ਬਣਨ ਤੋਂ ਪਹਿਲਾਂ ਹੀ ਟੁੱਟ ਰਹੇ ਪੁਲ ਅਤੇ ਮੀਂਹ ’ਚ ਰੁੜ੍ਹ ਰਹੀਆਂ ਸੜਕਾਂ
Tuesday, Jun 25, 2024 - 02:22 AM (IST)
ਦੇਸ਼ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਇਸ ਸਬੰਧ ’ਚ ਸਖ਼ਤ ਕਾਰਵਾਈ ਕਰਨ ਦੇ ਦਾਅਵਿਆਂ ਦੇ ਬਾਵਜੂਦ ਇਹ ਬੁਰਾਈ ਰੁਕਣ ’ਚ ਨਹੀਂ ਆ ਰਹੀ। ਹਾਲਤ ਇਹ ਹੈ ਕਿ ਕਿਤੇ ਬਣਨ ਦੌਰਾਨ ਤਾਂ ਕਿਤੇ ਬਣਨ ਤੋਂ ਕੁਝ ਹੀ ਸਮੇਂ ਅੰਦਰ ਪੁਲ ਅਤੇ ਸੜਕਾਂ ਟੁੱਟਣ ਨਾਲ ਜਨਤਕ ਧਨ ਦੀ ਬਰਬਾਦੀ ਹੋ ਰਹੀ ਹੈ, ਜੋ ਇਸ ਸਾਲ ਸਾਹਮਣੇ ਆਉਣ ਵਾਲੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 23 ਮਾਰਚ, 2024 ਨੂੰ ਬਿਹਾਰ ’ਚ ‘ਮਧੂਬਨੀ’ ਅਤੇ ‘ਸੁਪੌਲ’ ਦਰਮਿਆਨ ਕੋਸੀ ਨਦੀ ’ਤੇ ਲਗਭਗ 1200 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਡਿੱਗ ਜਾਣ ਦੇ ਸਿੱਟੇ ਵਜੋਂ ਇਕ ਮਜ਼ਦੂਰ ਦੀ ਮੌਤ ਹੋ ਗਈ। ਇਹ ਦੇਸ਼ ਦਾ ਸਭ ਤੋਂ ਲੰਬਾ ਪੁਲ ਦੱਸਿਆ ਜਾਂਦਾ ਹੈ।
* 30 ਮਾਰਚ, 2024 ਨੂੰ ਉੱਤਰ ਪ੍ਰਦੇਸ਼ ’ਚ ਬੁਲੰਦਸ਼ਹਿਰ ਅਤੇ ਅਮਰੋਹਾ ਨੂੰ ਜੋੜਣ ਲਈ ਊਂਚਾ ਪਿੰਡ ’ਚ ਗੰਗਾ ਨਦੀ ’ਤੇ 2021 ਤੋਂ ਉਸਾਰੀ ਅਧੀਨ ਪੁਲ ਦੇ 2 ਬੀਮ ਡਿੱਗ ਗਏ, ਜਦੋਂ ਕਿ ਤੀਜਾ ਨੁਕਸਾਨਿਆ ਗਿਆ।
* 24 ਅਪ੍ਰੈਲ, 2024 ਨੂੰ ਤੇਲੰਗਾਨਾ ਦੇ ‘ਜਯਾਸ਼ੰਕਰ ਭੁਪਾਲਪੱਲੀ’ ਜ਼ਿਲੇ ’ਚ 49 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਅਤੇ ਪਿਛਲੇ 9 ਸਾਲ ਤੋਂ ਬਣਾਇਆ ਜਾ ਰਿਹਾ ਪੁਲ ਡਿੱਗ ਕੇ ਨੁਕਸਾਨਿਆ ਗਿਆ।
* 18 ਜੂਨ, 2024 ਨੂੰ ਬਿਹਾਰ ਦੇ ‘ਅਰਰੀਆ’ ਜ਼ਿਲੇ ’ਚ ‘ਬਕਰਾ ਨਦੀ’ ’ਤੇ 12 ਕਰੋੜ ਰੁਪਏ ਦੀ ਲਾਗਤ ਨਾਲ ‘ਕੁਰਮਾ ਕਾਂਟਾ’ ਅਤੇ ‘ਸਿਕਟਾ’ ਖੇਤਰਾਂ ਨੂੰ ਆਪਸ ’ਚ ਜੋੜਣ ਵਾਲੇ ਨਵੇਂ ਬਣੇ ਪੁਲ ਦਾ ਇਕ ਹਿੱਸਾ ਆਵਾਜਾਈ ਲਈ ਖੋਲ੍ਹੇ ਜਾਣ ਤੋਂ ਪਹਿਲਾਂ ਹੀ ਡਿੱਗ ਗਿਆ।
