ਲਾਪਤਾ ਵਿਦਿਆਰਥੀ ਦੀ ਲਾਸ਼ ਨਹਿਰ ''ਚੋਂ ਮਿਲੀ
Saturday, Feb 24, 2018 - 04:54 AM (IST)

ਨਥਾਣਾ(ਬੱਜੋਆਣੀਆਂ)-ਪਿਛਲੇ ਕਈ ਦਿਨਾਂ ਤੋਂ ਲਾਪਤਾ ਹੋਏ ਸਕੂਲੀ ਵਿਦਿਆਰਥੀ ਗੁਰਪ੍ਰੀਤ ਸਿੰਘ ਦੀ ਲਾਸ਼ ਅੱਜ ਬਠਿੰਡਾ ਦੀ ਸਰਹੰਦ ਨਹਿਰ ਵਿਚੋਂ ਪਿੰਡ ਪੂਹਲਾ ਨੇੜਿਓਂ ਮਿਲ ਗਈ ਹੈ। ਪਰਿਵਾਰ ਵਾਲੇ ਗੋਤਾਖੋਰਾਂ ਦੀ ਮਦਦ ਨਾਲ ਪਿਛਲੇ ਕਈ ਦਿਨਾਂ ਤੋਂ ਨਹਿਰ ਵਿਚ ਲਾਸ਼ ਦੀ ਭਾਲ ਕਰਨ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਤਕਰੀਬਨ ਇਕ ਹਫਤਾ ਪਹਿਲਾਂ ਫੂਲ ਟਾਊਨ ਦੇ ਮਨਪ੍ਰੀਤ ਸਿੰਘ ਉਰਫ ਮਨੀ ਜੋ ਭਗੌੜਾ ਫੌਜੀ ਹੈ, ਨੇ 15 ਸਾਲਾ ਗੁਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਪਿੱਛੋਂ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਮਨਪ੍ਰੀਤ ਸਿੰਘ ਉਰਫ ਮਨੀ ਦੀ ਨਿਸ਼ਾਨਦੇਹੀ 'ਤੇ ਇਸ ਕਤਲ ਲਈ ਵਰਤੀ ਗਈ ਰਾਈਫਲ ਉਸ ਦੇ ਘਰੋਂ ਬਰਾਮਦ ਕਰ ਲਈ ਸੀ ਅਤੇ ਨਾਲ ਹੀ ਦੋ ਚੱਲੇ ਹੋਏ ਤੇ ਤਿੰਨ ਅਣਚੱਲੇ ਕਾਰਤੂਸ ਵੀ ਬਰਾਮਦ ਹੋਏ ਸਨ। ਕੱਲ ਨਹਿਰ ਵਿਚੋਂ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਬੈਗ ਮਿਲ ਗਿਆ ਸੀ। ਇਸ ਪਿੱਛੋਂ ਭਾਲ ਦੀ ਰਫਤਾਰ ਨੂੰ ਤੇਜ਼ ਕੀਤਾ ਗਿਆ। ਮ੍ਰਿਤਕ ਵਿਦਿਆਰਥੀ ਦੀ ਭਗੌੜੇ ਫੌਜੀ ਮਨਪ੍ਰੀਤ ਸਿੰਘ ਮਨੀ ਨਾਲ ਚੰਗੀ ਦੋਸਤੀ ਸੀ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਦਾ ਕਥਿਤ ਕਤਲ ਉਸ ਹੀ ਰਾਈਫਲ ਨਾਲ ਕੀਤਾ ਗਿਆ, ਜਿਸ ਨੂੰ ਉੁਹ ਮਨਪ੍ਰੀਤ ਸਿੰਘ ਦੇ ਕਹਿਣ 'ਤੇ ਆਪਣੇ ਘਰੋਂ ਲੈ ਕੇ ਆਇਆ ਸੀ। ਗੁਰਪ੍ਰੀਤ ਸਿੰਘ ਪਿੰਡ ਮੰਡੀ ਕਲਾਂ ਦੇ ਕਿਸਾਨ ਕੁਲਵਿੰਦਰ ਸਿੰਘ ਦਾ ਇਕਲੌਤਾ ਪੁੱਤਰ ਸੀ। ਲਾਸ਼ ਮਿਲਣ ਪਿੱਛੋਂ ਪਿੰਡ ਸਮੇਤ ਸਮੁੱਚੇ ਇਲਾਕੇ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਇਸ ਗੱਲ ਦੀ ਜਾਂਚ ਵਿਚ ਜੁਟ ਗਈ ਹੈ ਕਿ ਨੌਵੀਂ ਜਮਾਤ ਵਿਚ ਪੜ੍ਹਦੇ ਗੁਰਪ੍ਰੀਤ ਸਿੰਘ ਦਾ ਭਗੌੜੇ ਫੌਜੀ ਮਨਪ੍ਰੀਤ ਸਿੰਘ ਨਾਲ ਸਬੰਧ ਕਿਵੇਂ ਬਣਿਆ ਅਤੇ ਕਿਸ ਵਜ੍ਹਾ ਕਰਕੇ ਉਸ ਦਾ ਕਤਲ ਕੀਤਾ ਗਿਆ। ਪੁਲਸ ਨੇ ਲਾਸ਼ ਨੂੰ ਬਰਾਮਦ ਕਰਨ ਪਿੱਛੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ।