ਗਰਮੀ ਨੇ ਲੈ ਲਈ 22 ਲੋਕਾਂ ਦੀ ਜਾਨ, ਹੀਟ ਸਟ੍ਰੋਕ ਕਾਰਨ ਮੌਤ ਦਾ ਖ਼ਦਸ਼ਾ
Wednesday, Jun 19, 2024 - 06:28 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ ਸਮੇਤ ਐੱਨ.ਸੀ.ਆਰ. 'ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਨੋਇਡਾ ਤੋਂ ਬਾਅਦ ਦਿੱਲੀ 'ਚ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਨੋਇਡਾ 'ਚ ਗਰਮੀ ਕਾਰਨ 9 ਲੋਕਾਂ ਦੀ ਜਾਨ ਚਲੀ ਗਈ। ਦਿੱਲੀ 'ਚ ਬੁੱਧਵਾਰ ਨੂੰ 12 ਸਾਲਾਂ ਦੀ ਸਭ ਤੋਂ ਗਰਮ ਰਾਤ ਰਹੀ ਅਤੇ ਘੱਟੋ-ਘੱਟ ਤਾਪਮਾਨ 35.2 ਸੈਲਸੀਅਸ ਦਰਜ ਕੀਤਾ ਗਿਆ।
ਨੋਇਡਾ 'ਚ ਗਰਮੀ ਕਾਰਨ 9 ਲੋਕਾਂ ਦੀ ਮੌਤ
ਜ਼ਿਲ੍ਹੇ 'ਚ ਵੱਖ-ਵੱਖ ਸਥਾਨਾਂ 'ਤੇ 9 ਲੋਕਾਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਇਨ੍ਹਾਂ 'ਚੋਂ 5 ਲਾਸ਼ਾਂ ਦੀ ਪਛਾਣ ਵੀ ਨਹੀਂ ਹੋ ਸਕੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਭਿਆਨਕ ਗਰਮੀ ਅਤੇ 'ਲੂ' ਕਾਰਨ ਇਨ੍ਹਾਂ ਲੋਕਾਂ ਨੇ ਦਮ ਤੋੜਿਆ ਹੈ। ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਨਹੀਂ ਮਿਲੇ। ਸੰਬੰਧਿਤ ਕੋਤਵਾਲੀ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਚੱਲੇਗਾ।
ਪੁਲਸ ਮੁਤਾਬਕ, ਮੰਗਲਵਾਰ ਨੂੰ ਸੈਕਟਰ-125 ਸਥਿਤ ਨਿੱਜੀ ਯੂਨੀਵਰਸਿਟੀ ਦੇ ਗੇਟ ਨੰਬਰ 5 ਦੇ ਨੇੜੇ ਕੂੜਾ ਇਕੱਠਾ ਕਰਨ ਵਾਲੇ ਨੌਜਵਾਨ ਦੀ ਲਾਸ਼ ਮਿਲੀ। ਉਸ ਦੀ ਪਛਾਣ ਨਹੀਂ ਹੋ ਸਕੀ। ਸਕੈਟਰ ਇਕ ਸਥਿਤ ਟਕਸਾਲ ਦੇ ਨੇੜੇ ਸ਼ਾਮ ਨੂੰ ਕਰੀਬ 60 ਸਾਲਾ ਬਜ਼ੁਰਗ ਦੀ ਲਾਸ਼ ਬਰਾਮਦ ਹੋਈ। ਆਲੇ-ਦੁਆਲੇ ਦੇ ਲੋਕਾਂ ਨੇ ਬਜ਼ੁਰਗ ਦੀ ਮੌਤ ਭਿਆਨਕ ਗਰਮੀ ਕਾਰਨ ਹੋਣ ਦਾ ਖਦਸ਼ਾ ਜਤਾਇਆ।
ਦਿੱਲੀ 'ਚ ਕਹਿਰ ਦੀ ਗਰਮੀ ਕਾਰਨ 33 ਮੌਤਾਂ
ਬੀਤੇ ਮੰਗਲਵਾਰ ਨੂੰ ਗਰਮੀ ਕਾਰਨ 33 ਲੋਕਾਂ ਦੀ ਮੌਤ ਹੋਈ। ਪੁਲਸ ਕੋਲ ਅਜੇ 5 ਜ਼ਿਲ੍ਹਿਆਂ ਦਾ ਡਾਟਾ ਨਹੀਂ ਹੈ। ਡਿਪਟੀ ਕਮਿਸ਼ਨਰ ਆਫ ਪੁਲਸ ਦਾ ਕਹਿਣਾ ਹੈ ਕਿ ਇਹ ਜ਼ਿਆਦਾਤਰ ਫੁੱਟਪਾਥਾਂ ਅਤੇ ਰੈਣ ਬਸੇਰਿਆਂ 'ਚ ਰਹਿਣ ਵਾਲੇ ਲੋਕ ਸਨ। ਸ਼ੁਰੂਆਤੀ ਜਾਂਚ 'ਚ ਪੁਲਸ ਇਨ੍ਹਾਂ ਦੀ ਮੌਤ ਦਾ ਕਾਰਨ ਗਰਮੀ ਹੀ ਮੰਨ ਰਹੀ ਹੈ। ਹਾਲਾਂਕਿ ਇਹ ਵੀ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤਸਵੀਰ ਹੋਰ ਸਪਸ਼ਟ ਹੋ ਜਾਵੇਗੀ। ਓਧਰ, ਦਿੱਲੀ ਦੇ 38 ਹਸਪਤਾਲਾਂ 'ਚ ਹਰ ਰੋਜ਼ ਬੇਹੋਸ਼ੀ, ਉਲਟੀ ਅਤੇ ਚੱਕਰ ਆਉਣ ਦੇ 100 ਤੋਂ ਜ਼ਿਆਦਾ ਮਰੀਜ਼ ਪਹੁੰਚ ਰਹੇ ਹਨ।