* 21 ਜੂਨ, 2024 ਨੂੰ ਮੁੰਬਈ ’ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਬਣੇ ਭਾਰਤ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ‘ਅਟਲ ਸੇਤੂ’ ਦੀ ਉਸਾਰੀ ਦੀ ਗੁਣਵੱਤਾ ’ਤੇ ਸਵਾਲ ਉਠਾਉਂਦੇ ਹੋਏ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ‘ਅਟਲ ਸੇਤੂ ’ ਦੀ ਸੜਕ ’ਚ 3 ਮਹੀਨਿਆਂ ਅੰਦਰ ਹੀ ਤਰੇੜਾਂ ਪੈ ਗਈਆਂ ਹਨ ਅਤੇ ਇਕ ਹਿੱਸੇ ’ਚ ਅੱਧਾ ਕਿਲੋਮੀਟਰ ਤੱਕ ਸੜਕ ਇਕ ਫੁੱਟ ਧੱਸ ਗਈ ਹੈ।
ਇਸ ਦੇ ਜਵਾਬ ’ਚ ਮੁੰਬਈ ਮਹਾਨਗਰ ਖੇਤਰ ਵਿਕਾਸ ਅਥਾਰਟੀ (ਐੱਮ. ਐੱਮ. ਆਰ. ਡੀ.ਏ.) ਨੇ ਸਫਾਈ ਦਿੰਦੇ ਹੋਏ ਕਿਹਾ ਕਿ ‘ਅਟਲ ਸੇਤੂ’ ਨੂੰ ਜੋੜਣ ਵਾਲੀ ਅਪ੍ਰੋਚ ਰੋਡ ’ਤੇ ਮਾਮੂਲੀ ਤਰੇੜਾਂ ਦੇਖੀਆਂ ਗਈਆਂ ਹਨ। ਵਰਨਣਯੋਗ ਹੈ ਕਿ ‘ਅਟਲ ਸੇਤੂ’ ਦਾ ਉਦਘਾਟਨ 12 ਜਨਵਰੀ, 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।
* 22 ਜੂਨ, 2024 ਨੂੰ ਬਿਹਾਰ ਦੇ ਸੀਵਾਨ ਜ਼ਿਲੇ ’ਚ ‘ਦਾਰੌਂਦਾ’ ਅਤੇ ‘ਮਹਾਰਾਜਗੰਜ’ ਬਲਾਕ ਦੇ ਪਿੰਡਾਂ ਨੂੰ ਜੋੜਣ ਵਾਲੇ ਇਕ ਛੋਟੇ ਪੁਲ ਦੇ ਖੰਭੇ ਪਾਣੀ ਛੱਡੇ ਜਾਣ ਦਾ ਵਹਾਅ ਬਰਦਾਸ਼ਤ ਨਾ ਕਰ ਸਕਣ ਕਾਰਨ ਡਿੱਗ ਗਏ, ਜਿਸ ਕਾਰਨ ਪੁਲ ਢਹਿ ਗਿਆ।
* 22-24 ਜੂਨ, 2024 ਦੀ ਦਰਮਿਆਨੀ ਰਾਤ ਨੂੰ ਭਗਵਾਨ ਰਾਮ ਦੀ ਨਗਰੀ ਅਯੁੱਧਿਆ ’ਚ ਮੌਸਮ ਦੀ ਪਹਿਲੀ ਹੀ ਵਰਖਾ ਦੇ ਸਿੱਟੇ ਵਜੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ‘ਰਾਮਪੱਥ’ ਦੇ ਕਈ ਥਾਵਾਂ ਤੋਂ ਧੱਸ ਜਾਣ ਦੀਆਂ ਖਬਰਾਂ ਮਿਲੀਆਂ ਹਨ। ਕੁਝ ਥਾਵਾਂ ’ਤੇ ਤਾਂ ਸੜਕ ਦਾ ਪੂਰਾ ਹਿੱਸਾ ਹੀ ਧੱਸ ਗਿਆ ਹੈ।
ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਦੁਬਾਰਾ ਬਣਾਏ ਗਏ ਅਯੁੱਧਿਆ ਧਾਮ ਰੇਲਵੇ ਸਟੇਸ਼ਨ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ 30 ਦਸੰਬਰ ਨੂੰ ਕੀਤਾ ਸੀ, ਦੀ ਚਾਰਦੀਵਾਰੀ ਵੀ ਪਹਿਲੇ ਹੀ ਮੀਂਹ ’ਚ ਢਹਿ ਗਈ।
ਵਰਣਯੋਗ ਹੈ ਕਿ ‘ਰਾਮਪਥ’ ਦੀ ਗੁਣਵੱਤਾ ਅਤੇ ਬਣਤਰ ’ਤੇ ਜਾਣਕਾਰਾਂ ਨੇ ਪਹਿਲਾਂ ਹੀ ਸਵਾਲ ਉਠਾਇਆ ਸੀ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।
