ਜਾਨ ਦਾ ਖੌਅ ਬਣਿਆ ਲਸਾੜਾ ਡਰੇਨ ਰੋਡਾ ਪੁਲ

05/26/2018 7:28:34 AM

ਸੰਦੌਡ਼  (ਰਿਖੀ)– ਪਿੰਡ ਪੰਜਗਰਾਈਆਂ ਦੇ ਵਿਚਕਾਰੋਂ ਲੰਘਦੀ ਲਸਾਡ਼ਾ ਡਰੇਨ ਦਾ ਪੁਲ ਲੋਕਾਂ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ। ਕਰੀਬ 50 ਸਾਲ ਪਹਿਲਾਂ ਬਣੇ ਇਸ ਪੁਲ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਹ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲ ’ਤੇ ਰੇਲਿੰਗ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ, ਜਿਸ ਕਾਰਨ ਰਾਤ ਸਮੇਂ ਹਾਦਸਿਅਾਂ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ। ਮੀਂਹ ਦੇ ਦਿਨਾਂ ’ਚ ਪਾਣੀ ਓਵਰਲੋਡ ਹੋ ਕੇ ਪੁਲ ਦੇ ਉੱਪਰ ਦੀ ਲੰਘਣ ਲੱਗ ਪੈਂਦਾ ਹੈ ਅਤੇ ਅਜਿਹੇ ਮੌਕੇ ਲੋਕਾਂ  ਨੂੰ 2 ਪਿੰਡ ਘੁੰਮ  ਕੇ  ਜਾਣਾ  ਪੈਂਦਾ  ਹੈ। ਪਿੰਡ ਪੰਜਗਰਾਈਆਂ ਨੂੰ ਪਿੰਡ ਗੁਰਬਖਸ਼ਪੁਰਾ  ਨਾਲ ਜੋਡ਼ਨ ਵਾਲਾ ਇਹ ਪੁਲ ਇੰਨਾ ਤੰਗ ਅਤੇ ਨੀਵਾਂ ਹੈ ਕਿ ਇਸ ਤੋਂ ਦੋ ਗੱਡੀਆਂ ਤਾਂ ਕੀ ਇਕ ਗੱਡੀ ਵੀ ਮੁਸ਼ਕਲ ਨਾਲ ਲੰਘਦੀ ਹੈ। ਇਲਾਕੇ ਦੇ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਪੁਲ ਦਾ ਨਵ-ਨਿਰਮਾਣ ਕਰਵਾ ਕੇ ਲੋਕ ਸਮੱਸਿਆ ਦਾ ਹੱਲ ਕੀਤਾ ਜਾਵੇ।
ਰੋਜ਼ਾਨਾ ਲੰਘਦੀਅਾਂ ਨੇ ਦਰਜਨ  ਸਕੂਲੀ ਬੱਸਾਂ : ਲੋਕਾਂ ਦੇ ਦੱਸਣ ਮੁਤਾਬਕ ਇਸ ਪੁਲ ਤੋਂ  ਦਰਜਨ ਦੇ ਕਰੀਬ ਸਕੂਲੀ ਬੱਸਾਂ ਰੋਜ਼ਾਨਾ ਵਿਦਿਆਰਥੀਆਂ ਨੂੰ ਲੈ ਕੇ ਆਉਂਦੀਆਂ-ਜਾਂਦੀਆਂ ਹਨ, ਜਿਨ੍ਹਾਂ ਨਾਲ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ। ਇਸ ਲਈ ਇਹ ਪੁਲ ਜਲਦੀ ਬਣਾਉਣਾ ਚਾਹੀਦਾ ਹੈ।
ਟੈਂਪੂ ਡਿੱਗ ਚੁੱਕਿਐ ਡਰੇਨ ’ਚ
ਇਸ ਪੁਲ ਦੀ ਜਿੱਥੇ ਹਾਲਤ  ਬਹੁਤ ਖਸਤਾ ਹੈ, ਉੱਥੇ ਇਸ ’ਤੇ ਰੇਲਿੰਗ ਵੀ ਨਹੀਂ ਹੈ, ਜਿਸ ਕਾਰਨ ਰਾਤ ਮੌਕੇ ਜਾਂ ਥੋੜ੍ਹੀ ਜਿਹੀ ਬੇਧਿਆਨੀ ਨਾਲ ਕੋਈ ਵੀ ਵਾਹਨ ਪੁਲ ਤੋਂ ਹੇਠਾਂ ਡਿੱਗ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਕੁਝ ਸਮਾਂ ਪਹਿਲਾਂ ਹੋ ਚੁੱਕਿਆ ਹੈ ਜਦੋਂ ਇਕ ਟੈਂਪੂ ਪੁਲ ਪਾਰ ਕਰਦਾ ਹੋਇਆ ਅਚਾਨਕ ਡਰੇਨ ਵਿਚ ਜਾ  ਡਿੱਗਿਆ  ਸੀ, ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਮਾਲੀ ਨੁਕਸਾਨ ਹੋ ਗਿਆ। 
ਕੀ ਕਹਿੰਦੇ ਨੇ  ਜੇ. ਈ. 
ਇਸ ਸਬੰਧੀ ਜਦੋਂ ਸਬੰਧਤ ਜੇ. ਈ. ਸੁਖਬੀਰ ਸਿੰਂਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੁਲ ਪਹਿਲਾਂ ਮਾਰਕੀਟ ਕਮੇਟੀ ਅਧੀਨ ਮੰਡੀ ਬੋਰਡ ਕੋਲ ਸੀ ਅਤੇ ਹੁਣੇ ਹੀ ਸਾਡੇ ਕੋਲ ਆਇਆ ਹੈ। ਅਸੀਂ ਜਿਹਡ਼ੇ ਪੁਲ ਬਣਨ ਵਾਲੇ ਸੀ, ਉਨ੍ਹਾਂ ਦੀ ਲਿਸਟ ਇਧਰ ਸ਼ਿਫਟਿੰਗ ਤੋਂ ਪਹਿਲਾਂ ਹੀ ਭੇਜ ਚੁੱਕੇ ਹਾਂ ਦੁਬਾਰਾ ਕੋਈ ਸਕੀਮ ਆਈ ਤਾਂ ਇਸ ਪੁਲ ਦੇ ਬਣਾਉਣ ਲਈ ਪ੍ਰਪੋਜ਼ਲ ਭੇਜੀ ਜਾਵੇਗੀ।
 ਕੀ ਕਹਿੰਦੇ ਨੇ ਐਕਸੀਅਨ 
ਇਸ ਸਬੰੰਧੀ ਜਦੋਂ ਐਕਸੀਅਨ ਮਾਲੇਰਕੋਟਲਾ ਜਗਦੀਪ ਸਿੰਘ ਤੁੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪੁਲ ਬਾਰੇ ਉਹ ਜਲਦ ਹੀ ਰਿਪੋਰਟ ਲੈਣਗੇ ਅਤੇ ਬਣਦਾ ਹੱਲ ਕਰਨਗੇ।


Related News