ਚੱਕ ਸ਼ੇਰੇਵਾਲਾ ਦੇ ਨੌਜਵਾਨ ਦੀ ਚੌਥੇ ਦਿਨ ਨਹਿਰ ''ਚੋਂ ਲਾਸ਼ ਬਰਾਮਦ
Sunday, Mar 04, 2018 - 08:24 AM (IST)

ਮੰਡੀ ਲੱਖੇਵਾਲੀ (ਸੁਖਪਾਲ) - ਪਿੰਡ ਚੱਕ ਸ਼ੇਰੇਵਾਲਾ ਦੇ ਨੌਜਵਾਨ ਯਾਦਵਿੰਦਰ ਸਿੰਘ ਉੁਰਫ਼ ਯਾਦੂ ਪੁੱਤਰ ਬਲਵਿੰਦਰ ਸਿੰਘ ਦੀ ਲਾਸ਼ ਚਾਰ ਦਿਨਾਂ ਬਾਅਦ ਨਹਿਰ 'ਚੋਂ ਮਿਲ ਗਈ ਹੈ। ਥਾਣਾ ਲੱਖੇਵਾਲੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਮ੍ਰਿਤਕ ਨੌਜਵਾਨ ਯਾਦਵਿੰਦਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 27 ਫਰਵਰੀ ਨੂੰ ਮੇਰੇ ਲੜਕੇ ਨੂੰ ਮਨਜੀਤ ਸਿੰਘ ਉਰਫ਼ ਲੱਖੀ ਪੁੱਤਰ ਤਾਰਾ ਸਿੰਘ ਘਰੋਂ ਬੁਲਾ ਕੇ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਅਰਨੀਵਾਲਾ ਮਾਈਨਰ ਖੂੰਨਣ ਕਲਾਂ ਵੱਲ ਲੈ ਗਿਆ ਅਤੇ ਉਸ ਨਾਲ ਇਕ ਹੋਰ ਵਿਅਕਤੀ ਵੀ ਸੀ। ਇਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਬਾਅਦ ਵਿਚ ਸਾਨੂੰ ਪਤਾ ਲੱਗਾ ਹੈ ਕਿ ਸਾਡਾ ਲੜਕਾ ਨਹਿਰ ਵਿਚ ਡੁੱਬ ਗਿਆ ਹੈ। ਸਾਨੂੰ ਸ਼ੱਕ ਹੈ ਕਿ ਮਨਜੀਤ ਸਿੰਘ ਅਤੇ ਉਸ ਦੇ ਨਾਲ ਵਾਲੇ ਲੜਕੇ ਨੇ ਉਸ ਨੂੰ ਜਬਰੀ ਨਹਿਰ ਵਿਚ ਧੱਕਾ ਦੇ ਕੇ ਸੁੱਟ ਕੇ ਮਾਰ ਦਿੱਤਾ ਹੈ। ਤਿੰਨ ਦਿਨ ਤੱਕ ਉਹ ਅਰਨੀਵਾਲਾ ਮਾਈਨਰ 'ਚੋਂ ਲਾਸ਼ ਨੂੰ ਭਾਲਦੇ ਰਹੇ ਪਰ ਅਖੀਰ ਚੌਥੇ ਦਿਨ ਖੂੰਨਣ ਕਲਾਂ ਨੇੜੇ ਰੇਸ਼ਮ ਸਿੰਘ ਢਾਣੀ ਨਜ਼ਦੀਕ ਲਾਸ਼ ਮਿਲੀ ਹੈ। ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਨਜੀਤ ਸਿੰਘ ਇਕ ਨਾ-ਮਾਲੂਮ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।