ਇਹੀ ਨਹੀਂ, ਰਾਮ ਮੰਦਰ ਦੇ ਉਦਘਾਟਨ ਨੂੰ ਅਜੇ 6 ਮਹੀਨੇ ਵੀ ਨਹੀਂ ਬੀਤੇ ਹਨ ਤੇ ਪਹਿਲੀ ਹੀ ਵਰਖਾ ’ਚ ਮੰਦਰ ਦੀ ਛੱਤ ਟਪਕਣ ਲੱਗੀ ਹੈ। ਭਗਵਾਨ ਦੇ ਮੰਦਰ ਦੇ ਠੀਕ ਸਾਹਮਣੇ ਪੁਜਾਰੀਆਂ ਦੇ ਬੈਠਣ ਵਾਲੀ ਥਾਂ ’ਤੇ ਛੱਤ ਤੋਂ ਪਾਣੀ ਟਪਕਿਆ। ਵੀ. ਆਈ. ਪੀ. ਦਰਸ਼ਨਾਂ ਲਈ ਲੱਗੀ ਲਾਈਨ ’ਚ ਵੀ ਪਾਣੀ ਟਪਕਿਆ। ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤਯੇਂਦਰ ਦਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਉਸਾਰੀ ’ਚ ਲਾਪ੍ਰਵਾਹੀ ਹੋਈ ਹੈ।
* 23 ਜੂਨ, 2024 ਨੂੰ ਬਿਹਾਰ ਦੇ ਹੀ ਪੂਰਬੀ ਚੰਪਾਰਨ ਜ਼ਿਲੇ ਦੇ ‘ਘੋੜਾਸਹਨ’ ’ਚ ‘ਅਮਵਾ’ ਪਿੰਡ ਨੂੰ ਖੇਤਰ ਦੇ ਹੋਰ ਪਿੰਡਾਂ ਨਾਲ ਜੋੜਣ ਲਈ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਕ ਛੋਟਾ ਪੁਲ ਢਹਿ ਗਿਆ। (ਵਰਨਣਯੋਗ ਹੈ ਕਿ ਸਿਰਫ ਇਕ ਹਫਤੇ ਅੰਦਰ ਹੀ ਬਿਹਾਰ ’ਚ 3 ਪੁਲ ਰੁੜ੍ਹ ਗਏ ਹਨ)।
* 23 ਜੂਨ, 2024 ਨੂੰ ਮੱਧ ਪ੍ਰਦੇਸ਼ ਦੇ ‘ਕਟਨੀ’ ’ਚ ਪਹਿਲੀ ਹੀ ਵਰਖਾ ਨੇ ਨਗਰ ਨਿਗਮ ’ਚ ਪਾਏ ਜਾਂਦੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਦਿੱਤੀ ਅਤੇ ਨਵੀਂ ਬਣੀ ਸੜਕ ਰਾਤੋ-ਰਾਤ 3-4 ਫੁੱਟ ਤੱਕ ਧੱਸ ਕੇ 2 ਹਿੱਸਿਆਂ ’ਚ ਵੰਡੀ ਗਈ।
ਇਹ ਸਾਰਾ ਘਟਨਾਚੱਕਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪੁਲਾਂ ਅਤੇ ਸੜਕਾਂ ਆਦਿ ਦੀ ਉਸਾਰੀ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਘਟੀਆ ਸਮੱਗਰੀ ਦੀ ਵਰਤੋ ਵੱਲ ਸੰਕੇਤ ਕਰਦਾ ਹੈ।
ਇਸ ਲਈ ਇਸ ਮਾਮਲੇ ’ਚ ਜਾਂਚ ਕਰ ਕੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਜਲਦੀ ਤੋਂ ਜਲਦੀ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਕੋਲੋਂ ਇਸ ਮਾਮਲੇ ’ਚ ਹੋਏ ਨੁਕਸਾਨ ਦੀ ਰਕਮ ਵਸੂਲਣ ਦੀ ਲੋੜ ਹੈ।
- ਵਿਜੇ ਕੁਮਾਰ