹ ਅਤੇ ਉਸ ਦਾ ਪਿਤਾ ਸੜਕ ’ਤੇ ਖੜ੍ਹੇ ਸਨ। ਜਦੋਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਗੋਦਾਮ ਤੋਂ ਆਪਣੀ ਬੋਲੈਰੋ ’ਚ ਸਾਮਾਨ ਲੋਡ ਕਰ ਰਿਹਾ ਹੈ। ਜਦੋਂ ਉਨ੍ਹਾਂ ਉਥੇ ਪਹੁੰਚ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਉਸ ਦੇ ਪਿਤਾ ਨੂੰ ਕੁਚਲ ਦਿੱਤਾ ਅਤੇ ਮੌਕੇ ਤੋਂ ਭੱਜ ਗਿਆ। ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਬ-ਇੰਸਪੈਕਟਰ ਧਰਮਿੰਦਰ ਸਿੰਘ ਨੇ ਕਿਹਾ ਕਿ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ।
