ਪੰਜਾਬ 'ਚ NRI ਮਹਿਲਾ ਦਾ ਕਤਲ! Hotel Room 'ਚੋਂ ਮਿਲੀ ਲਾਸ਼, ਆਸਟ੍ਰੇਲੀਆ 'ਚ ਰਹਿੰਦੀ ਸੀ ਪ੍ਰਭਜੋਤ ਕੌਰ

Monday, Jan 12, 2026 - 05:19 PM (IST)

ਪੰਜਾਬ 'ਚ NRI ਮਹਿਲਾ ਦਾ ਕਤਲ! Hotel Room 'ਚੋਂ ਮਿਲੀ ਲਾਸ਼, ਆਸਟ੍ਰੇਲੀਆ 'ਚ ਰਹਿੰਦੀ ਸੀ ਪ੍ਰਭਜੋਤ ਕੌਰ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਕੋਰਟ ਰੋਡ 'ਤੇ ਸਥਿਤ ਇਕ ਹੋਟਲ 'ਚ NRI ਮਹਿਲਾ ਦਾ ਕਤਲ ਹੋ ਗਿਆ ਹੈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਵਜੋਂ ਹੋਈ ਹੈ, ਜੋ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਵੜੈਚ ਦੀ ਰਹਿਣ ਵਾਲੀ ਸੀ ਤੇ ਕੁਝ ਦਿਨ ਪਹਿਲਾਂ ਹੀ ਕਿਸੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਤੋਂ ਪਰਤੀ ਸੀ। ਪੁਲਸ ਅਨੁਸਾਰ, ਘਟਨਾ ਤੋਂ ਬਾਅਦ ਮਹਿਲਾ ਦਾ ਪਤੀ ਮਨਦੀਪ ਸਿੰਘ ਢਿੱਲੋਂ ਫਰਾਰ ਹੈ, ਜਿਸ 'ਤੇ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕਾ ਅਤੇ ਉਸ ਦਾ ਪਤੀ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਸਨ ਅਤੇ ਹਾਲ ਹੀ ਵਿਚ ਇਕ ਪਰਿਵਾਰਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਮ੍ਰਿਤਕਾ ਦੇ ਭਰਾ ਲਵਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਭਜੋਤ ਦਾ ਵਿਆਹ ਸੱਤ ਸਾਲ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਮਨਦੀਪ ਸਿੰਘ ਢਿੱਲੋਂ ਨਾਲ ਹੋਇਆ ਸੀ। ਵਿਆਹ ਦੇ ਸ਼ੁਰੂਆਤੀ ਸਾਲਾਂ ਵਿਚ ਸਭ ਕੁਝ ਠੀਕ ਰਿਹਾ, ਪਰ ਬਾਅਦ ਵਿਚ ਪਤੀ ਦੀ ਸ਼ੱਕੀ ਬਿਰਤੀ ਕਾਰਨ ਦੋਵਾਂ ਵਿਚਕਾਰ ਘਰੇਲੂ ਝਗੜੇ ਵਧਣ ਲੱਗੇ ਸਨ। ਮ੍ਰਿਤਕਾ ਦੇ ਪਿਤਾ ਮੱਖਣ ਸਿੰਘ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪਰਿਵਾਰ ਇਸ ਦਰਦਨਾਕ ਹਾਦਸੇ ਕਾਰਨ ਸਦਮੇ ਵਿਚ ਹੈ। ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਸ ਜੋੜੇ ਦਾ 6-7 ਮਹੀਨਿਆਂ ਦਾ ਇੱਕ ਛੋਟਾ ਬੱਚਾ ਹੈ, ਜੋ ਹੁਣ ਆਪਣੇ ਮਾਤਾ-ਪਿਤਾ ਦੇ ਪਿਆਰ ਤੋਂ ਵਾਂਝਾ ਹੋ ਗਿਆ ਹੈ। 

ਏ.ਸੀ.ਪੀ. ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਕੰਟਰੋਲ ਰੂਮ (112) ਨੂੰ ਦੁਪਹਿਰ ਕਰੀਬ 1:30 ਵਜੇ ਹੋਟਲ ਵਿਚ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ, ਜਿਸ ਵਿਚ ਸਾਹਮਣੇ ਆਇਆ ਕਿ ਪਤੀ-ਪਤਨੀ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 


author

Anmol Tagra

Content Editor

Related News